ਆਖਰ ਪੁਲਸ ਨੇ ਹਨੀਪ੍ਰੀਤ ਦਾ ਅਸਲੀ ਟਿਕਾਣਾ ਲੱਭ ਹੀ ਲਿਆ


ਬਠਿੰਡਾ (ਬਖਤੌਰ ਢਿੱਲੋਂ)
ਆਖਰ ਹਰਿਆਣਾ ਪੁਲਸ ਨੇ ਉਹ ਟਿਕਾਣਾ ਲੱਭ ਹੀ ਲਿਆ, ਹਫ਼ਤੇ ਦੇ ਕਰੀਬ ਜਿੱਥੇ ਹਨੀਪ੍ਰੀਤ ਆਪਣਾ ਸਮਾਂ ਗੁਜ਼ਾਰ ਚੁੱਕੀ ਹੈ। ਰੋਹੀ ਬੀਆਬਾਨ ਵਿੱਚ ਗੁਰਦੁਆਰਾ ਸਾਹਿਬ ਨਜ਼ਦੀਕ ਸਥਿਤ ਇਸ ਟਿਕਾਣੇ ਦੀ ਅਹਿਮੀਅਤ ਇਹ ਵੀ ਹੈ ਕਿ ਕਿਸੇ ਨੂੰ ਵੀ ਇਸ ਥਾਂ 'ਤੇ ਕਥਿਤ ਦੋਸ਼ੀ ਦੇ ਲੁਕੇ ਹੋਣ ਦਾ ਸ਼ੱਕ ਪੈਣ ਦੀ ਗੁੰਜਾਇਸ਼ ਹੀ ਨਹੀਂ ਸੀ ਪੈਦਾ ਹੋ ਸਕਦੀ।
ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ਇੱਕ ਟੋਲੀ ਡੀ ਐੱਸ ਪੀ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਜਦ ਅਚਨਚੇਤ ਇਸ ਜ਼ਿਲ੍ਹੇ ਦੇ ਥਾਣਾ ਨੰਦਗੜ੍ਹ ਤਹਿਤ ਪੈਂਦੇ ਪਿੰਡ ਜੰਗੀਰਾਣਾ ਵਿਖੇ ਜਾ ਪ੍ਰਗਟ ਹੋਈ ਤਾਂ ਆਮ ਲੋਕਾਂ ਵਿੱਚ ਉਤਸੁਕਤਾ ਤੇ ਸੁਗਬਗਾਹਟ ਪੈਦਾ ਹੋਣੀ ਕੁਦਰਤੀ ਸੀ, ਕਿਉਂਕਿ ਇਸ ਟੀਮ ਦੇ ਨਾਲ ਬਲਾਤਕਾਰੀ ਸਾਧ ਗੁਰਮੀਤ ਰਾਮ ਰਹੀਮ ਦੀ ਕਥਿਤ ਮੂੰਹ ਬੋਲੀ ਧੀ ਹਨੀਪ੍ਰੀਤ ਤੇ ਉਸਦੀ ਸਹਿਯੋਗਣ ਸੁਖਦੀਪ ਕੌਰ ਵੀ ਸਨ। ਇਤਿਹਾਸਕ ਗੁਰਦੁਆਰਾ ਸ੍ਰੀ ਰੋਹਿਲਾ ਸਾਹਿਬ ਦੀ ਬਗਲ ਵਿੱਚ ਸਥਿਤ ਇਹ ਘਰ ਪਿੰਡ ਦੇ ਸਾਬਕਾ ਸਰਪੰਚ ਪ੍ਰੀਤ ਸਿੰਘ ਦੇ ਪੋਤਰੇ ਗੁਰਮੀਤ ਸਿੰਘ ਦਾ ਹੈ। ਘਰ ਵਿੱਚ ਮੌਜੂਦ ਗੁਰਮੀਤ ਦੀ ਬਜ਼ੁਰਗ ਮਾਤਾ ਸ਼ਰਨਜੀਤ ਕੌਰ ਨੇ ਦੱਸਿਆ ਕਿ ਹਨੀਪ੍ਰੀਤ ਨੂੰ ਉਸਦੀ ਭਤੀਜ ਨੂੰਹ ਸੁਖਦੀਪ ਕੌਰ, ਜੋ ਡੇਰਾ ਮੁਖੀ ਦੇ ਡਰਾਇਵਰ ਇਕਬਾਲ ਸਿੰਘ ਦੀ ਪਤਨੀ ਹੈ, ਨੇ ਇਹ ਕਹਿੰਦਿਆਂ ਪਰਵਾਰ ਨਾਲ ਮਿਲਾਈ ਕਿ ਉਹ ਉਸਦੀ ਗੂੜ੍ਹੀ ਸਹੇਲੀ ਹੈ।
ਸ਼ਰਨਜੀਤ ਕੌਰ ਅਨੁਸਾਰ ਘਰ ਦਾ ਮੋਢੀ ਉਸਦਾ ਪੁੱਤਰ ਗੁਰਮੀਤ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਲੁਧਿਆਣਾ ਦੇ ਡੀ ਐੱਮ ਸੀ ਹਸਪਤਾਲ ਵਿਖੇ ਹੈ, ਕਿਉਂਕਿ ਉਸਦੀ ਪਤਨੀ ਡਾਢੀ ਬਿਮਾਰ ਹੈ। ਉਹ ਸਕੂਲ ਪੜ੍ਹਦੇ ਆਪਣੇ ਪੋਤੇ-ਪੋਤੀਆਂ ਦੀ ਦੇਖਭਾਲ ਲਈ ਇਕੱਲੀ ਹੀ ਘਰ ਵਿੱਚ ਰਹਿੰਦੀ ਸੀ, ਜਦਕਿ ਹਨੀਪ੍ਰੀਤ ਤੇ ਸੁਖਦੀਪ ਨੇ ਆਪਣਾ ਟਿਕਾਣਾ ਚੁਬਾਰੇ ਵਿੱਚ ਲਾਇਆ ਹੋਇਆ ਸੀ। ਖਾਂਦੇ-ਪੀਂਦੇ ਪਰਵਾਰ ਨਾਲ ਸੰਬੰਧਤ ਇਸ ਮਾਤਾ ਨੇ ਦੱਸਿਆ ਕਿ ਜਦ ਉਸਨੂੰ ਇਹ ਜਾਣਕਾਰੀ ਮਿਲੀ ਕਿ ਉਹਨਾਂ ਦੇ ਘਰ ਵਿੱਚ ਰਹਿਣ ਵਾਲੀ ਲੜਕੀ ਉਹ ਹਨੀਪ੍ਰੀਤ ਹੈ, ਜਿਸਦੀ ਪੁਲਸ ਨੂੰ ਤਲਾਸ਼ ਹੈ ਤਾਂ ਉਸਨੇ ਉਹਨਾਂ ਨੂੰ ਚਲੇ ਜਾਣ ਲਈ ਮਜਬੂਰ ਕਰ ਦਿੱਤਾ।
ਪਿੰਡ ਦੇ ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਪਰਵਾਰ ਦਾ ਡੇਰੇ ਨਾਲ ਦੂਰ ਦਾ ਵੀ ਵਾਸਤਾ ਨਹੀਂ, ਸਗੋਂ ਉਸਦਾ ਸ੍ਰੀ ਗੁਰੂ ਗੰ੍ਰਥ ਸਾਹਿਬ ਵਿੱਚ ਅਕੀਦਾ ਹੈ। ਇਸ ਤੱਥ ਦੀ ਪੁਸ਼ਟੀ ਘਰ ਵਿੱਚ ਮੌਜੂਦ ਸਿੱਖ ਗੁਰੂਆਂ ਦੀਆਂ ਤਸਵੀਰਾਂ ਤੋਂ ਵੀ ਹੁੰਦੀ ਹੈ, ਜਦਕਿ ਡੇਰੇ ਨਾਲ ਸੰਬੰਧਤ ਕੋਈ ਵੀ ਫੋਟੋ ਨਹੀਂ ਸੀ ਲੱਗੀ ਹੋਈ। ਇਸ ਟਿਕਾਣੇ ਦੇ ਮੁਆਇਨੇ ਤੋਂ ਇਹ ਅਹਿਸਾਸ ਵੀ ਹੋਇਆ ਕਿ ਸੁਖਦੀਪ ਅਤੇ ਉਸਦੇ ਪਤੀ ਇਕਬਾਲ ਨੇ ਇਸਦੀ ਚੋਣ ਬੜੀ ਸੋਚ ਸਮਝ ਨਾਲ ਕੀਤੀ ਸੀ, ਕਿਉਂਕਿ ਪਿੰਡ ਤੋਂ ਲੱਗਭੱਗ ਦੋ ਕਿਲੋਮੀਟਰ ਦੂਰ ਅਤੇ ਗੁਰਦੁਆਰਾ ਸਾਹਿਬ ਦੇ ਐਨ ਨਜ਼ਦੀਕ ਹੋਣ ਕਾਰਨ ਕਿਸੇ ਨੂੰ ਵੀ ਇਹ ਸ਼ੱਕ ਨਹੀਂ ਸੀ ਪੈ ਸਕਦਾ ਕਿ ਉਤਰੀ ਭਾਰਤ ਦੀ ਚਰਚਿਤ ਕਥਿਤ ਦੋਸ਼ਣ ਉੱਥੇ ਪਨਾਹ ਲੈ ਸਕਦੀ ਹੈ।
ਸਰਪੰਚ ਨੇ ਦੱਸਿਆ ਕਿ ਪੰਚਕੂਲਾ ਦੀ ਪੁਲਸ ਨੇ ਘਰ ਦਾ ਚੰਗੀ ਤਰ੍ਹਾਂ ਮੁਆਇਨਾ ਕਰਨ ਉਪਰੰਤ ਇਹ ਹਦਾਇਤ ਦਿੱਤੀ ਹੈ ਕਿ ਪੰਚਾਇਤ ਪਰਵਾਰ ਦੇ ਮੁਖੀ ਨੂੰ ਨਾਲ ਲੈ ਕੇ ਜਲਦ ਤੋਂ ਜਲਦ ਟੀਮ ਸਾਹਮਣੇ ਪੇਸ਼ ਹੋਵੇ। ਹਰਿਆਣਾ ਪੁਲਸ ਦੀ ਅੱਜ ਦੀ ਕਾਰਵਾਈ ਏਨੀ ਗੁਪਤ ਸੀ ਕਿ ਆਪਣਾ ਕੰਮ ਨਿਪਟਾਉਣ ਉਪਰੰਤ ਹੀ ਉਸਨੇ ਥਾਣਾ ਨੰਦਗੜ੍ਹ ਦੀ ਪੁਲਸ ਨੂੰ ਆਪਣੇ ਆਉਣ ਸੰਬੰਧੀ ਸੂਚਿਤ ਕੀਤਾ। ਮੀਡੀਆ ਲਈ ਵੀ ਇਹ ਇੱਕ ਅਚੰਭਾ ਸੀ, ਕਿਉਂਕਿ ਪਿਛਲੇ ਦਿਨੀਂ ਜਦ ਇੱਕ ਬੇਅਬਾਦ ਘਰ ਵਿੱਚ ਆਪਣੀ ਰਿਹਾਇਸ਼ ਹੋਣ ਦਾ ਚਕਮਾ ਦੇ ਕੇ ਸੁਖਦੀਪ ਤੇ ਹਨੀਪ੍ਰੀਤ ਪੰਚਕੂਲਾ ਪੁਲਸ ਨੂੰ ਸਥਾਨਕ ਨਵੀਂ ਬਸਤੀ ਵਿਖੇ ਲੈ ਕੇ ਆਈ ਸੀ ਤਾਂ ਪਹਿਲਾਂ ਤੋਂ ਹੀ ਜਾਣਕਾਰੀ ਹੋਣ ਕਾਰਨ ਉਦੋਂ ਜਦ ਹਜ਼ਾਰਾਂ ਲੋਕ ਇਕੱਤਰ ਹੋ ਗਏ ਸਨ ਤਾਂ ਅੱਜ ਦੇ ਛਾਪੇ ਸਮੇਂ ਸਰਪੰਚ ਤੋਂ ਬਗੈਰ ਹੋਰ ਕੋਈ ਵੀ ਮੌਜੂਦ ਨਹੀਂ ਸੀ।