ਏਸ਼ੀਆ ਕੱਪ ਹਾਕੀ; ਭਾਰਤ ਵੱਲੋਂ ਜੇਤੂ ਸ਼ੁਰੂਆਤ


ਢਾਕਾ, (ਨਵਾਂ ਜ਼ਮਾਨਾ ਸਰਵਿਸ)
ਭਾਰਤ ਨੇ 29ਵੇਂ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਵਰਲਡ ਰੈਟਿੰਗ 'ਚ ਛੇਵੇਂ ਨੰਬਰ ਦੀ ਟੀਮ ਭਾਰਤ ਨੇ ਜਪਾਨ ਨੂੰ 5-1 ਨਾਲ ਹਰਾਇਆ। ਢਾਕਾ 'ਚ ਖੇਡੇ ਜਾ ਰਹੇ ਇਸ ਟੂਰਨਾਮੈਂਟ 'ਚ ਭਾਰਤ ਵੱਲੋਂ ਹਰਮਨਪ੍ਰੀਤ ਸਿੰਘ ਨੇ ਦੋ, ਐਸ ਵੀ ਸੁਨੀਲ, ਲਲਿਤ ਉਪਾਧਿਆਏ ਅਤੇ ਰਮਨਦੀਪ ਸਿੰਘ ਨੇ 1-1 ਗੋਲ ਕੀਤਾ, ਜਦਕਿ ਜਪਾਨ ਵੱਲੋਂ ਇੱਕੋ-ਇੱਕ ਗੋਲ ਨਿਤਾ ਜਾਤੋ ਨੇ ਕੀਤਾ। ਭਾਰਤ ਦਾ ਅਗਲਾ ਮੁਕਾਬਲਾ 13 ਅਕਤੂਬਰ ਨੂੰ ਮੇਜ਼ਬਾਨ ਬੰਗਲਾਦੇਸ਼ ਨਾਲ ਹੋਵੇਗਾ।
ਅੱਜ ਦੇ ਮੈਚ 'ਚ ਭਾਰਤ ਨੇ ਮੈਚ ਸ਼ੁਰੂ ਹੁੰਦਿਆਂ ਹੀ ਹਮਲਾ ਕੀਤਾ ਅਤੇ ਤੀਜੇ ਹੀ ਮਿੰਟ 'ਚ ਐਸ ਵੀ ਸੁਨੀਲ ਨੇ ਗੋਲ ਕਰਕੇ ਭਾਰਤ ਨੂੰ ਬੜ੍ਹਤ ਦੁਆ ਦਿੱਤੀ। ਭਾਰਤ ਦੀ ਇਹ ਖੁਸ਼ੀ ਤੁਰੰਤ ਖਤਮ ਹੋ ਗਈ, ਜਦੋਂ ਇਕ ਮਿੰਟ ਮਗਰੋਂ ਹੀ ਨਿੱਤਾ ਜਾਤੋ ਨੇ ਗੋਲਾ ਕਰਕੇ ਜਪਾਨ ਨੂੰ ਬਰਾਬਰੀ 'ਤੇ ਲੈ ਆਂਦਾ। ਇਸੇ ਕੁਆਰਟਰ ਦੇ 22ਵੇਂ ਮਿੰਟ 'ਚ ਲਲਿਤ ਉਪਾਧਿਆਏ ਨੇ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ।
ਦੂਜੇ ਕੁਆਰਟਰ 'ਚ ਦੋਹਾਂ ਟੀਮਾਂ ਨੇ ਜ਼ਬਰਦਸਤ ਹਮਲੇ ਕੀਤੇ, ਪਰ ਕੋਈ ਟੀਮ ਗੋਲ ਨਾ ਕਰ ਸਕੀ। ਇਕ ਕੁਆਰਟਰ 'ਚ ਭਾਰਤ ਨੂੰ ਇਕ ਪੈਨਲਟੀ ਕਾਰਨਰ ਵੀ ਮਿਲਿਆ। ਤੀਜੇ ਕੁਆਰਟਰ 'ਚ ਭਾਰਤ ਨੇ ਸ਼ਾਨਦਾਰ ਖੇਡ ਦਿਖਾਈ ਅਤੇ 32ਵੇਂ ਮਿੰਟ 'ਚ ਰਮਨਦੀਪ ਦੇ ਗੋਲ ਨਾਲ ਭਾਰਤ 3-2 ਨਾਲ ਅੱਗੇ ਹੋ ਗਿਆ। 35ਵੇਂ ਮਿੰਟ 'ਚ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਭਾਰਤ ਦੀ ਲੀਡ 4-1 ਕਰ ਦਿੱਤੀ ਅਤੇ 48ਵੇਂ ਮਿੰਟ 'ਚ ਹਰਮਨਪ੍ਰੀਤ ਨੇ ਮੁੜ ਪੈਨਟਰੀ ਕਾਰਨਰ ਰਾਹੀਂ ਗੋਲ ਕਰਕੇ ਭਾਰਤ ਦਾ ਸਕੋਰ 5-1 ਕਰ ਦਿੱਤਾ। ਟੂਰਨਾਮੈਂਟ ਦੇ ਪੂਲ ਏ 'ਚ ਭਾਰਤ, ਜਪਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਹਨ, ਜਦਕਿ ਪੂਲ ਬੀ 'ਚ ਮਲੇਸ਼ੀਆ, ਦੱਖਣੀ ਕੋਰੀਆ, ਚੀਨ ਅਤੇ ਉਮਾਨ ਦੀਆਂ ਟੀਮਾਂ ਹਨ। ਕੋਰੀਆ ਨੇ ਇਹ ਟੂਰਨਾਮੈਂਟ 4 ਵਾਰ, ਪਾਕਿਸਤਾਨ ਨੇ ਤਿੰਨ ਵਾਰ ਅਤੇ ਭਾਰਤ ਦੋ ਵਾਰ ਜੇਤੂ ਰਿਹਾ ਹੈ।