ਕੇਸਰੀ ਨੇ ਡੇਗੀ ਸੀ ਗੁਜਰਾਲ ਸਰਕਾਰ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੀ ਕਿਤਾਬ ਗੱਠਜੋੜ ਸਰਕਾਰ ਦੇ ਸਾਲ 1996-2012 ਵਿੱਚ ਇੱਕ ਵੱਡਾ ਖੁਲਾਸਾ ਕੀਤਾ ਹੈ। ਪ੍ਰਣਬ ਮੁਖਰਜੀ ਨੇ ਆਪਣੀ ਕਿਤਾਬ ਵਿੱਚ ਦੱਸਿਆ ਹੈ ਕਿ ਕਾਂਗਰਸ ਪ੍ਰਧਾਨ ਸੀਤਾ ਰਾਮ ਕੇਸਰੀ ਨੇ ਸਾਲ 1997 ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਆਈ ਕੇ ਗੁਜਰਾਲ ਦੀ ਗੱਠਜੋੜ ਸਰਕਾਰ ਨੂੰ ਡੇਗਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪ੍ਰਣਬ ਨੇ ਇਸ ਦੀ ਵਜ੍ਹਾ ਸੀਤਾ ਰਾਮ ਕੇਸਰੀ ਦੇ ਖੁਦ ਦੇ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਦੱਸਿਆ ਹੈ। ਕਾਂਗਰਸ ਨੇ ਜੈਨ ਕਮਿਸ਼ਨ ਦੀ ਮੁੱਢਲੀ ਰਿਪੋਰਟ ਤੋਂ ਬਾਅਦ ਆਈ ਕੇ ਗੁਜਰਾਲ ਸਰਕਾਰ ਤੋਂ ਸਮੱਰਥਨ ਵਾਪਸ ਲੈਣ ਦੀ ਮੰਗ ਕੀਤੀ ਸੀ। ਜੈਨ ਕਮਿਸ਼ਨ ਦੀ ਰਿਪੋਰਟ ਵਿੱਚ ਸਲਾਹ ਦਿੱਤੀ ਗਈ ਸੀ ਕਿ ਡੀ ਐਮ ਕੇ ਅਤੇ ਉਸ ਦੀ ਲੀਡਰਸ਼ਿਪ ਲਿੱਟੇ ਆਗੂ ਵੀ ਪ੍ਰਭਾਕਰਨ ਅਤੇ ਉਸ ਦੇ ਸਾਥੀਆਂ ਨੂੰ ਬੜ੍ਹਾਵਾ ਦੇਣ ਵਿੱਚ ਸ਼ਾਮਲ ਸੀ। ਉਸ ਵੇਲੇ ਕਾਂਗਰਸ ਵੱਲੋਂ ਗੁਜਰਾਲ ਸਰਕਾਰ ਨੂੰ ਬਾਹਰੋਂ ਹਮਾਇਤ ਦਿੱਤੀ ਜਾ ਰਹੀ ਸੀ। ਬਹੁਤ ਸਾਰੇ ਕਾਂਗਰਸੀ ਇਹ ਅਨੁਮਾਨ ਲਾਉਂਦੇ ਹਨ ਕਿ ਕੇਸਰੀ ਆਪ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਰੱਖਦੇ ਸਨ। ਮੁਖਰਜੀ ਨੇ ਅੱਗੇ ਲਿਖਿਆ ਹੈ ਕਿ ਕੇਸਰੀ ਨੇ ਭਾਜਪਾ ਵਿਰੋਧੀ ਭਾਵਨਾਵਾਂ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਗ਼ੈਰ ਭਾਜਪਾ ਸਰਕਾਰ ਦੀ ਖੁਦ ਅਗਵਾਈ ਕਰਨ ਦਾ ਯਤਨ ਕੀਤਾ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਨਵੀਂ ਕਿਤਾਬ ਗੱਠਜੋੜ ਦੇ ਸਾਲ 1996-2012 ਨੂੰ ਜਾਰੀ ਕਰਨ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਸੋਨੀਆ ਗਾਂਧੀ ਨੇ 2004 ਵਿੱਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਲਈ ਚੁਣਿਆ ਸੀ। ਮਨਮੋਹਨ ਸਿੰਘ ਨੇ ਕਿਹਾ ਕਿ ਪ੍ਰਣਬ ਮੁਖਰਜੀ ਇਸ ਅਹੁਦੇ ਲਈ ਹਰ ਪੱਖ ਤੋਂ ਸ੍ਰੇਸ਼ਠ ਸਨ, ਪਰ ਮੁਖਰਜੀ ਜਾਣਦੇ ਸਨ ਕਿ ਉਹ ਉਨ੍ਹਾਂ ਦੀ ਕੋਈ ਵੀ ਮੱਦਦ ਨਹੀਂ ਕਰ ਸਕਦਾ ਸੀ। ਸਮਾਗਮ ਵਿੱਚ ਕਾਂਗਰਸ ਦੀ ਪ੍ਰਧਾਨ ਸੋਨੀਆ ਅਤੇ ਰਾਹੁਲ ਗਾਂਧੀ ਵੀ ਮੌਜੂਦ ਸਨ। ਸਾਬਕਾ ਪ੍ਰਧਾਨ ਮੰਤਰੀ ਨੇ ਜਦੋਂ ਇਹ ਗੱਲ ਆਖੀ ਤਾਂ ਸੋਨੀਆ ਗਾਂਧੀ ਮੁਸਕੁਰਾ ਪਈ। ਮਨਮੋਹਨ ਸਿੰਘ ਤੇ ਪ੍ਰਣਬ ਮੁਖਰਜੀ ਆਪਣੀ ਪਸੰਦ ਨਾਲ ਰਾਜਨੀਤੀ ਵਿੱਚ ਆਏ ਸਨ ਅਤੇ ਇਹ ਇੱਕ ਸੰਯੋਗ ਵੀ ਸੀ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀ ਵੀ ਨਰਸਿਮ੍ਹਾ ਰਾਓ ਸੰਯੋਗ ਨਾਲ ਉਨ੍ਹਾਂ ਨੂੰ ਰਾਜਨੀਤੀ ਵਿੱਚ ਲਿਆਏ ਸਨ ਅਤੇ ਉਨ੍ਹਾਂ ਨੂੰ ਖ਼ਜ਼ਾਨਾ ਮੰਤਰੀ ਬਣਨ ਲਈ ਕਿਹਾ ਗਿਆ ਸੀ। ਮਨਮੋਹਨ ਸਿੰਘ ਨੇ ਕਿਹਾ ਕਿ ਮੁਖਰਜੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਸ਼ਰਦ ਪਵਾਰ ਉਨ੍ਹਾਂ ਦੀ ਸਰਕਾਰ ਵਿੱਚ ਸੀਨੀਅਰ ਮੰਤਰੀ ਸਨ ਅਤੇ ਇਹ ਦੋਵੇਂ ਬਹੁਤ ਸਮਰੱਥਾ ਰੱਖਦੇ ਸਨ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਜੇ ਯੂ ਪੀ ਏ ਸਰਕਾਰ ਆਸਾਨੀ ਨਾਲ ਚੱਲ ਸਕੀ ਹੈ ਤਾਂ ਇਸ ਦਾ ਸਾਰਾ ਸਿਹਰਾ ਪ੍ਰਣਬ ਮੁਖਰਜੀ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਪਾਰਟੀ ਜਾਂ ਸਰਕਾਰ ਸਾਹਮਣੇ ਕੋਈ ਸਮੱਸਿਆ ਆਉਂਦੀ ਸੀ ਤਾਂ ਮੁਖਰਜੀ ਦਾ ਤਜਰਬਾ ਅਤੇ ਸਮਝਦਾਰੀ ਸਭ ਤੋਂ ਵੱਧ ਮਦਦਗਾਰ ਸਾਬਤ ਹੁੰਦੇ ਸਨ।