ਰਾਮ ਰਹੀਮ ਦੀ ਗੁਫ਼ਾ ਬਾਰੇ ਇੱਕ ਅਹਿਮ ਖੁਲਾਸਾ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਬਲਾਤਕਾਰੀ ਬਾਬੇ ਰਾਮ ਰਹੀਮ ਬਾਰੇ ਨਿੱਤ ਨਵੇਂ ਖ਼ੁਲਾਸੇ ਹੋ ਰਹੇ ਹਨ। ਬਾਬੇ ਦੀ ਗੁਫ਼ਾ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਦੇ ਖ਼ਾਸ ਦਰਵਾਜ਼ੇ ਹਨੀਪ੍ਰੀਤ ਦੇ ਫ਼ਿੰਗਰ ਪ੍ਰਿੰਟ ਨਾਲ ਖੁੱਲ੍ਹਦੇ ਸਨ। ਉਨ੍ਹਾਂ ਦਰਵਾਜ਼ਿਆਂ ਨਾਲ ਹਨੀਪ੍ਰੀਤ ਡੇਰੇ ਦਾ ਖ਼ਜ਼ਾਨਾ ਖ਼ਾਲੀ ਕਰਕੇ 28 ਅਗਸਤ ਨੂੰ ਫਰਾਰ ਹੋ ਗਈ ਸੀ। ਜਾਣਕਾਰੀ ਮੁਤਾਬਕ ਡੇਰਾ ਮੁਖੀ ਰਾਮ ਰਹੀਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਚਾਰ ਦਿਨਾਂ ਤੱਕ ਹਨੀਪ੍ਰੀਤ ਸਿਰਸਾ ਡੇਰਾ 'ਚ ਹੀ ਰਹੀ। ਡੇਰੇ 'ਚ ਮੌਜੂਦ ਬਾਬੇ ਦੀ ਗੁਫ਼ਾ ਦੇ ਖ਼ਾਸ ਦਰਵਾਜ਼ੇ ਗੁਰਮੀਤ ਰਾਮ ਰਹੀਮ ਤੋਂ ਇਲਾਵਾ ਸਿਰਫ਼ ਹਨੀਪ੍ਰੀਤ ਦੇ ਫ਼ਿੰਗ਼ਰ ਪ੍ਰਿੰਟ ਨਾਲ ਹੀ ਖੁੱਲ੍ਹਦੇ ਸਨ। ਸੀ ਆਈ ਡੀ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ 28 ਅਗਸਤ ਦੀ ਰਾਤ ਨੂੰ ਹਨੀਪ੍ਰੀਤ ਡੇਰੇ ਦੇ ਦੋ ਵੱਡੇ ਆਗੂਆਂ ਨਾਲ ਉੱਥੋਂ ਨਿਕਲੀ ਸੀ। ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਪੰਚਕੂਲਾ ਹਿੰਸਾ ਫੈਲਾਉਣ ਲਈ ਕਾਲੇ ਧਨ ਦੀ ਵਰਤੋਂ ਕੀਤੀ ਗਈ ਸੀ। ਇਸੇ ਦੌਰਾਨ ਹਰਿਆਣਾ ਪੁਲਸ ਨੇ ਰਾਜਸਥਾਨ ਦੇ ਗੁਰੂਸਰ ਮੋਡੀਆ ਤੋਂ ਕੁਝ ਅਹਿਮ ਦਸਤਾਵੇਜ਼ ਬਰਾਮਦ ਕੀਤੇ ਹਨ। ਪੁਲਸ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਹਨੀਪ੍ਰੀਤ 25 ਅਗਸਤ ਦੀ ਰਾਤ ਲੱਗਭੱਗ ਦੋ ਵਜੇ ਸਿਰਸਾ ਪਹੁੰਚੀ ਸੀ ਅਤੇ 28 ਅਗਸਤ ਦੀ ਰਾਤ ਇੱਕ ਕਾਂਗਰਸੀ ਆਗੂ ਦੀ ਜ਼ੈੱਡ ਪਲੱਸ ਸਕਿਉਰਟੀ ਦੇ ਘੇਰੇ ਵਿੱਚ ਦੋ ਵੱਡੇ ਸੂਟਕੇਸ ਲੈ ਕੇ ਡੇਰਾ ਸੱਚਾ ਸੌਦਾ ਤੋਂ ਰਾਜਸਥਾਨ ਵੱਲ ਚਲੀ ਗਈ ਸੀ। ਉਸ ਦੇ ਨਾਲ ਹੀ ਰਾਮ ਰਹੀਮ ਦਾ ਪਰਵਾਰ ਵੀ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ 'ਚ ਸਵਾਰ ਹੋ ਕਿ ਨਿਕਲ ਗਿਆ ਸੀ। ਜ਼ਿਕਰਯੋਗ ਹੈ ਰਾਮ ਰਹੀਮ ਦੀ ਗੁਫ਼ਾ ਦੇ ਹਾਈਟੈਕ ਦਰਵਾਜ਼ੇ ਜਾਂ ਤਾਂ ਉਸ ਦੇ ਫ਼ਿੰਗਰ ਪ੍ਰਿੰਟਾਂ ਨਾਲ ਖੁੱਲ੍ਹਦੇ ਸਨ ਜਾਂ ਫਿਰ ਹਨੀਪ੍ਰੀਤ ਜਾਂ ਉਸ ਕਰੀਬੀ ਨੌਕਰ ਧਰਮ ਸਿੰਘ ਦੇ ਫ਼ਿੰਗਰ ਪ੍ਰਿੰਟਾਂ ਨਾਲ ਖੁੱਲ੍ਹਦੇ ਸਨ, ਪਰ ਉਸ ਵਕਤ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ਵਿੱਚ ਬੰਦ ਸੀ ਅਤੇ ਉਸ ਦਾ ਕਰੀਬੀ ਨੌਕਰ ਧਰਮ ਸਿੰਘ ਅੰਬਾਲਾ ਜੇਲ੍ਹ ਵਿੱਚ ਬੰਦ ਸੀ।
ਇਸ ਲਈ ਹਨੀਪ੍ਰੀਤ ਹੀ ਗੁਫ਼ਾ ਦੇ ਦਰਵਾਜ਼ੇ ਖੋਲ੍ਹ ਸਕਦੀ ਸੀ। ਸੂਤਰਾਂ ਮੁਤਾਬਕ ਹਨੀਪ੍ਰੀਤ ਨੇ ਬਾਬੇ ਦੀ ਗੁਫ਼ਾ ਤੋਂ ਇਲਾਵਾ ਜਿੰਨੇ ਵੀ ਦਰਵਾਜ਼ੇ ਸੈਂਸਰ ਨਾਲ ਖੁੱਲ੍ਹਦੇ ਸਨ, ਉਨ੍ਹਾਂ ਸਾਰਿਆਂ ਦੇ ਸੈਂਸਰ ਖ਼ਤਮ ਕਰ ਦਿੱਤੇ ਸਨ। ਇਹੋ ਕਾਰਨ ਸੀ ਕਿ 7 ਸਤੰਬਰ ਨੂੰ ਜਦੋਂ ਕੋਰਟ ਕਮਿਸ਼ਨਰ ਪੁਲਸ ਦੇ ਨਾਲ ਛਾਣਬੀਣ ਲਈ ਡੇਰਾ ਹੈੱਡ ਕਵਾਟਰ ਪਹੁੰਚਿਆ ਸੀ ਤਾਂ ਉਸ ਸਾਰੇ ਸੈਂਸਰ ਮੁਕਤ ਦਰਵਾਜ਼ੇ ਖੁੱਲ੍ਹੇ ਹੋਏ ਮਿਲੇ ਸਨ। ਹਨੀਪ੍ਰੀਤ ਵੱਲੋਂ 28 ਅਗਸਤ ਦੀ ਰਾਤ ਨੂੰ ਜਿਹੜੇ ਦੋ ਵੱਡੇ ਸੂਟਕੇਸਾਂ ਨੂੰ ਡੇਰੇ ਤੋਂ ਬਾਹਰ ਲਿਜਾਣ ਦੀ ਭਿਣਕ ਖੁਫ਼ੀਆ ਤੰਤਰ ਨੂੰ ਵੀ ਸੀ। ਇਸ ਦਾ ਖ਼ੁਲਾਸਾ ਆਈ ਬੀ ਰਿਪੋਰਟ ਵਿੱਚ ਵੀ ਕੀਤਾ ਗਿਆ ਹੈ। ਹਨੀਪ੍ਰੀਤ ਸੂਟਕੇਸਾਂ ਵਿੱਚ ਜੋ ਦਸਤਾਵੇਜ਼ ਅਤੇ ਰੁਪੱਈਏ ਬਟੋਰ ਕੇ ਲੈ ਗਈ ਸੀ, ਉਸ ਨੂੰ ਆਖ਼ਿਰ ਕਿੱਥੇ ਰੱਖਿਆ ਗਿਆ, ਗੁਰਮੀਤ ਰਾਮ ਰਹੀਮ ਦੇ ਜੱਦੀ ਪਿੰਡ ਗੁਰੂਸਰ ਵਿੱਚ ਹੈ ਜਾਂ ਫਿਰ ਹੋਰ ਥਾਂ, ਪੁਲਸ ਇਸ ਦਾ ਪਰਦਾ ਫ਼ਾਸ਼ ਕਰਨਾ ਚਾਹੁੰਦੀ ਹੈ। ਹਰਿਆਣਾ ਦੇ ਪੁਲਸ ਅਧਿਕਾਰੀਆਂ ਨੇ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਹਨੀਪ੍ਰੀਤ ਨੇ ਕਰੀਬ-ਕਰੀਬ ਸਭ ਕੁਝ ਕਬੂਲ ਕਰ ਲਿਆ ਹੈ।