ਆਰੂਸ਼ੀ-ਹੇਮਰਾਜ ਕਤਲ ਮਾਮਲੇ 'ਚ ਤਲਵਾੜ ਜੋੜਾ ਬਰੀ


ਇਲਾਹਾਬਾਦ
(ਨਵਾਂ ਜ਼ਮਾਨਾ ਸਰਵਿਸ)
ਆਰੂਸ਼ੀ-ਹੇਮਰਾਜ ਕਤਲ ਕੇਸ 'ਚ ਦੋਸ਼ੀ ਰਾਜੇਸ਼ ਤਲਵਾੜ ਅਤੇ ਨੂਪੁਰ ਤਲਵਾੜ ਨੂੰ ਇਲਾਹਾਬਾਦ ਹਾਈ ਕੋਰਟ ਨੇ ਬਰੀ ਕਰ ਦਿੱਤਾ ਹੈ। ਹੇਠਲੀ ਅਦਾਲਤ ਵੱਲੋਂ ਇਸ ਮਾਮਲੇ 'ਚ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਨੂੰ ਤਲਵਾੜ ਜੋੜੇ ਨੇ ਇਲਾਹਾਬਾਦ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ। ਇਲਾਹਾਬਾਦ ਹਾਈ ਕੋਰਟ ਨੇ ਵੀਰਵਾਰ ਨੂੰ ਇਸ ਸੰਬੰਧ 'ਚ ਫ਼ੈਸਲਾ ਸੁਣਾਇਆ। ਤਲਵਾੜ ਜੋੜੇ ਨੂੰ ਬਰੀ ਕਰਦਿਆਂ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਤਲਵਾੜ ਜੋੜੇ ਨੇ ਆਪਣੀ ਧੀ ਦਾ ਕਤਲ ਨਹੀਂ ਕੀਤਾ ਸੀ ਅਤੇ ਉਨ੍ਹਾ ਨੂੰ ਰਾਜੇਸ਼ ਅਤੇ ਨੂਪੁਰ ਦੀ ਹੱਤਿਆ ਦੇ ਮਾਮਲੇ 'ਚ ਸ਼ੱਕ ਦਾ ਲਾਭ ਦਿੱਤਾ ਗਿਆ ਹੈ।
ਅਦਾਲਤ ਨੇ ਕਿਹਾ ਕਿ ਮੌਜੂਦਾ ਸਬੂਤਾਂ ਅਤੇ ਗਵਾਹਾਂ ਦੇ ਅਧਾਰ 'ਤੇ ਰਾਜੇਸ਼ ਅਤੇ ਨੂਪੁਰ ਤਲਵਾਰ ਨੂੰ ਆਰੂਸ਼ੀ ਦੀ ਹੱਤਿਆ ਲਈ ਦੋਸ਼ੀ ਨਹੀਂ ਮੰਨਿਆ ਜਾ ਸਕਦਾ। ਗਾਜ਼ੀਆਬਾਦ ਦੀ ਵਿਸ਼ੇਸ਼ ਸੀ ਬੀ ਆਈ ਅਦਾਲਤ ਨੇ ਇਸ ਕਤਲ ਮਾਮਲੇ 'ਚ ਆਰੂਸ਼ੀ ਦੇ ਮਾਤਾ-ਪਿਤਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਫੈਸਲੇ ਨੂੰ ਨੂਪੁਰ ਜੋੜੇ ਨੇ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ।
ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਸੀ ਬੀ ਆਈ ਨੇ ਕਿਹਾ ਹੈ ਕਿ ਅਦਾਲਤ ਦੇ ਫ਼ੈਸਲੇ ਦੀ ਕਾਪੀ ਅਜੇ ਉਨ੍ਹਾ ਨੂੰ ਨਹੀਂ ਮਿਲੀ ਹੈ ਅਤੇ ਕਾਪੀ ਮਿਲਣ ਤੋਂ ਬਾਅਦ ਹੀ ਉਹ ਕੋਈ ਪ੍ਰਤੀਕ੍ਰਮ ਦੇ ਸਕਣਗੇ। ਆਰੂਸ਼ੀ ਅਤੇ ਹੇਮਰਾਜ ਦੀ ਹੱਤਿਆ 15 ਮਈ 2008 ਦੀ ਰਾਤ ਨੂੰ ਨੋਇਡਾ ਦੇ ਸੈਕਟਰ ਜਲਵਾਯੂ ਵਿਹਾਰ ਸਥਿਤ ਘਰ 'ਚ ਹੋਈ ਸੀ। ਇਸ ਹੱਤਿਆ ਕਾਂਡ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਰੂਸ਼ੀ ਦੇ ਪਿਤਾ ਡਾ. ਰਾਜੇਸ਼ ਤਲਵਾੜ ਅਤੇ ਮਾਂ ਡਾਕਟਰ ਨੂਪੁਰ ਤਲਵਾੜ ਵੱਲੋਂ ਦਾਖ਼ਲ ਪਟੀਸ਼ਨ 'ਤੇ ਹਾਈ ਕੋਰਟ ਨੇ 7 ਅਕਤੂਬਰ ਨੂੰ ਸੁਣਵਾਈ ਪੂਰੀ ਕਰ ਲਈ ਸੀ ਅਤੇ ਇਸ ਸੰਬੰਧ 'ਚ ਫ਼ੈਸਲਾ ਰਾਖਵਾਂ ਰੱਖ ਲਿਆ ਸੀ।
ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਤਲਵਾੜ ਜੋੜਾ ਗਾਜ਼ੀਆਬਾਦ ਦੀ ਡਾਸਨਾ ਜੇਲ੍ਹ 'ਚ ਬੰਦ ਸੀ। 14 ਸਾਲ ਦੀ ਆਰੂਸ਼ੀ ਨੋਇਡਾ 'ਚ ਆਪਣੇ ਘਰ ਦੇ ਬੈਡਰੂਮ 'ਚ 16 ਮਈ ਨੂੰ ਮਰੀ ਪਈ ਮਿਲੀ ਸੀ।
ਉਸ ਦਾ ਗਲਾ ਵੱਢਿਆ ਗਿਆ ਅਤੇ ਸ਼ੱਕ ਘਰ ਦੇ ਨੌਕਰ ਹੇਮਰਾਜ 'ਤੇ ਕੀਤਾ ਗਿਆ ਸੀ। 17 ਮਈ ਨੂੰ ਹੇਮਰਾਜ ਦੀ ਲਾਸ਼ ਘਰ ਦੀ ਛੱਤ ਤੋਂ ਮਿਲੀ ਸੀ। ਆਰੂਸ਼ੀ ਦੇ ਕਤਲ ਦੇ ਮਾਮਲੇ 'ਚ ਡਾ. ਰਾਜੇਸ਼ ਤਲਵਾੜ ਨੂੰ ਯੂ ਪੀ ਪੁਲਸ ਨੇ 23 ਮਈ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇੱਕ ਜੂਨ ਨੂੰ ਸੀ ਬੀ ਆਈ ਨੇ ਇਸ ਮਾਮਲੇ ਦੀ ਜਾਂਚ ਆਪਣੇ ਹੱਥ 'ਚ ਲੈ ਲਈ ਸੀ, ਇਸ ਤੋਂ ਬਾਅਦ 13 ਜੂਨ ਨੂੰ ਸੀ ਬੀ ਆਈ ਨੂੰ ਰਾਜੇਸ਼ ਤਲਵਾੜ ਦੇ ਕੰਪਾਊਂਡਰ ਕ੍ਰਿਸ਼ਨਾ ਨੂੰ ਆਪਣੀ ਹਿਰਾਸਤ 'ਚ ਲੈ ਲਿਆ ਸੀ।