ਮੁਤਵਾਜ਼ੀ ਜਥੇਦਾਰਾਂ ਦੇ ਸਮੱਰਥਕਾਂ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਡਾਂਗੋ-ਡਾਂਗੀ


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਮੁਤਵਾਜ਼ੀ ਜਥੇਦਾਰਾਂ ਦੇ ਸਮੱਰਥਕਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵਿਚਕਾਰ ਉਸ ਵੇਲੇ ਝੜਪ ਹੋ ਗਈ, ਜਦੋਂ ਗੁਰਦੁਆਰਾ ਘੱਲੂਘਾਰਾ ਕਾਹਨੂੰਵਾਨ ਦਾ ਪ੍ਰਧਾਨ ਮਾਸਟਰ ਜੌਹਰ ਸਿੰਘ ਮੁਤਵਾਜ਼ੀ ਜਥੇਦਾਰਾਂ ਅੱਗੇ ਪੇਸ਼ੀ ਭੁਗਤਣ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤੇਗ ਕਰਾਉਣ ਉਪਰੰਤ ਕੀਰਤਨ ਸੁਣ ਰਿਹਾ ਸੀ, ਪਰ ਟਾਸਕ ਫੋਰਸ ਨੇ ਉਸ ਨੂੰ ਚੁੱਕ ਕੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਸੁੱਟ ਦਿੱਤਾ ਤੇ ਕਿਹਾ ਕਿ ਉਸ ਨੂੰ ਮੁਤਵਾਜ਼ੀ ਜਥੇਦਾਰਾਂ ਨੇ ਉਸ ਨੂੰ ਪੇਸ਼ ਨਹੀਂ ਹੋਣ ਦਿੱਤਾ ਜਾਵੇਗਾ। ਜੌੜਾ ਘਰ ਦੇ ਕੋਲ ਹੋਈ ਝੜਪ ਵਿੱਚ ਸਤਨਾਮ ਸਿੰਘ ਮਨਾਵਾਂ ਦੀ ਕਿਰਪਾਨ ਦੀ ਨੋਕ ਲੱਗਣ ਨਾਲ ਉਂਗਲ ਫੱਟੜ ਹੋ ਗਈ ਤੇ ਖਿੱਚ-ਧੂਹ ਵਿੱਚ ਜਰਨੈਲ ਸਿੰਘ ਸਖੀਰਾ ਦੇ ਕੱਪੜੇ ਪਾਟ ਗਏ।
ਬੀਤੀ 11 ਅਗਸਤ 2017 ਨੂੰ ਗੁਰਦੁਆਰਾ ਘੱਲੂਘਾਰਾ ਦੇ ਕੈਸ਼ੀਅਰ ਬੂਟਾ ਸਿੰਘ ਨੂੰ ਗੁਰਦੁਆਰੇ ਦੇ ਇੱਕ ਕਮਰੇ ਵਿੱਚ ਗੈਰ-ਔਰਤ ਨਾਲ ਫੜੇ ਜਾਣ ਉਪਰੰਤ ਮੁਤਵਾਜ਼ੀ ਜਥੇਦਾਰਾਂ ਨੇ ਇੱਕ ਤਿੰਨ ਮੈਂਬਰੀ ਕਮੇਟੀ ਕੋਲੋਂ ਪੜਤਾਲ ਕਰਵਾ ਕੇ ਬੂਟਾ ਸਿੰਘ ਨੂੰ 4 ਅਕਤੂਬਰ 2017 ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ ਤੇ ਪ੍ਰਧਾਨ ਮਾਸਟਰ ਜੌਹਰ ਸਿੰਘ ਨੂੰ ਅਕਾਲ ਤਖਤ ਸਾਹਿਬ 'ਤੇ ਅੱਜ 12 ਅਕਤੂਬਰ 2017 ਨੂੰ ਤਲਬ ਕੀਤਾ ਸੀ। ਮਾਸਟਰ ਜੌਹਰ ਸਿੰਘ ਅੱਜ ਸਵੇਰੇ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜ ਗਏ ਤੇ ਕਰੀਬ ਸਾਢੇ ਬਾਰਾਂ ਵਜੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਦੇਗ ਲੈ ਕੇ ਦਾਖਲ ਹੋਏ। ਦੇਗ ਭੇਟ ਕਰਨ ਉਪਰੰਤ ਮਾਸਟਰ ਜੌਹਰ ਸਿੰਘ ਉਥੇ ਹੀ ਕੀਰਤਨ ਸਰਵਣ ਕਰਨ ਲਈ ਬੈਠ ਗਏ ਤਾਂ ਕੁਝ ਦੇਰ ਬਾਅਦ ਸ੍ਰੀ ਦਰਬਾਰ ਸਾਹਿਬ ਦੇ ਦੋ ਅਧਿਕਾਰੀ ਕੁਝ ਟਾਸਕ ਫੋਰਸ ਦੇ ਜਵਾਨਾਂ ਨਾਲ ਮੌਕੇ 'ਤੇ ਪੁੱਜੇ ਤੇ ਉਹਨਾਂ ਨੇ ਮਾਸਟਰ ਜੌਹਰ ਸਿੰਘ ਨੂੰ ਕਿਹਾ ਕਿ ਉਹ ਇਥੇ ਨਹੀਂ ਬੈਠ ਸਕਦਾ ਤਾਂ ਉਸ ਵੱਲੋਂ ਇਸ ਦਾ ਵਿਰੋਧ ਕਰਨ 'ਤੇ ਟਾਸਕ ਫੋਰਸ ਵਾਲਿਆਂ ਨੇ ਉਸ ਨੂੰ ਧੂਹਣਾ ਸ਼ੁਰੂ ਕਰ ਦਿੱਤਾ, ਪਰ ਮਾਸਟਰ ਉਥੇ ਹੀ ਲੰਮੇ ਪੈ ਗਿਆ ਕਿ ਗੁਰੂ ਘਰ ਸਭ ਦਾ ਸਾਂਝਾ ਹੈ ਕੋਈ ਉਸ ਨੂੰ ਬਾਹਰ ਨਹੀਂ ਕੱਢ ਸਕਦਾ, ਪਰ ਟਾਸਕ ਫੋਰਸ ਵਾਲਿਆਂ ਨੇ ਉਸ ਨੂੰ ਲੱਤਾਂ ਤੇ ਬਾਹਵਾਂ ਤੋਂ ਫੜ ਕੇ ਘਸੀਟਦੇ ਹੋਏ ਜੋੜਾ ਘਰ ਦੇ ਕੋਲ ਲਿਆ ਕੇ ਛੱਡ ਦਿੱਤਾ। ਇਸ ਝੜਪ ਦੌਰਾਨ ਮਾਸਟਰ ਦਾ ਮੋਬਾਇਲ ਵੀ ਸ਼੍ਰੋਮਣੀ ਕਮੇਟੀ ਦੇ ਇੱਕ ਅਧਿਕਾਰੀ ਨੇ ਖੋਹ ਲਿਆ, ਜਿਹੜਾ ਸ਼੍ਰੋਮਣੀ ਕਮੇਟੀ ਨੇ ਰੌਲਾ ਪੈਣ ਉਪਰੰਤ ਪੁਲਸ ਦੇ ਹਵਾਲੇ ਕਰ ਦਿੱਤਾ। ਮਾਸਟਰ ਜੌਹਰ ਸਿੰਘ ਨੇ ਆਪਣੇ ਨਾਲ ਹੋਈ ਧੱਕੇਸ਼ਾਹੀ ਬਾਰੇ ਆਪਣੇ ਕੁਝ ਸਾਥੀਆਂ ਨੂੰ ਬੁਲਾਇਆ ਤਾਂ ਉਹਨਾਂ ਨੇ ਮਾਸਟਰ ਨੂੰ ਉਹਨਾਂ ਦੇ ਨਾਲ ਅੰਦਰ ਜਾਣ ਲਈ ਕਿਹਾ ਤਾਂ ਟਾਸਕ ਫੋਰਸ ਨੇ ਉਹਨਾਂ ਨੂੰ ਗਲਿਆਰੇ ਵਿੱਚ ਹੀ ਰੋਕ ਲਿਆ ਕਿ ਉਹ ਅੰਦਰ ਨਹੀਂ ਜਾ ਸਕਦਾ। ਇਸ ਦੌਰਾਨ ਹੀ ਸਤਨਾਮ ਸਿੰਘ ਮਨਾਵਾਂ, ਜਰਨੈਲ ਸਿੰਘ ਸਖੀਰਾ ਤੇ ਜਸਬੀਰ ਸਿੰਘ ਮੰਡਿਆਲਾ ਨੇ ਟਾਸਕ ਫੋਰਸ ਦਾ ਵਿਰੋਧ ਕੀਤਾ ਕਿ ਉਹ ਕਿਸੇ ਨੂੰ ਵੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਜਾਣ ਤੋਂ ਰੋਕ ਨਹੀਂ ਸਕਦੇ। ਇਸ ਗੱਲਬਾਤ ਵਿੱਚੋ ਤਤਕਾਰ ਉਸ ਵੇਲੇ ਹੋ ਗਿਆ, ਜਦੋਂ ਮਲਕੀਅਤ ਸਿੰਘ ਗਿੱਲਵਾਲੀ ਸੇਵਾਦਾਰ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਦੋਹਾਂ ਧਿਰਾਂ ਵਿੱਚ ਖਿੱਚ-ਧੂਹ ਸ਼ੁਰੂ ਹੋ ਗਈ। ਕਿਸੇ ਟਾਸਕ ਫੋਰਸ ਵਾਲੇ ਦੀ ਕਿਰਪਾਨ ਦੀ ਨੁੱਕਰ ਸਤਨਾਮ ਸਿੰਘ ਮਨਾਵਾਂ ਦੀ ਉਂਗਲ ਨੂੰ ਚੀਰਦੀ ਹੋਈ ਉਸ ਨੂੰ ਫੱਟੜ ਕਰ ਗਈ। ਪੁਲਸ ਦੀ ਦਖਲਅੰਦਾਜ਼ੀ ਨਾਲ ਦੋਹਾਂ ਨੂੰ ਅਲੱਗ-ਅਲੱਗ ਕਰ ਦਿੱਤਾ ਗਿਆ, ਪਰ ਝਗੜਾ ਉਸ ਵੇਲੇ ਚਰਮ ਸੀਮਾ 'ਤੇ ਪੁੱਜ ਗਿਆ ਜਦੋਂ ਮੁਤਵਾਜ਼ੀ ਜਥੇਦਾਰ ਗਲਿਆਰੇ ਵਿੱਚ ਦਰਬਾਰ ਲਗਾ ਕੇ ਮਾਸਟਰ ਜੌਹਰ ਸਿੰਘ ਦੇ ਵਿਰੁੱਧ ਕਾਰਵਾਈ ਕਰਨ ਲਈ ਇਕੱਠੇ ਹੋ ਰਹੇ ਸਨ ਤਾਂ ਮਲਕੀਅਤ ਸਿੰਘ ਵੀ ਉਥੇ ਆ ਗਿਆ, ਜਿਸ ਨੂੰ ਵੇਖ ਕੇ ਮਾਸਟਰ ਜੌਹਰ ਸਿੰਘ ਦੇ ਸਾਥੀਆਂ ਦਾ ਗੁੱਸਾ ਅਸਮਾਨੇ ਚੜ੍ਹ ਗਿਆ ਤੇ ਇੱਕ ਨੇ ਕਿਹਾ ਕਿ ਫੜ ਲਉ ਜਾਵੇ ਨਾ, ਪਰ ਮਲਕੀਅਤ ਸਿੰਘ ਫੁਰਤੀ ਨਾਲ ਉਥੋਂ ਜਾਨ ਬਚਾਉਂਦਾ ਹੋਇਆ ਘੰਟਾ ਘਰ ਵਾਲੇ ਪਾਸੇ ਚਰਨ ਗੰਗਾ ਦੇ ਕੋਲ ਇੱਕ ਪਾਸੇ ਗਮਲਿਆਂ ਦੀ ਬਣੀ ਹੋਈ ਕੰਧ ਵਿੱਚੋਂ ਦੀ ਛਾਲ ਮਾਰ ਕੇ ਟੱਪ ਗਿਆ। ਇੰਨੇ ਚਿਰ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤੇ ਟਾਸਕ ਫੋਰਸ ਵਾਲੇ ਕਿਰਪਾਨਾਂ ਤੇ ਬਰਛੇ ਲੈ ਕੇ ਆਣ ਪੁੱਜੇ ਤਾਂ ਦੋਹਾਂ ਵਿਚਕਾਰ ਜ਼ਬਰਦਸਤ ਝੜਪ ਹੋਈ। ਪੁਲਸ ਵਾਲਿਆਂ ਨੇ ਬੜੀ ਮੁਸ਼ਕਲ ਨਾਲ ਦੋਹਾਂ ਨੂੰ ਅਲੱਗ-ਅਲੱਗ ਕੀਤਾ। ਭਾਂਵੇ ਕਿਰਪਾਨਾਂ ਸੂਤੀਆਂ ਗਈਆਂ, ਪਰ ਪੁਲਸ ਨੇ ਤੁਰੰਤ ਕਾਰਵਾਈ ਕਰਕੇ ਦੋਹਾਂ ਨੂੰ ਅਲੱਗ-ਅਲੱਗ ਕਰ ਦਿੱਤਾ। ਵਰਨਣਯੋਗ ਹੈ ਕਿ ਮਲਕੀਅਤ ਸਿੰਘ ਗਿੱਲਵਾਲੀ ਵਾਲੇ ਦੇ ਇੱਕ ਸਾਧ ਦੀ ਸ਼ਿਫਾਰਸ 'ਤੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦੇ ਆਦੇਸ਼ਾਂ 'ਤੇ ਭਰਤੀ ਕੀਤਾ ਗਿਆ ਹੈ ਤੇ ਉਸ ਦੀ ਇਸ ਤੋਂ ਪਹਿਲਾਂ ਵੀ ਇੱਕ ਸ਼ਿਕਾਇਤ ਇੱਕ ਔਰਤ ਤੇ ਉਸ ਦੀ ਬੱਚੀ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਕੋਲ ਧੱਕੇ ਮਾਰੇ ਸਨ, ਜਦੋਂ ਇਸ ਦਾ ਵਿਰੋਧ ਉਸ ਔਰਤ ਨੇ ਕੀਤਾ ਤਾਂ ਮਲਕੀਅਤ ਸਿੰਘ ਨੇ ਉਸ ਨਾਲ ਵੀ ਬਦਸਲੂਕੀ ਕੀਤੀ ਸੀ। ਫਾਜ਼ਿਲਕਾ ਦੇ ਰਹਿਣ ਵਾਲੇ ਇਸ ਵਿਅਕਤੀ ਨੇ ਸ਼ਿਕਾਇਤ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕੀਤੀ ਸੀ ਤਾਂ ਪੜਤਾਲ ਦੌਰਾਨ ਮਲਕੀਅਤ ਸਿੰਘ ਦੋਸ਼ੀ ਪਾਇਆ ਗਿਆ ਸੀ ਤੇ ਉਸ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਬਜਾਏ ਉਸ ਦਾ ਤਬਾਦਲਾ ਪਿੱਪਲੀ ਸਾਹਿਬ ਗੁਰਦੁਆਰੇ ਕਰ ਦਿੱਤਾ ਗਿਆ ਸੀ, ਪਰ ਉਸ ਨੇ ਪਿੱਪਲੀ ਸਾਹਿਬ ਵਿਖੇ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਫਿਰ ਉਸ ਸਾਧ ਰਾਹੀਂ ਬਾਦਲ ਤੇ ਮਜੀਠੀਆ ਦੀ ਮਿਹਰ ਸਦਕਾ ਮੁੜ 15 ਦਿਨਾਂ ਬਾਅਦ ਪ੍ਰਕਰਮਾ ਵਿੱਚ ਹੀ ਇੰਚਾਰਜ ਪਰਕਰਮਾ ਲਗਾ ਦਿੱਤਾ ਗਿਆ। ਵਰਨਣਯੋਗ ਹੈ ਕਿ 71 ਸੇਵਾਦਾਰ ਦੇ 13 ਇੰਚਾਰਜ ਲੱਗੇ ਹੋਏ ਹਨ ਤੇ ਸੇਵਾਦਾਰ ਖੁਦ ਦੁਖੀ ਹਨ ਕਿ ਉਹ ਕਿਸ ਇੰਚਾਰਜ ਦਾ ਹੁਕਮ ਮੰਨਣ।
ਹਰ ਲੜਾਈ ਵਿੱਚ ਚੀਚੀ ਨੂੰ ਲਹੂ ਲਗਾ ਕੇ ਸ਼ਹੀਦ ਬਣਨ ਵਾਲੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਵਿਜੇ ਸਿੰਘ ਆਪਣੀ ਕਮੀਜ਼ ਨੂੰ ਲਹੂ ਲੱਗਾ ਵਿਖਾ ਕੇ ਕਹਿ ਰਿਹਾ ਸੀ ਜਿਹੜਾ ਮਨਾਵੇ ਦੇ ਉਂਗਲ ਤੋਂ ਲੱਗਾ ਸੀ, ਪਰ ਸ਼੍ਰੋਮਣੀ ਕਮੇਟੀ ਵਾਲੇ ਉਸ ਨੂੰ ਸੰਸਥਾ ਦਾ ਜ਼ਿੰਦਾ ਸ਼ਹੀਦ ਦੇ ਲਕਬ ਨਾਲ ਨਿਵਾਜ ਕੇ ਮੁਸਕੜੀਆਂ ਵਿੱਚ ਹੱਸ ਰਹੇ ਸਨ ਕਿ 'ਨਿੱਕਾ ਸਭ ਤੋ ਤਿੱਖਾ।'
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਨੇ ਕਿਸੇ ਵੀ ਪ੍ਰਕਾਰ ਦੀ ਵਧੀਕੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹਨਾਂ ਨੇ ਕਿਸੇ ਨੂੰ ਵੀ ਚੁੱਕ ਕੇ ਬਾਹਰ ਨਹੀਂ ਸੁੱਟਿਆ ਪਰ ਕਿਸੇ ਨੂੰ ਵੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੁੰਡਾਗਰਦੀ ਨਹੀਂ ਕਰਨ ਦਿੱਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰ ਰੂਪ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਤੇ ਵਾਤਾਵਰਣ ਨੂੰ ਸ਼ਾਂਤਮਈ ਰੱਖਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੈ ਤੇ ਕਿਸੇ ਨੂੰ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਉਹਨਾਂ ਦੀ ਜਾਣਕਾਰੀ ਮੁਤਾਬਕ ਕੋਈ ਘਟਨਾ ਨਹੀਂ ਵਾਪਰੀ ਹੈ ਅਤੇ ਘਟਨਾ ਹਮੇਸ਼ਾਂ ਹੀ ਮੰਦਭਾਗੀ ਹੁੰਦੀ ਹੈ। ਉਹਨਾਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵਿੱਚ ਸਹਿਯੋਗ ਕਰਨ। ਉਹਨਾਂ ਕਿਹਾ ਕਿ ਮੁਤਵਾਜ਼ੀ ਜਥੇਦਾਰ ਨਾਂਅ ਦਾ ਕੋਈ ਵੀ ਕਿਸੇ ਤਖਤ ਦਾ ਜਥੇਦਾਰ ਨਹੀਂ ਹੈ ਤੇ ਕੇਵਲ ਸਿੱਖ ਪੰਥ ਦੀ ਨੁਮਾਇੰਦਗੀ ਕਰਦੀ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਮਰਿਆਦਾ ਅਨੁਸਾਰ ਨਿਯਮਾਂ ਵਿੱਚ ਰਹਿ ਕੇ ਨਿਯੁਕਤ ਕੀਤੇ ਜਥੇਦਾਰ ਹੀ ਕਿਸੇ ਵਿਅਕਤੀ ਨੂੰ ਤਲਬ ਕਰਨ ਦਾ ਅਧਿਕਾਰ ਰੱਖਦੇ ਹਨ। ਇਸ ਸੰਬੰਧੀ ਜਦੋਂ ਏ ਡੀ ਸੀ ਪੀ –1 ਚਰਨਜੀਤ ਸਿੰਘ ਨੂੰ ਕੋਈ ਕਾਰਵਾਈ ਕਰਨ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਹਾਂ ਧਿਰਾਂ ਨੇ ਪੁਲਸ ਨੂੰ ਦਰਖਾਸਤ ਦੇ ਦਿੱਤੀਆਂ ਹਨ ਤੇ ਬਰਾਬਰ ਦੀ ਕਾਰਵਾਈ ਹੋਣ ਦੀ ਸੰਭਾਵਨਾ ਹੈ।