ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ ਨਬਾਲਗ ਪਤਨੀ ਨਾਲ ਸੰਭੋਗ ਮੰਨਿਆ ਜਾਵੇਗਾ ਬਲਾਤਕਾਰ


ਨਵੀਂ ਦਿੱਲੀ,
(ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਨੇ ਨਬਾਲਗ ਪਤਨੀ ਨਾਲ ਸਰੀਰਕ ਸੰਬੰਧਾਂ ਬਾਰੇ ਵੱਡਾ ਫ਼ੈਸਲਾ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਨਬਾਲਗ ਪਤਨੀ ਨਾਲ ਸਰੀਰਕ ਸੰਬੰਧ ਨੂੰ ਬਲਾਤਕਾਰ ਮੰਨਿਆ ਜਾਵੇਗਾ। ਸੁਪਰੀਮ ਕੋਰਟ ਨੇ ਆਈ ਪੀ ਸੀ ਦੀ ਧਾਰਾ 375 (2) ਨੂੰ ਗ਼ੈਰ ਸੰਵਿਧਾਨਕ ਦਸਿਆ ਕਿ ਜਿਸ ਅਨੁਸਾਰ 15 ਤੋਂ 18 ਸਾਲ ਦੀ ਨਬਾਲਗ ਪਤਨੀ ਨਾਲ ਜੇ ਪਤੀ ਸੰਬੰਧ ਬਣਾਉਂਦਾ ਹੈ ਤਾਂ ਉਸ ਨੂੰ ਬਲਾਤਕਾਰ ਨਹੀਂ ਮੰਨਿਆ ਜਾਵੇਗਾ। ਅਦਾਲਤ ਨੇ ਕਿਹਾ ਕਿ ਬਾਲ ਵਿਆਹ ਕਾਨੂੰਨ ਮੁਤਾਬਕ ਸ਼ਾਦੀ ਲਈ ਮਹਿਲਾ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਜੇ ਨਬਾਲਗ ਪਤਨੀ ਇੱਕ ਸਾਲ 'ਚ ਸ਼ਿਕਾਇਤ ਕਰਦੀ ਹੈ ਤਾਂ ਪਤੀ 'ਤੇ ਬਲਾਤਕਾਰ ਦਾ ਮੁਕੱਦਮਾ ਹੋਵੇਗਾ।
ਸਰਕਾਰ ਨੇ ਅਦਾਲਤ 'ਚ ਅਪੀਲ ਕੀਤੀ ਕਿ ਇਸ ਧਾਰਾ ਨੂੰ ਰੱਦ ਨਾ ਕੀਤਾ ਜਾਏ ਅਤੇ ਸਰਕਾਰ ਨੂੰ ਇਸ 'ਤੇ ਵਿਚਾਰ ਅਤੇ ਫ਼ੈਸਲਾ ਕਰਨ ਲਈ ਸਮਾਂ ਦਿੱਤਾ ਜਾਵੇ।
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਕਿਹਾ ਸੀ ਕਿ ਬਾਲ ਵਿਆਹ ਇੱਕ ਸਮਾਜਿਕ ਸੱਚਾਈ ਹੈ ਅਤੇ ਇਸ 'ਤੇ ਕਾਨੂੰਨ ਬਣਾਉਣਾ ਸੰਸਦ ਦਾ ਕੰਮ ਹੈ, ਅਦਾਲਤ ਇਸ 'ਚ ਦਖ਼ਲ ਨਹੀਂ ਦੇ ਸਕਦੀ। ਇਸ 'ਤੇ ਅਦਾਲਤ ਨੇ ਕਿਹਾ ਕਿ ਸਤੀ ਪ੍ਰਥਾ ਵੀ ਸਦੀਆਂ ਤੋਂ ਚਲੀ ਆ ਰਹੀ ਸੀ, ਪਰ ਉਸ ਨੂੰ ਵੀ ਖ਼ਤਮ ਕੀਤਾ ਗਿਆ। ਜ਼ਰੂਰੀ ਨਹੀਂ ਕਿ ਜਿਹੜੀ ਪ੍ਰਥਾ ਸਦੀਆਂ ਤੋਂ ਚਲੀ ਆ ਰਹੀ ਹੋਵੇ, ਉਹ ਸਹੀ ਹੋਵੇ। ਅਦਾਲਤ ਨੇ ਇਹ ਗੱਲ ਉਸ ਵੇਲੇ ਆਖੀ ਜਦੋਂ ਸਰਕਾਰ ਵੱਲੋਂ ਦਲੀਲ ਦਿੱਤੀ ਗਈ ਕਿ ਇਹ ਪਰੰਪਰਾ ਸਦੀਆਂ ਤੋਂ ਚਲੀ ਆ ਰਹੀ ਹੈ, ਪਰ ਫੇਰ ਵੀ ਜੇ ਅਦਾਲਤ ਨੂੰ ਲੱਗਦਾ ਹੈ ਕਿ ਇਹ ਸਹੀ ਨਹੀਂ ਹੈ ਤਾਂ ਸੰਸਦ ਇਸ 'ਤੇ ਵਿਚਾਰ ਕਰੇਗੀ।
ਸਰਕਾਰ ਨੇ ਕਿਹਾ ਕਿ ਬਾਲ ਵਿਆਹ ਕਰਾਉਣ 'ਤੇ ਸਖ਼ਤ ਸਜ਼ਾ ਦੀ ਵਿਵਸਥਾ ਹੈ, ਜਿਸ 'ਤੇ ਕਿੰਤੂ ਕਰਦਿਆਂ ਅਦਾਲਤ ਨੇ ਕਿਹਾ ਕਿ ਕੀ 15 ਦਿਨਾਂ ਤੋਂ ਦੋ ਮਹੀਨੇ ਦੀ ਸਜ਼ਾ ਸਖ਼ਤ ਹੈ। ਅਦਾਲਤ ਨੇ ਕਿਹਾ ਕਿ ਭਾਰਤੀ ਦੰਡਾਵਲੀ 'ਚ ਸਖ਼ਤ ਸਜ਼ਾ ਦਾ ਮਤਲਬ ਮੌਤ ਦੀ ਸਜ਼ਾ ਹੈ। ਬਾਲ ਵਿਆਹ ਮਾਮਲੇ 'ਚ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਕਾਨੂੰਨ 'ਚ ਬਾਲ ਵਿਆਹ ਨੂੰ ਅਪਰਾਧ ਮੰਨਿਆ ਗਿਆ ਹੈ, ਪਰ ਇਸ ਦੇ ਬਾਵਜੂਦ ਲੋਕ ਬਾਲ ਵਿਆਹ ਕਰਦੇ ਹਨ। ਅਦਾਲਤ ਨੇ ਕਿਹਾ ਕਿ ਸਾਡੇ ਕੋਲ ਇਸ ਮਾਮਲੇ 'ਚ ਤਿੰਨ ਬਦਲ ਹਨ, ਪਹਿਲਾਂ ਕਿ ਜੇ ਪਤੀ ਬਾਲ ਵਿਆਹ ਦੇ ਮਾਮਲੇ 'ਚ 15 ਤੋਂ 18 ਸਾਲ ਦੀ ਲੜਕੀ ਨਾਲ ਸਰੀਰਕ ਸੰਬੰਧ ਬਣਾਉਣਾ ਹੈ ਤਾਂ ਉਸ ਨੂੰ ਬਲਾਤਕਾਰ ਮੰਨਿਆ ਜਾਵੇ। ਦੂਜਾ ਇਹ ਹੈ ਕਿ ਅਜਿਹਾ ਕਰਨ ਦੀ ਸੂਰਤ 'ਚ ਪਤੀ ਵਿਰੁੱਧ ਪਾਸਕੋ ਤਹਿਤ ਕਾਰਵਾਈ ਕੀਤੀ ਜਾਵੇ ਅਤੇ ਤੀਜਾ ਬਦਲ ਹੈ ਕਿ ਜਿਵੇਂ ਚੱਲ ਰਿਹਾ ਹੈ ਚਲਣ ਦਿੱਤਾ ਜਾਵੇ।
ਪਟੀਸ਼ਨਰ ਵੱਲੋਂ ਕਿਹਾ ਗਿਆ ਸੀ ਕਿ ਬਾਲ ਵਿਆਹ ਨਾਲ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਅਤੇ ਬਾਲ ਵਿਆਹ ਬੱਚਿਆਂ 'ਤੇ ਇੱਕ ਤਰ੍ਹਾਂ ਦਾ ਜੁਰਮ ਹੈ, ਕਿਉਂਕਿ ਘੱਟ ਉਮਰ 'ਚ ਵਿਆਹ 'ਚ ਉਨ੍ਹਾ ਦਾ ਜਿਨਸੀ ਸ਼ੋਸ਼ਣ ਜ਼ਿਆਦਾ ਹੁੰਦਾ ਹੈ, ਅਜਿਹੀ ਹਾਲਤ 'ਚ ਬੱਚਿਆਂ ਦੀ ਰਾਖੀ ਕੀਤੇ ਜਾਣ ਦੀ ਲੋੜ ਹੈ।