ਪਾਸਲਾ ਵੱਲੋਂ ਅਕਤੂਬਰ ਇਨਕਲਾਬ ਦੀਆਂ ਪ੍ਰਾਪਤੀਆਂ ਘਰ-ਘਰ ਪਹੁੰਚਾਉਣ ਦਾ ਸੱਦਾ


ਬਠਿੰਡਾ (ਬਖਤੌਰ ਢਿੱਲੋਂ)
'ਮਹਾਨ ਲੈਨਿਨ ਦੀ ਅਗਵਾਈ ਵਾਲੀ ਬਾਲਸ਼ਵਿਕ ਪਾਰਟੀ ਦੇ ਪ੍ਰੋੋਗਰਾਮ 'ਤੇ ਅਮਲ ਕਰਦਿਆਂ, ਰੂਸ ਦੇ ਕਿਰਤੀਆਂ, ਕਿਸਾਨਾਂ ਤੇ ਹੋਰ ਮਿਹਨਤੀ ਵਰਗਾਂ ਵੱਲੋਂ ਅੱਜ ਤੋਂ ਸੌ ਵਰ੍ਹੇ ਪਹਿਲਾਂ ਕੀਤੀ ਗਈ ਸਮਾਜਵਾਦੀ ਕ੍ਰਾਂਤੀ (ਅਕਤੂਬਰ ਇਨਕਲਾਬ) ਉਹ ਯੁੱਗ-ਪਲਟਾਊ ਵਰਤਾਰਾ ਸੀ, ਜਿਸ ਨੇ ਪਹਿਲੀ ਵਾਰੀ ਇਸ ਮਿੱਥ ਨੂੰ ਚਕਨਾਚੂਰ ਕੀਤਾ ਕਿ 'ਗਰੀਬੀ-ਅਮੀਰੀ ਦਾ ਪਾੜਾ ਕਦੇ ਵੀ ਖ਼ਤਮ ਨਹੀਂ ਕੀਤਾ ਜਾ ਸਕਦਾ।' ਉਕਤ ਸ਼ਬਦ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਪਾਰਟੀ ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਇਕਾਈ ਵੱਲੋਂ ਸੱਦੇ ਗਏ ਅਕਤੂਬਰ ਇਨਕਲਾਬ ਦੇ ਸ਼ਤਾਬਦੀ ਵਰ੍ਹੇ (1917-2017) ਨੂੰ ਸਮਰਪਿਤ ਇਕ ਸੈਮੀਨਾਰ ਵਿਚ ਬੋਲਦਿਆਂ ਕਹੇ।
ਉਨ੍ਹਾ ਕਿਹਾ ਕਿ ਅਕਤੂਬਰ ਇਨਕਲਾਬ ਨੇ ਪੂੰਜੀਵਾਦ ਵੱਲੋਂ ਫੈਲਾਏ ਇਸ ਕੂੜ ਪ੍ਰਚਾਰ ਦਾ ਵੀ ਢੁੱਕਵਾਂ ਜਵਾਬ ਦਿੱਤਾ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਕੇ ਸਾਰੇ ਲੋਕਾਂ ਨੂੰ ਬਿਨਾਂ ਵਿਤਕਰੇ ਤੋਂ ਇਕਸਾਰ ਮਿਆਰੀ ਬੁਨਿਆਦੀ ਸਹੂਲਤਾਂ ਜਿਵੇਂ ਰੁਜ਼ਗਾਰ, ਸਿੱਖਿਆ, ਸਿਹਤ ਸਹੂਲਤਾਂ, ਸਿਰਾਂ 'ਤੇ ਛੱਤ, ਸਮਾਜਿਕ ਸੁਰੱਖਿਆ ਆਦਿ ਨਹੀਂ ਦਿੱਤੀਆਂ ਜਾ ਸਕਦੀਆਂ। ਸ੍ਰੀ ਪਾਸਲਾ ਨੇ ਕਿਹਾ ਕਿ ਰੂਸ ਅਤੇ ਬਾਕੀ ਦੇਸ਼ਾਂ 'ਚ ਸਮਾਜਵਾਦੀ ਪ੍ਰਬੰਧ ਦੇ ਹੁੰਦਿਆਂ ਸੰਸਾਰ ਭਰ ਦੇ ਕਿਰਤੀਆਂ ਦੀ ਸਾਮਰਾਜੀ ਦੇਸ਼ਾਂ ਵੱਲੋਂ ਕੀਤੀ ਜਾਂਦੀ ਲੁੱਟ, ਜੰਗੀ ਤਿਆਰੀਆਂ ਅਤੇ ਧੌਂਸ ਨੂੰ ਵੀ ਇਕ ਹੱਦ ਤੱਕ ਰੋਕ ਲੱਗੀ ਸੀ, ਜੋ ਅੱਜ ਸਿਖਰਾਂ ਛੂਹ ਚੁੱਕੀ ਹੈ। ਉਹਨਾ ਯਾਦ ਦਿਵਾਇਆ ਕਿ ਸੰਸਾਰ ਭਰ ਦੇ ਦੇਸ਼ਾਂ ਦੇ ਅਮੀਰ ਕੁਦਰਤੀ ਖਜ਼ਾਨਿਆਂ ਅਤੇ ਕਿਰਤੀਆਂ ਦੀ ਲੁੱਟ ਦਾ ਅਮਲ ਬੇਰੋਕ ਜਾਰੀ ਰੱਖਣ ਅਤੇ ਦਿਨੋਂ-ਦਿਨ ਹੋਰ ਤਿੱਖਾ ਕਰਨ ਲਈ ਟਰੰਪ ਤੋਂ ਲੈ ਕੇ ਮੋਦੀ ਤੱਕ ਲੁਟੇਰੀਆਂ ਜਮਾਤਾਂ ਦੇ ਸਾਰੇ ਪ੍ਰਤੀਨਿਧ ਨਸਲਵਾਦ, ਫਿਰਕਾਪ੍ਰਸਤੀ, ਇਲਾਕਾਵਾਦ ਅਤੇ ਹੋਰ ਫੁੱਟਪਾਊ ਅਮਲਾਂ ਰਾਹੀਂ ਸੰਸਾਰ ਭਰ 'ਚ ਅਫਰਾ-ਤਫਰੀ ਫੈਲਾ ਰਹੇ ਹਨ। ਇਸ ਤੋਂ ਵੀ ਅਗਾਂਹ ਜਾ ਕੇ ਹਥਿਆਰਾਂ ਦੇ ਵਪਾਰ ਰਾਹੀਂ ਚੋਖੀਆਂ ਕਮਾਈਆਂ ਕਰਨ ਅਤੇ ਦੇਸ਼ਾਂ 'ਤੇ ਪੱਕਾ ਕਬਜ਼ਾ ਕਰਨ ਦੀ ਕੋਝੀ ਮਨਸ਼ਾ ਅਧੀਨ ਜੰਗ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਅਤੇ ਇਹ ਸਾਰੀ ਕਸਰਤ ਲੋਕਾਂ ਨੂੰ ਉਨ੍ਹਾਂ ਦੇ ਬੁਨਿਆਦੀ ਮਸਲਿਆਂ ਤੋਂ ਉਖੇੜਣ ਲਈ ਕੀਤੀ ਜਾ ਰਹੀ ਹੈ। ਸ੍ਰੀ ਪਾਸਲਾ ਨੇ ਕਿਹਾ ਕਿ ਇਹ ਸੋਚਣਾ ਬੜੀ ਛੋਟੀ ਗੱਲ ਹੋਵੇਗੀ ਕਿ ਸਮਾਜਵਾਦ ਕੇਵਲ ਰੂਸ ਵਿਚ ਹੀ ਟੁੱਟ ਗਿਆ ਹੈ, ਬਲਕਿ ਸੋਚਣ ਦਾ ਨਜ਼ਰੀਆ ਇਹ ਹੋਣਾ ਚਾਹੀਦਾ ਹੈ ਕਿ ਸਮਾਜਵਾਦੀ ਕੈਂਪ ਦੇ ਢਹਿਢੇਰੀ ਹੋਣ ਨਾਲ ਸੰਸਾਰ ਅਮਨ ਅਤੇ ਬਰਾਬਰੀ ਤੇ ਭਾਈਚਾਰਕ ਏਕਤਾ ਦੇ ਸੰਕਲਪ ਨੂੰ ਭਾਰੀ ਢਾਹ ਲੱਗੀ ਹੈ। ਉਨ੍ਹਾ ਕਿਹਾ ਕਿ ਸਮਾਜਵਾਦ ਦੇ ਢਹਿਢੇਰੀ ਹੋਣ ਦਾ ਦੁੱਖ ਹੋਣਾ ਚਾਹੀਦਾ ਹੈ, ਪਰ ਸੰਸਾਰ ਭਰ ਵਿਚ ਸਮਾਨਤਾ ਚਾਹੁਣ ਵਾਲੇ ਲੋਕਾਂ ਲਈ ਦਰੁਸਤ ਸਬਕ ਇਹ ਹੋਵੇਗਾ ਕਿ ਉਕਤ ਵਰਤਾਰੇ ਤੋਂ ਸਹੀ ਸਬਕ ਲੈਂਦੇ ਹੋਏ ਇਨਕਲਾਬੀ ਲਹਿਰ ਨੂੰ ਤੇਜ਼ ਕਰਕੇ ਸਮਾਜਵਾਦੀ ਇਨਕਲਾਬ ਦੇ ਨਿਸ਼ਾਨੇ ਦੀ ਕਾਮਯਾਬੀ ਲਈ ਅੱਗੇ ਵਧਿਆ ਜਾਵੇ, ਜਿਸ ਨਾਲ ਭਵਿੱਖ 'ਚ ਅਜਿਹੇ ਹਕੀਕੀ ਸਮਾਜਵਾਦ ਦਾ ਨਿਰਮਾਣ ਕੀਤਾ ਜਾਵੇ, ਜਿਸ 'ਚ ਸੋਵੀਅਤ ਯੂਨੀਅਨ ਵਾਲੀਆਂ ਘਾਟਾਂ ਕਮਜ਼ੋਰੀਆਂ ਨਾ ਰਹਿਣ। ਸ੍ਰੀ ਪਾਸਲਾ ਨੇ ਹੱਕ-ਸੱਚ ਇਨਸਾਫ ਦੀ ਰਾਖੀ ਲਈ, ਵਿਗਿਆਨਕ ਤੇ ਅਗਾਂਹਵਧੂ ਸਰੋਕਾਰਾਂ ਦੇ ਪਸਾਰ ਲਈ, ਫਿਰਕੂ ਸ਼ਕਤੀਆਂ ਨੂੰ ਭਾਂਜ ਦੇਣ ਲਈ ਅਤੇ ਹਰ ਕਿਸਮ ਦੀ ਲੁੱਟ-ਚੋਂਘ ਤੋਂ ਮੁਕਤ ਸਮਾਜ ਦੀ ਕਾਇਮੀ ਲਈ ਜੂਝ ਰਹੀਆਂ ਸ਼ਕਤੀਆਂ ਨੂੰ ਅਕਤੂਰ ਇਨਕਲਾਬ ਦੀਆਂ ਪ੍ਰਾਪਤੀਆਂ ਅਤੇ ਭਵਿੱਖੀ ਨਿਸ਼ਾਨੇ ਘਰ-ਘਰ ਲਿਜਾਣ ਲਈ ਹਰ ਪੱਧਰ 'ਤੇ ਬਹੁਮੰਤਵੀ ਯਤਨ ਕਰਨ ਦਾ ਸੱਦਾ ਦਿੱਤਾ। ਸ੍ਰੀ ਪਾਸਲਾ ਤੋਂ ਇਲਾਵਾ ਸੈਮੀਨਾਰ ਵਿਚ ਮਹੀਪਾਲ, ਛੱਜੂ ਰਾਮ ਰਿਸ਼ੀ ਅਤੇ ਲਾਲ ਚੰਦ ਸਰਦੂਲਗੜ੍ਹ ਨੇ ਵੀ ਆਪਣੇ ਵਿਚਾਰ ਰੱਖੇ।