ਜ਼ਿਮਨੀ ਚੋਣ ਲਈ 55 ਫੀਸਦੀ ਤੋਂ ਵੀ ਘੱਟ ਪੋਲਿੰਗ

ਗੁਰਦਾਸਪੁਰ/ਧਾਰੀਵਾਲ/ਦੀਨਾਨਗਰ (ਐਲਬਰਟ/ਮਨਦੀਪ ਵਿੱਕੀ/ਸਰਬਜੀਤ ਸਾਗਰ)
ਗੁਰਦਾਸਪੁਰ ਜ਼ਿਮਨੀ ਚੋਣ ਲਈ ਵੋਟਰਾਂ ਵੱਲੋਂ ਕੋਈ ਖਾਸ ਉਤਸ਼ਾਹ ਨਹੀਂ ਦਿਖਾਇਆ ਗਿਆ। ਸਰਕਾਰੀ ਅੰਕੜਿਆਂ ਮੁਤਾਬਿਕ ਇਸ ਚੋਣ ਵਿੱਚ 55 ਫੀਸਦੀ ਤੋਂ ਘੱਟ ਪੋਲਿੰਗ ਰਹੀ। ਇਸ ਚੋਣ ਵਿੱਚ ਖਾਸ ਤੌਰ 'ਤੇ ਨੌਜਵਾਨਾਂ ਅਤੇ ਔਰਤਾਂ ਵੱਲੋਂ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ ਗਈ। ਛਿੱਟ-ਪੁੱਟ ਘਟਨਾਵਾਂ ਤੋਂ ਇਲਾਵਾ ਇਹ ਚੋਣ ਅਮਨ-ਅਮਾਨ ਨਾਲ ਮੁਕੰਮਲ ਹੋ ਗਈ। ਕੁਝ ਥਾਵਾਂ 'ਤੇ ਅਕਾਲੀ ਦਲ ਅਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਝੜਪਾਂ ਹੋਈਆਂ, ਜਦਕਿ ਕੁਝ ਥਾਵਾਂ 'ਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਖਰਾਬ ਹੋਣ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ।
ਘੱਟ ਵੋਟਿੰਗ ਕਾਰਨ ਕਾਰਨ ਪ੍ਰਸ਼ਾਸਨ 'ਤੇ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ, ਕੀ ਉਹ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਨਹੀਂ ਕਰ ਸਕਿਆ ਜਾਂ ਕਹਿ ਲਈਏ ਕਿ ਲੋਕ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਖੁਸ਼ ਨਹੀਂ ਹਨ।।
ਜ਼ਿਕਰਯੋਗ ਹੈ ਕਿ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਖਾਲੀ ਹੋਈ ਗੁਰਦਾਸਪੁਰ ਦੀ ਸੀਟ 'ਤੇ ਬੁੱਧਵਾਰ ਨੂੰ ਉਪ ਚੋਣ ਲਈ ਲੋਕਾਂ ਵੱਲੋਂ ਵੋਟਾਂ ਪਾਈਆਂ ਗਈਆਂ, ਪਰ ਲੋਕਾਂ ਵੱਲੋਂ ਇਸ ਚੋਣ ਲਈ ਨਾ ਤਾਂ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਨਾ ਹੀ ਲੋਕਾਂ ਵੱਲੋਂ ਇਸ ਵਿਚ ਦਿਲਚਸਪੀ ਲਈ ਗਈ। ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਨੂੰ ਸਿਰਫ ਡੇਢ ਸਾਲ ਬਾਕੀ ਹੈ ਤਾਂ ਕਰਕੇ ਲੋਕਾਂ ਨੇ ਵੋਟ ਪਾਉਣ ਦੀ ਦਿਲਚਸਪੀ ਨਹੀਂ ਲਈ ਜਾਂ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਖੁਸ਼ ਨਹੀਂ ਹਨ, ਜਿਸ ਕਰਕੇ ਉਹ ਵੋਟ ਪਾਉਣ ਲਈ ਨਹੀਂ ਨਿਕਲੇ, ਜੋ ਇਕ ਦੋਵਾਂ ਸਰਕਾਰਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਇੰਨੀ ਘੱਟ ਪੋਲਿੰਗ ਵਿਚ ਤਿੰਨ ਦਿੱਗਜਾਂ ਵਿਚ ਬਾਜ਼ੀ ਕੌਣ ਮਾਰੇਗਾ। ਜਿਨ੍ਹਾਂ ਦੀ ਕਿਸਮਤ ਦਾ ਫੈਸਲਾ 15 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਦੇਖਣ ਨੂੰ ਮਿਲੇਗਾ।ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਛਿੱਟ-ਪੁੱਟ ਘਟਨਾਵਾਂ ਨੂੰ ਛੱਡ ਕੇ ਸ਼ਾਂਤੀ ਪੁਰਵਕ ਸੰਪੰਨ ਹੋ ਗਈ। ਇਸ ਜ਼ਿਮਨੀ ਚੋਣ ਵਿਚ ਲੋਕਾਂ ਦਾ ਵੋਟ ਪਾਉਣ ਸੰਬੰਧੀ ਉਤਸ਼ਾਹ ਬਹੁਤ ਹੀ ਘੱਟ ਦੇਖਣ ਨੂੰ ਮਿਲਿਆ। ਪਿਛਲੀਆਂ ਚੋਣਾ ਦੌਰਾਨ ਪੋਲਿੰਗ ਬੂਥਾਂ 'ਤੇ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲਦੀਆਂ ਸਨ, ਉਥੇ ਇਸ ਵਾਰ ਕੋਈ ਵੀ ਕਤਾਰ ਵੇਖਣ ਨੂੰ ਨਹੀਂ ਮਿਲੀ। ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਚੋਣਾਂ ਵਿਚ ਸ਼ਾਮ ਨੂੰ ਲੰਮੀਆਂ ਕਤਾਰਾਂ ਹੋਣ ਦੇ ਕਾਰਨ ਵੋਟਾਂ ਦਾ ਸਮÎਾਂ ਬੰਦ ਹੋਣ ਦੇ ਬਾਵਜੂਦ ਨਿਰਧਾਰਤ ਸਮੇਂ ਦੇ 2 ਘੰਟੇ ਬਾਅਦ ਵੀ ਪੋਲਿੰਗ ਹੁੰਦੀ ਰਹਿੰਦੀ ਸੀ, ਪਰ ਇਸ ਵਾਰ ਵੋਟਿੰਗ ਬੰਦ ਹੋਣ ਦੇ ਨਿਰਧਾਰਤ ਸਮੇਂ ਸ਼ਾਮ 5 ਵਜੇ ਤੱਕ ਹੀ ਵੋਟਾਂ ਦਾ ਕੰਮ ਖਤਮ ਹੋ ਗਿਆ । ਇਸ ਤੋਂ ਲਗਦਾ ਹੈ ਕਿ ਇਹਨਾਂ ਜ਼ਿਮਨੀ ਚੋਣਾਂ ਵਿਚ ਲੋਕਾਂ ਨੇ ਕੋਈ ਮਹਤੱਵ ਨਹੀਂ ਦਿੱਤਾ।
ਇਹ ਜ਼ਿਕਰਯੋਗ ਹੈ ਕਿ ਸ਼ਹਿਰ ਧਾਰੀਵਾਲ ਦੇ 2-3 ਬੂਥਾਂ 'ਤੇ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਵਰਕਰਾਂ ਵਿਚ ਤਕਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਵੀ ਪਤਾ ਲਗਾ ਹੈ ਕਿ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਪਿੰਡ ਪਾਹੜਾ ਦੇ ਬੂਥ ਨੰਬਰ 51 ਦੀ ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਕਾਲੀ ਅਤੇ ਕਾਂਗਰਸੀ ਵਰਕਰ ਆਪਸ ਵਿਚ ਭਿੜ ਗਏ, ਜਿਸ ਵਿਚ ਤੇਜ਼ ਹਥਿਆਰਾ ਦੀ ਵਰਤੋਂ ਕਰਨ ਕਰਕੇ 4 ਅਕਾਲੀ ਵਰਕਰ ਜ਼ਖਮੀ ਹੋ ਗਏ, ਜਿਨਾ੍ਹ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਇਸੇ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ ਸੁਰੇਸ਼ ਖਜੂਰੀਆ ਨੇ ਪੋਲਿੰਗ ਦੌਰਾਨ ਪਠਾਨਕੋਟ ਦੇ ਇਕ ਬੂਥ 'ਤੇ ਹੋਈ ਗੜਬੜੀ ਦਾ ਦੋਸ਼ ਲਗਾਇਆ ਹੈ, ਜਿਸ ਦੀ ਸ਼ਿਕਾਇਤ ਉਨਾ੍ਹ ਨੇ ਚੋਣ ਕਮਿਸ਼ਨਰ ਨੂੰ ਪੱਤਰ ਭੇਜ ਕੇ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਕਾਂਗਰਸ ਏਜੰਟ ਪੋਲਿੰਗ ਬੂਥ ਦੇ ਅੰਦਰ ਵੋਟਰਾਂ ਨੂੰ ਲੈ ਕੇ ਜਾ ਰਿਹਾ ਹੈ। ਇਹ ਵੀ ਪੱਤਾ ਲਗਾ ਹੈ ਕਿ ਪੋਲਿੰਗ ਦੌਰਾਨ ਕਈ ਏ ਵੀ ਐਮ ਮਸ਼ੀਨਾਂ ਵਿਚ ਖਰਾਬੀ ਹੋਣ ਕਰਕੇ ਪੋਲਿੰਗ ਵਿਚ ਅੜਚਣ ਆਈ ਹੈ।
ਦੀਨਾਨਗਰ ਵਿਧਾਨ ਸਭਾ ਖੇਤਰ ਦੇ ਬੂਥ ਨੰਬਰ 33,34,35 ਅਤੇ ਪਿੰਡ ਮਰਾੜਾ ਵਿਚ ਵੋਟਿੰਗ ਮਸ਼ੀਨ ਵਿਚ ਖਰਾਬੀ ਦੇ ਕਾਰਨ ਵੋਟਿੰਗ ਦੇਰ ਨਾਲ ਸ਼ੁਰੂ ਹੋਈ। ਇਸੇ ਤਰ੍ਹਾਂ ਪਿੰਡ ਚੋਤਾ ਦੇ ਬੂਥ ਨੰਬਰ 200 ਅਤੇ 201 ਤੇ ਵੀ ਏ ਵੀ ਐਮ ਮਸ਼ੀਨਾਂ ਖਰਾਬ ਹੋਣ ਕਰਕੇ ਪੋਲਿੰਗ ਗਭਗ ਸਵਾ ਘੰਟਾ ਲੇਟ ਸ਼ੁਰੂ ਹੋਈ।
ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਜਾਰੀ ਹਨ, ਓਥੇ ਹੀ ਕਈ ਥਾਈਂ ਛੋਟੇ ਮੋਟੇ ਝਗੜੇ ਵੀ ਹੋ ਰਹੇ ਹਨ। ਇਲਜ਼ਾਮ ਹੈ ਕਿ ਪਿੰਡ ਪਾਹੜਾ ਦੇ ਬੂਥ ਨੰ. 51 'ਤੇ ਹੋਏ ਵਿਵਾਦ ਵਿਚ ਸਾਬਕਾ ਅਕਾਲੀ ਸਰਪੰਚ ਨੂੰ ਜ਼ਖਮੀ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਪੀੜਤ ਧਿਰ ਨੇ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਹੈ।
ਗੁਰਦਾਸਪੁਰ ਚੋਣ ਨੂੰ ਸ਼ਾਂਤੀਪੂਰਨ ਕਰਵਾਉਣ ਲਈ ਚੋਣ ਕਮਿਸ਼ਨ ਵੱਲੋਂ ਵੱਡੇ ਪੱਧਰ 'ਤੇ ਪੁਲਸ ਤੇ ਪੈਰਾ ਮਿਲਟਰੀ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ। ਕਮਿਸ਼ਨ ਨੇ ਅਤੀ ਸੰਵੇਦਨਸ਼ੀਲ ਬੂਥਾਂ ਨੂੰ ਸੁਰੱਖਿਆ ਦੀ ਜ਼ਿਆਦਾ ਤਰਜੀਹ ਦਿੱਤੀ ਹੈ। ਕਮਿਸ਼ਨ ਦੇ ਮੁਖੀ ਵੀ ਕੇ ਸਿੰਘ ਨੇ ਕਿਹਾ ਸੀ ਕਿ ਚੋਣ 'ਚ ਹਿੰਸਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਇਸ ਲਈ ਸਾਡੇ ਵੱਲੋਂ ਹਰ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਮਾਝੇ ਇਲਾਕੇ 'ਚ ਚੋਣ ਸਮੇਂ ਪਹਿਲਾਂ ਵੀ ਹਿੰਸਾ ਦੀਆਂ ਘਟਨਾਵਾਂ ਜ਼ਿਆਦਾ ਸਾਹਮਣੇ ਆਉਂਦੀਆਂ ਹਨ ਤੇ ਇਸੇ ਨੂੰ ਧਿਆਨ 'ਚ ਰੱਖਦਿਆਂ ਹੀ ਕਮਿਸ਼ਨ ਪੂਰੀ ਤਰ੍ਹਾਂ ਸਰਗਰਮ ਹੈ। ਕਮਿਸ਼ਨ ਦੀ ਸ਼ਖ਼ਤੀ ਦਾ ਹੀ ਨਤੀਜਾ ਹੈ ਕਿ ਕੋਈ ਵੀ ਵੱਡੀ ਰੌਲੇ-ਰੱਪੇ ਵਾਲੀ ਘਟਨਾ ਸਾਹਮਣੇ ਨਹੀਂ ਆਈ ਹੈ।।
'ਆਪ' ਉਮੀਦਵਾਰ ਸੁਰੇਸ਼ ਖਜੂਰੀਆ ਵੱਲੋਂ ਚੋਣ ਕਮਿਸ਼ਨ ਦੇ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਗਈ ਹੈ। ਦਰ ਅਸਲ ਵੋਟ ਪਾਉਣ ਦੌਰਾਨ ਕਾਂਗਰਸ ਪਾਰਟੀ ਦਾ ਪੋਲਿੰਗ ਏਜੰਟ ਕੋਲ ਖੜਾ ਹੋਣ ਕਾਰਨ ਸੁਰੇਸ਼ ਖਜੂਰੀਆ ਭੜਕ ਗਏ ਤੇ ਉਨ੍ਹਾਂ ਵੋਟ ਪਾਉਣ ਸਮੇਂ ਕਾਫੀ ਹੰਗਾਮਾ ਕੀਤਾ। ਸੁਰੇਸ਼ ਖਜੂਰੀਆ ਨੇ ਇਸ ਸੰਬੰਧੀ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਵੋਟ ਲੋਕਾਂ ਦਾ ਨਿੱਜੀ ਮਸਲਾ ਹੈ ਤੇ ਇਸੇ ਲਈ ਚੋਣ ਕਮਿਸ਼ਨ ਕਿਸੇ ਨੂੰ ਇਹ ਪਤਾ ਨਹੀਂ ਲੱਗਣ ਦਿੰਦਾ ਕਿ ਕਿਸ ਵਿਅਕਤੀ ਨੇ ਕਿਸ ਨੂੰ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੋਲਿੰਗ ਏਜੰਟ ਲੋਕਾਂ ਦੇ ਇਸ ਅਧਿਕਾਰ ਦੀਆਂ ਧੱਜੀਆਂ ਉਡਾ ਰਹੇ ਹਨ, ਕਿਉਂਕਿ ਉਹ ਵੋਟ ਪਾਉਣ ਵਾਲੇ ਦੇ ਬਿਲਕੁਲ ਨਜ਼ਦੀਕ ਆ ਕੇ ਖੜੇ ਹੋ ਜਾਂਦੇ ਹਨ।। ਦਰ ਅਸਲ ਸੁਰੇਸ਼ ਖਜੂਰੀਆਂ ਫੌਜ 'ਚੋਂ ਵੱਡੇ ਅਹੁਦੇ ਤੋਂ ਰਿਟਾਇਰ ਹੋਏ ਹਨ ਤੇ ਇਲਾਕੇ 'ਚ ਉਨ੍ਹਾਂ ਦੀ ਪਛਾਣ ਲੋਕ ਹੱਕਾਂ ਪਿੱਛੇ ਲੜਨ ਦੀ ਰਹੀ ਹੈ। ਉਹ ਹਮੇਸ਼ਾਂ ਅਜਿਹੇ ਮਸਲਿਆਂ 'ਤੇ ਪਹਿਲਾਂ ਵੀ ਡੱਟਦੇ ਰਹੇ। ਅੱਜ ਚੋਣ ਮੌਕੇ ਵੀ ਉਨ੍ਹਾਂ ਆਪਣਾ ਉਹੀ ਰੰਗ ਦਿਖਾ ਦਿੱਤਾ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਂਚ ਦਾ ਪੂਰਨ ਭਰੋਸਾ ਦਿਵਾਇਆ ਹੈ.
ਲੋਕ ਸਭਾ ਹਲਕਾ ਗੁਰਦਾਸਪੁਰ ਦੀ ਹੋ ਰਹੀ ਜ਼ਿਮਨੀ ਚੋਣ ਦੌਰਾਨ ਇਥੋਂ ਨੇੜਲੇ ਪਿੰਡ ਖਾਨਮਲਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪਿੰਡ ਤਲਵੰਡੀ ਬਥੁੱਨਗੜ੍ਹ ਦੇ ਲੱਗੇ ਬੂਥ 'ਤੇ ਕਾਂਗਰਸ ਪਾਰਟੀ ਦੇ ਸਮੱਰਥਕਾਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕਾਰਨ ਅਕਾਲੀ ਦਲ ਬਾਦਲ ਅਤੇ ਕਾਂਗਰਸੀ ਸਮੱਰਥਕਾਂ ਵਿੱਚ ਝਗੜਾ ਹੋ ਗਿਆ। ਦੱਸਣਯੋਗ ਹੈ ਕਿ ਉੱਕਤ ਸਕੂਲ ਵਿੱਚ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਦੋ ਪੋਲਿੰਗ ਬੂਥ ਹਨ, ਜਿਨ੍ਹਾਂ ਵਿੱਚ ਬੂਥ ਨੰਬਰ 73 ਹਲਕਾ ਕਾਦੀਆਂ ਦੇ ਪਿੰਡ ਖਾਨਮਲਕ ਦਾ ਹੈ, ਦਸੂਰਾ ਬੂਥ ਨੰਬਰ 28 ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਅਖੀਰਲੇ ਪਿੰਡ ਤਲਵੰਡੀ ਬਥੁੱਨਗੜ੍ਹ ਦਾ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਤਲੰਵਡੀ ਬਥੁੱਨਗੜ੍ਹ ਬੂਥ ਨੰਬਰ 28 'ਤੇ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸਵਰਨ ਸਲਾਰੀਆ ਦੇ ਪੋਲਿੰਗ ਏਜੰਟ ਬਣੇ ਸਾਬਕਾ ਸਰਪੰਚ ਅਵਤਾਰ ਸਿੰਘ ਅਤੇ ਦੂਸਰੇ ਪਾਸੇ ਕਾਂਗਰਸੀ ਉਮੀਦਵਾਰ ਦੇ ਦੋ ਪੋਲਿੰਗ ਏਜੰਟ ਸਨ।
ਪੋਲਿੰਗ ਏਜੰਟ ਸਾਬਕਾ ਸਰੰਪਚ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਨੂੰ ਕਾਂਗਰਸ ਪਾਰਟੀ ਦੇ ਸਮੱਰਥਕ ਰਣਜੋਧ ਸਿੰਘ ਅਤੇ ਪ੍ਰਭਜੋਤ ਸਿੰਘ ਬੱਬਲੂ ਪੁਤਰਾਨ ਤਰਸੇਮ ਸਿੰਘ ਵਾਸੀ ਤਲਵੰਡੀ ਬਥੁੱਨਗੜ੍ਹ ਸਵੇਰੇ ਵੋਟਾਂ ਪੈਣ ਤੋਂ ਪਹਿਲਾਂ ਹੀ ਕਰੀਬ 7:30 ਵਜੇ ਕਹਿਣ ਲੱਗੇ ਕਿ ਤੂੰ ਇਥੋਂ ਚਲਾ ਜਾ, ਅਸੀਂ ਅਕਾਲੀ ਦਲ ਬਾਦਲ ਦਾ ਕੋਈ ਏਜੰਟ ਪੋਲਿੰਗ ਬੂਥ ਦੇ ਅੰਦਰ ਨਹੀਂ ਬੈਠਣ ਦੇਣਾ ਅਤੇ ਆਪਣੀ ਮਨਮਰਜ਼ੀ ਨਾਲ ਵੋਟਾਂ ਪਵਾਉਣੀਆਂ ਹਨ, ਪਰ ਜਦੋਂ ਮੈਂ ਇਥੋਂ ਜਾਣ ਦਾ ਵਿਰੋਧ ਕੀਤਾ, ਤਾਂ ਉਹ ਮੇਰੇ ਗੱਲ ਪੈ ਗਏ ਅਤੇ ਆਪਣੇ ਹੋਰ ਸਾਥੀਆਂ ਸਮੇਤ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮੇਰੇ ਪਿੰਡ ਦੇ ਹੀ ਕੁਝ ਲੋਕਾਂ ਅਤੇ ਦੂਸਰੇ ਪਿੰਡ ਖਾਨਮਲਕ ਦੇ ਪੋਲਿੰਗ ਬੂਥ ਦੇ ਕੁਝ ਲੋਕਾਂ ਨੇ ਬੜੀ ਮੁਸ਼ਕਲ ਨਾਲ ਉੱਕਤ ਕਾਂਗਰਸੀ ਸਮੱਰਥਕਾਂ ਕੋਲੋਂ ਮੇਰੀ ਜਾਨ ਬਚਾਈ, ਪਰ ਪੋਲਿੰਗ ਬੂਥ 'ਤੇ ਡਿਊਟੀ ਕਰ ਰਿਹਾ ਪੰਜਾਬ ਪੁਲਸ ਦਾ ਹੌਲਦਾਰ ਦਲਜੀਤ ਸਿੰਘ ਮੂਕ ਦਰਸ਼ਕ ਬਣ ਕੇ ਵੇਖਦਾ ਰਿਹਾ। ਸਾਬਕਾ ਸਰਪੰਚ ਅਵਤਾਰ ਸਿੰਘ ਨੇ ਚੋਣ ਕਮਿਸ਼ਨਰ ਅਤੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਗੁੰਡਾਗਰਦੀ ਕਰਨ ਵਾਲੇ ਉੱਕਤ ਕਾਂਗਰਸੀ ਸਮੱਰਥਕਾਂ ਅਤੇ ਡਿਊਟੀ ਦੌਰਾਨ ਅਣਗਹਿਲੀ ਵਰਤਣ ਵਾਲੇ ਪੁਲਸ ਕਰਮਚਾਰੀ 'ਤੇ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਪਿੰਡ ਖਾਨਮਲਕ ਦੇ ਬੂਥ 'ਤੇ ਖੜੇ ਵਿਧਾਨ ਸਭਾ ਹਲਕਾ ਕਾਦੀਆਂ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਜੱਗਬੀਰ ਸਿੰਘ ਖਾਨਮਲਕ, ਮੌਜੂਦਾ ਸਰਪੰਚ ਗੁਰਨਾਮ ਸਿੰਘ ਖਾਨਮਲਕ ਅਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਚਾਹਲ ਨੇ ਵੀ ਮੀਡੀਆ ਨੂੰ ਦੱਸਿਆ ਕਿ ਤਲਵੰਡੀ ਬਥੁੱਨਗੜ ਦੇ ਬੂਥ 'ਤੇ ਡਿਊਟੀ ਕਰ ਰਹੇ ਹੌਲਦਾਰ ਦੀ ਅਣਗਹਿਲੀ ਕਾਰਨ ਹੀ ਝਗੜਾ ਹੋਇਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਬੰਧਤ ਪੁਲਸ ਥਾਣਾ ਤਿੱਬੜ ਦੇ ਐੱਸ ਐੱਸ ਓ ਅਮਨਦੀਪ ਸਿੰਘ ਨੇ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਸਾਬਕਾ ਸਰਪੰਚ ਅਵਤਾਰ ਸਿੰਘ ਅਤੇ ਵਿਰੋਧੀ ਸਮੱਰਥਕ ਰਣਜੋਧ ਸਿੰਘ, ਪ੍ਰਭਜੋਤ ਸਿੰਘ ਨੂੰ ਬੂਥ ਤੋਂ ਬਾਹਰ ਕੱਢ ਕੇ ਪੋਲਿੰਗ ਸ਼ੁਰੂ ਕਰਵਾ ਦਿੱਤੀ। ਇਸ ਤੋਂ ਮਗਰੋਂ ਡੀ ਐੱਸ ਪੀ ਅਜਾਦ ਦਵਿੰਦਰ ਸਿੰਘ ਨੇ ਵੀ ਇਸ ਪੋਲਿੰਗ ਬੂਥ ਦਾ ਦੌਰਾ ਕਰਕੇ ਅਮਨ-ਸ਼ਾਂਤੀ ਨਾਲ ਵੋਟਾਂ ਪਾਉਣ ਦੀ ਅਪੀਲ ਕੀਤੀ।