ਸ਼ਾਹ ਮਾਮਲਾ; ਭਾਜਪਾ ਨੇ ਨੈਤਿਕ ਆਧਾਰ ਗੁਆ ਦਿੱਤਾ : ਯਸ਼ਵੰਤ ਸਿਨਹਾ


ਪਟਨਾ, (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਦੀ ਕੰਪਨੀ ਦੇ ਟਰਨ ਓਵਰ ਨੂੰ ਲੈ ਕੇ ਉੱਠੇ ਸੁਆਲਾਂ ਵਿਚਕਾਰ ਪਾਰਟੀ ਦੇ ਸੀਨੀਅਰ ਆਗੂ ਯਸ਼ਵੰਤ ਸਿਨਹਾ ਵੀ ਮਾਮਲੇ 'ਚ ਆ ਗਏ ਹਨ, ਜਿਸ ਨਾਲ ਪਾਰਟੀ ਦੇ ਅਕਸ ਨੂੰ ਧੱਕਾ ਲੱਗਾ ਹੈ।
ਕੇਂਦਰੀ ਮੰਤਰੀ ਪੀਯੂਸ਼ ਗੋਇਲ 'ਤੇ ਹਮਲਾ ਕਰਦਿਆਂ ਸਾਬਕਾ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਗੋਇਲ ਕੰਪਨੀ ਦੇ ਸੀ ਏ ਦੇ ਰੂਪ 'ਚ ਕੰਪਨੀ ਦਾ ਪੱਖ ਪੇਸ਼ ਕਰਨ ਲਈ ਸਾਹਮਣੇ ਆਏ ਹਨ। ਉਨ੍ਹਾ ਕਿਹਾ ਕਿ ਵੈਬਸਾਈਟ 'ਦ ਵਾਇਰ' ਵਿਰੁੱਧ ਜਿਸ ਤਰ੍ਹਾਂ ਮਾਣਹਾਨੀ ਦਾ ਮੁਕੱਦਮਾ ਕੀਤਾ ਗਿਆ ਹੈ, ਉਹ ਮੀਡੀਆ ਅਤੇ ਦੇਸ਼ ਲਈ ਠੀਕ ਨਹੀਂ ਹੈ। ਉਨ੍ਹਾ ਕਿਹਾ ਕਿ ਸਰਕਾਰ ਨੂੰ ਮਾਮਲੇ ਦੀ ਪੂਰੀ ਜਾਂਚ ਕਰਵਾਉਣੀ ਚਾਹੀਦੀ ਹੈ। ਸਾਬਕਾ ਖ਼ਜ਼ਾਨਾ ਮੰਤਰੀ ਇਥੇ ਹੀ ਨਹੀਂ ਰੁਕੇ, ਉਨ੍ਹਾ ਕਿਹਾ ਕਿ ਭ੍ਰਿਸ਼ਟਾਚਾਰ 'ਤੇ ਜ਼ੀਰੋ ਟੋਲਰੈਂਸ (ਬਿਲਕੁਲ ਬਰਦਾਸ਼ਤ ਨਾ ਕਰਨ) ਦੀਆਂ ਗੱਲਾਂ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨੈਤਿਕ ਆਧਾਰ ਗੁਆ ਚੁੱਕੀ ਹੈ। ਉਨ੍ਹਾ ਕਿਹਾ ਕਿ ਜਿਸ ਤਰ੍ਹਾਂ ਐਡੀਸ਼ਨਲ ਸਾਲਿਸਟਰ ਜਨਰਲ ਇਸ ਮੁਕੱਦਮੇ ਦੀ ਪੈਰਵੀ ਕਰਨ ਜਾ ਰਹੇ ਹਨ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਇਸ ਦੇ ਨਾਲ ਹੀ ਯਸ਼ਵੰਤ ਸਿਨਹਾ ਨੇ ਕਿਹਾ ਕਿ ਸਰਕਾਰ ਨੂੰ ਬਿਨਾਂ ਮਤਲਬ ਬਦਨਾਮ ਕਰਨਾ ਉਨ੍ਹਾ ਦਾ ਏਜੰਡਾ ਨਹੀਂ ਹੈ।
ਗੌਰਤਲਬ ਹੈ ਕਿ ਵੈਬਸਾਈਟ 'ਦਿ ਵਾਇਰ' ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਜੈਸ਼ਾਹ ਦੀ ਕੰਪਨੀ ਨਾਲ ਜੁੜੀ ਖ਼ਬਰ ਪ੍ਰਕਾਸ਼ਤ ਕੀਤੀ ਸੀ। ਖ਼ਬਰ 'ਚ ਰਜਿਸਟਰਾਰ ਆਫ਼ ਕੰਪਨੀਜ਼ ਦੇ ਅੰਕੜੇ ਪੇਸ਼ ਕਰਦਿਆਂ ਕਿਹਾ ਗਿਆ ਕਿ ਜੈ ਸ਼ਾਹ ਦੀ ਮਾਲਕੀ ਵਾਲੀ ਕੰਪਨੀ ਟੈਂਪਲ ਇੰਟਰਪ੍ਰਾਈਜ਼ਜ਼ ਦੀ ਜਾਇਦਾਦ 'ਚ ਸਾਲ 2015-16 ਦੌਰਾਨ 16 ਹਜ਼ਾਰ ਗੁਣਾ ਅਤੇ ਉਸ ਤੋਂ ਪਹਿਲਾਂ ਦੇ ਸਾਲ 80 ਕਰੋੜ ਰੁਪਏ ਦਾ ਵਾਧਾ ਹੋਇਆ। ਵੈਬਸਾਈਟ ਦੀ ਇਸ ਖ਼ਬਰ ਮਗਰੋਂ ਆਪੋਜ਼ੀਸ਼ਨ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ 'ਤੇ ਹਮਲੇ ਕੀਤੇ, ਜਿਸ ਮਗਰੋਂ ਪੀਯੂਸ਼ ਗੋਇਲ ਜੈ ਸ਼ਾਹ ਦੇ ਹੱਕ 'ਚ ਅੱਗੇ ਆਏ ਅਤੇ ਪੱਤਰਕਾਰ ਸੰਮੇਲਨ ਬੁਲਾ ਕੇ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ।