ਮੋਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਰਿਹੈ : ਅਰਸ਼ੀ


ਬੁਢਲਾਡਾ (ਰਜਿੰਦਰ ਪੁਰੀ)
ਸੀ ਪੀ ਆਈ ਵਲੋਂ 27 ਨਵੰਬਰ ਨੂੰ ਲੁਧਿਆਣਾ ਵਿਖੇ ਜਥੇਬੰਦ ਕੀਤੀ ਜਾ ਰਹੀ ਸੂਬਾਈ ਰਾਜਸੀ ਰੈਲੀ ਦੀਆਂ ਤਿਆਰੀਆਂ ਨੇ ਹਲਕਾ ਬੁਢਲਾਡਾ ਵਿਖੇ ਇਕ ਲਹਿਰ ਰੂਪੀ ਮੁਹਿੰਮ ਦਾ ਰੂਪ ਧਾਰ ਲਿਆ ਹੈ। ਝੋਨਾ ਸੀਜ਼ਨ ਦੇ ਰੁਝੇਵਿਆਂ ਦੇ ਬਾਵਜੂਦ ਪਿੰਡਾਂ ਵਿਚ ਲੜੀਵਾਰ ਭਰਵੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਬਾਅਦ ਦੁਪਹਿਰ ਗਰੁੱਪ ਬਣਾ ਕੇ ਬਰੇਟਾ ਤੇ ਬੁਢਲਾਡਾ ਮੰਡੀਆਂ ਵਿਚ ਫੰਡ ਉਗਰਾਹੀ ਕੀਤੀ ਜਾ ਰਹੀ ਹੈ। ਆਮ ਦੁਕਾਨ ਤੇ ਛੋਟੇ ਵਪਾਰੀਆਂ ਵਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਕੇਵਲ ਦੋ ਦਿਨਾਂ ਵਿਚ 50 ਹਜ਼ਾਰ ਤੋਂ ਉਪਰ ਫੰਡ ਜਮ੍ਹਾਂ ਕੀਤਾ ਜਾ ਚੁੱਕਾ ਹੈ। ਤਹਿਸੀਲ ਬੁਢਲਾਡਾ ਪਾਰਟੀ ਨੇ ਘਟੋ-ਘੱਟ 20 ਤੋਂ ਉਪਰ ਬੱਸਾਂ ਰੈਲੀ ਵਿਚ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ। ਸੂਬਾ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਤਿਆਰੀਆਂ ਵਿਚ ਪੂਰਾ-ਪੂਰਾ ਸਹਿਯੋਗ ਦੇ ਰਹੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਤਹਿਸੀਲ ਪਾਰਟੀ ਦੇ ਸਕੱਤਰ ਕਾਮਰੇਡ ਵੇਦ ਪ੍ਰਕਾਸ਼ ਵਲੋਂ ਬੁਢਲਾਡਾ ਤੋਂ ਜਾਰੀ ਇਕ ਬਿਆਨ ਰਾਹੀਂ ਕੀਤਾ ਹੈ। ਉਹਨਾਂ ਅੱਗੇ ਦੱਸਿਆ ਕਿ ਤਿਆਰੀਆਂ ਦੀ ਲੜੀ ਵਜੋਂ ਪਿੰਡ ਰਿਊਂਦ ਕਲਾਂ, ਸੇਰਖਾਂ ਵਾਲਾ ਟਾਹਲੀਆਂ ਤੇ ਆਲਮਪੁਰ ਮੰਦਰਾਂ ਦੀਆਂ ਬਰਾਂਚ ਕਾਨਫਰੰਸਾਂ ਕੀਤੀਆਂ ਗਈਆਂ। ਤਹਿਸੀਲ ਆਗੂਆਂ ਤੋਂ ਇਲਾਵਾ ਉਚੇਚੇ ਤੌਰ 'ਤੇ ਸ਼ਾਮਲ ਹੋਏ ਸੂਬਾ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਦੇਸ਼ ਦੀ ਵਰਤਮਾਨ ਸਿਆਸੀ ਤੇ ਆਰਥਿਕ ਸਥਿਤੀ 'ਤੇ ਰੌਸ਼ਨੀ ਪਾਉਂਦੇ ਹੋਏ ਦਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਕਾਰਪੋਰੇਟ ਤੇ ਅਮਰੀਕੀ-ਪੱਖੀ ਨੀਤੀਆਂ ਨੇ ਦੇਸ਼ ਨੂੰ ਆਰਥਿਕ ਤੌਰ 'ਤੇ ਦੀਵਾਲੀਏ ਦੀ ਕਗਾਰ 'ਤੇ ਖੜਾ ਕਰ ਦਿਤਾ ਹੈ। ਖੇਤੀ ਸੰਕਟ ਤਾਂ ਪਹਿਲਾਂ ਤੋਂ ਹੀ ਗੰਭੀਰ ਹੋ ਚੁੱਕਿਆ ਸੀ ਤੇ ਹੁਣ ਨੋਟਬੰਦੀ ਤੇ ਜੀ ਐਸ ਟੀ ਦੇ ਕਾਰਨ ਛੋਟੇ ਵਪਾਰ ਤੇ ਛੋਟੀ ਸਨਅਤ ਵੀ ਦਮ ਤੋੜਣ ਲੱਗੀ ਹੈ। ਆਮ ਲੋਕਾਂ ਦਾ ਭਾਜਪਾ ਸਰਕਾਰ ਤੋਂ ਤੇਜ਼ੀ ਨਾਲ ਮੋਹ ਭੰਗ ਹੋ ਰਿਹਾ ਹੈ। ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ ਫਿਰਕੂ ਪੱਤਾ ਖੇਡਣ ਨੂੰ ਤੇਜ਼ ਕੀਤਾ ਜਾ ਰਿਹਾ ਹੈ, ਜਿਸ ਨਾਲ ਦੇਸ਼ ਦੀ ਫਿਰਕੂ ਸਦਭਾਵਨਾ ਤੇ ਜਮਹੂਰੀਅਤ ਨੂੰ ਗੰਭੀਰ ਖਤਰਾ ਖੜਾ ਹੋ ਗਿਆ ਹੈ। ਕੈਪਟਨ ਸਰਕਾਰ ਪਹਿਲੇ 6 ਮਹੀਨਿਆਂ ਵਿਚ ਹੀ ਅਸਫਲ ਹੋ ਚੁੱਕੀ ਹੈ।
ਉਕਤ ਕਾਨਫਰੰਸਾਂ ਨੇ ਅਗਲੇ ਸਮੇਂ ਲਈ ਆਪਣੀ ਨਵੀਂ ਲੀਡਰਸ਼ਿਪ ਦੀ ਚੋਣ ਵੀ ਕੀਤੀ ਅਤੇ ਬਲਾਕ ਲਈ ਡੈਲੀਗੇਟ ਵੀ ਚੁਣੇ। ਉਕਤ ਬਰਾਂਚਾਂ ਨੇ ਲੁਧਿਆਣਾ ਰੈਲੀ ਲਈ ਪਿੰਡਾਂ ਵਿਚੋਂ ਇਕ-ਇਕ ਬੱਸ ਭਰ ਕੇ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ। ਕਾਨਫਰੰਸਾਂ ਵਿਚ ਸੀਨੀਅਰ ਆਗੂ ਕਾਮਰੇਡ ਸੀਤਾ ਰਾਮ ਗੋਬਿੰਦਪੁਰਾ, ਅਮਰੀਕ ਸਿੰਘ ਬਰੇਟਾ, ਜੱਗਾ ਸਿੰਘ ਸੇਰਖਾਂ, ਜਗਤਾਰ ਸਿੰਘ ਕਾਲਾ, ਮਾਸਟਰ ਗੁਰਬਚਨ ਸਿੰਘ ਮੰਦਰਾਂ ਤੇ ਮਨਜੀਤ ਕੌਰ ਗਾਮੀਵਾਲਾ ਆਦਿ ਵੀ ਹਾਜ਼ਰ ਹਾਜ਼ਰ ਹੋਏ।