ਢਾਈ ਬੰਦੇ ਜਮਹੂਰੀਅਤ ਨੂੰ ਕੁਚਲਦਿਆਂ ਦੇਸ਼ ਦੀ ਅਰਥ ਵਿਵਸਥਾ ਨੂੰ ਤਬਾਹ ਕਰਨ 'ਤੇ ਤੁਲੇ ਹੋਏ ਹਨ : ਹਰਭਜਨ ਸਿੰਘ


ਮੋਗਾ (ਅਮਰਜੀਤ ਬੱਬਰੀ)
ਉੱਘੇ ਕਮਿਊਨਿਸਟ ਅਤੇ ਟ੍ਰਾਂਸਪੋਰਟ ਕਾਮਿਆਂ ਦੇ ਸਿਧਾਂਤਕ ਆਗੂ ਕਾ. ਗੁਰਮੇਲ ਮੋਗਾ ਦੀ ਯਾਦ ਵਿੱਚ ਚੱਲ ਰਹੇ ਦੋ ਰੋਜ਼ਾ ਟ੍ਰੇਨਿੰਗ ਕੈਂਪ ਦੇ ਅੱਜ ਦੂਜੇ ਦਿਨ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿੱਚ ਬਤੌਰ ਅਧਿਆਪਕ ਉਚੇਚੇ ਤੌਰ 'ਤੇ ਪਹੁੰਚੇ ਸਾਬਕਾ ਕੌਮੀ ਕੌਂਸਲ ਮੈਂਬਰ ਸੀ.ਪੀ.ਆਈ. ਕਾ. ਹਰਭਜਨ ਸਿੰਘ ਨੇ ਕਿਹਾ ਕਿ ਗੁਰਮੇਲ ਮੋਗਾ ਦਾ ਜੀਵਨ ਅਮਲ ਸਾਡੇ ਸਭ ਲਈ ਪ੍ਰੇਰਨਾ ਸ੍ਰੋਤ ਹੈ। ਉਨ੍ਹਾਂ ਦੇ ਕੀਤੇ ਕੰਮਾਂ ਅਤੇ ਉਨ੍ਹਾਂ ਦੀ ਵਿਚਾਰਧਾਰਾ ਤੋਂ ਨਵੀਂ ਪੀੜ੍ਹੀ ਹਮੇਸ਼ਾ ਪ੍ਰੇਰਣਾ ਲੈਂਦੀ ਰਹੇਗੀ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਭਾਜਪਾ ਦੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਦੇਸ਼ ਵਿੱਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹ,ੈ ਬਲਕਿ ਸਿਰਫ਼ ਢਾਈ ਬੰਦੇ ਜਮਹੂਰੀਅਤ ਨੂੰ ਕੁਚਲਦਿਆਂ ਦੇਸ਼ ਦੀ ਅਰਥ ਵਿਵਸਥਾ ਨੂੰ ਤਬਾਹ ਕਰਨ 'ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਲੋਕਤੰਤਰੀ ਮਾਨਤਾਵਾਂ ਲਈ ਇਹ ਗੱਲ ਸਭ ਤੋਂ ਘਾਤਕ ਹੈ ਕਿ ਧਰਮ ਦੀ ਸੌੜੇ ਰਾਜਨੀਤਿਕ ਹਿੱਤਾਂ ਲਈ ਵਰਤੋਂ ਕੀਤੀ ਜਾ ਰਹੀ ਹੈ। ਅਜਿਹੇ ਮਾਹੌਲ ਵਿੱਚ ਘੱਟ ਗਿਣਤੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਫਾਸ਼ਿਜਮ ਦਾ ਹਊਆ ਖੜਾ ਕਰਕੇ ਇਸ ਦੀ ਆੜ ਵਿੱਚ ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਕਿਰਤੀਆਂ ਦੇ ਹੱਕਾਂ ਲਈ ਬਣੇ ਕਾਨੂੰਨਾਂ ਦੀ ਭੰਨਤੋੜ ਕਰਕੇ ਉਨ੍ਹਾਂ ਨੂੰ ਸਰਮਾਏਦਾਰਾਂ ਦੇ ਹੱਕ ਵਿੱਚ ਸੋਧਿਆ ਜਾ ਰਿਹਾ ਹੈ। ਨੋਟਬੰਦੀ ਅਤੇ ਜੀ.ਐਸ.ਟੀ. ਨੇ ਦੇਸ਼ ਦਾ ਦੀਵਾਲਾ ਕੱਢ ਕੇ ਰੱਖ ਦਿੱਤਾ ਹੈ। ਅਜਿਹੀ ਸਥਿਤੀ ਵਿੱਚ ਕਿਰਤੀਆਂ ਨੂੰ ਅਜਿਹੀ ਸਰਕਾਰ ਵਿਰੁੱਧ ਚੇਤੰਨ ਲਾਮਬੰਦੀ ਦੀ ਜ਼ਰੂਰਤ ਹੈ। ਇਸ ਮੌਕੇ ਕਾ. ਜਗਦੀਸ਼ ਸਿੰਘ ਚਾਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾ. ਗੁਰਮੇਲ ਮੋਗਾ ਨਿੱਜੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਦੇ ਵਿਰੁੱਧ ਜਿੱਥੇ ਡਟ ਕੇ ਖੜੇ ਸਨ ਉਥੇ ਪਬਲਿਕ ਸੈਕਟਰ ਦੇ ਪੱਕੇ ਹਮਾਇਤੀ ਸਨ। ਉਹ ਬੇਰੁਜ਼ਗਾਰਾਂ ਅਤੇ ਕੰਮ ਵਿੱਚ ਲੱਗੇ ਲੋਕਾਂ ਦੀ ਏਕਤਾ ਦੇ ਹਮਾਇਤੀ ਸਨ। ਉਨ੍ਹਾਂ ਕਿਹਾ ਕਿ 21 ਅਕਤੂਬਰ ਨੂੰ ਸ਼ਹੀਦ ਕਾ. ਨਛੱਤਰ ਸਿੰਘ ਧਾਲੀਵਾਲ ਦੀ ਉਨੱਤੀਵੀਂ ਬਰਸੀ ਬੱਸ ਸਟੈਂਡ ਮੋਗਾ ਵਿੱਚ ਮਨਾਈ ਜਾ ਰਹੀ ਹੈ। ਇਸ ਬਰਸੀ ਦੇ ਸਮਾਗਮ ਨੂੰ ਕੇਂਦਰੀ ਅਤੇ ਸੂਬਾਈ ਆਗੂ ਸੰਬੋਧਨ ਕਰਨਗੇ। ਨਾਟਕ, ਗੀਤ ਅਤੇ ਕੋਰੀਓਗ੍ਰਾਫੀਆਂ ਤੋਂ ਇਲਾਵਾ ਲੰਗਰ ਦਾ ਵੀ ਉਚੇਚਾ ਪ੍ਰਬੰਧ ਕੀਤਾ ਗਿਆ ਹੈ।ਇਸ ਬਰਸੀ ਵਿੱਚ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਕਾਮਿਆਂ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਆਗੂ ਅਤੇ ਵਰਕਰਜ਼ ਵੀ ਸ਼ਮੂਲੀਅਤ ਕਰਨਗੇ।ਇਸ ਮੌਕੇ ਕਾ. ਬਲਕਰਨ ਮੋਗਾ, ਅੰਗਰੇਜ ਸਿੰਘ ਮੁਕਤਸਰ, ਪੋਹਲਾ ਸਿੰਘ ਬਰਾੜ, ਮਨਜੀਤ ਸਿੰਘ ਲੁਧਿਆਣਾ, ਬਚਿੱਤਰ ਸਿੰਘ ਧੋਥੜ, ਸੁਰਿੰਦਰ ਸਿੰਘ ਬਰਾੜ, ਇੰਦਰਜੀਤ ਭਿੰਡਰ, ਬਲਜੀਤ ਸਿੰਘ ਜਗਰਾਉਂ, ਸੁਖਜਿੰਦਰ ਮਹੇਸਰੀ, ਗੁਰਚਰਨ ਕੌਰ, ਗੁਰਮੇਲ ਸਿੰਘ ਮੈਲਡੇ, ਗੁਰਮੇਲ ਸਿੰਘ ਨਾਹਰ ਆਦਿ ਨੇ ਵੀ ਸੰਬੋਧਨ ਕੀਤਾ ।