Latest News
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ

Published on 16 Oct, 2017 11:11 AM.


ਗਾਜ਼ੀਆਬਾਦ (ਨਵਾਂ ਜ਼ਮਾਨਾ ਸਰਵਿਸ)
ਨੋਇਡਾ ਦੇ ਬਹੁ-ਚਰਚਿਤ ਆਰੂਸ਼ੀ ਅਤੇ ਹੇਮਰਾਜ ਕਤਲ ਦੇ ਮਾਮਲੇ ਵਿੱਚ ਡਾਸਨਾ ਜੇਲ੍ਹ ਵਿੱਚ ਬੰਦ ਰਾਜੇਸ਼ ਅਤੇ ਨੂਪੁਰ ਤਲਵਾੜ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਤਲਵਾੜ ਜੋੜਾ ਪਿਛਲੇ ਚਾਰ ਸਾਲਾਂ ਤੋਂ ਆਪਣੇ ਧੀ ਅਤੇ ਨੌਕਰ ਦੇ ਕਤਲ ਦੇ ਮਾਮਲੇ ਵਿੱਚ ਡਾਸਨਾ ਜੇਲ੍ਹ ਵਿੱਚ ਬੰਦ ਸੀ। ਇਲਾਹਾਬਾਦ ਹਾਈ ਕੋਰਟ ਤੋਂ ਬਾਅਦ ਗਾਜ਼ੀਆਬਾਦ ਸੀ ਬੀ ਆਈ ਅਦਾਲਤ ਨੇ ਤਲਵਾੜ ਜੋੜੇ ਨੂੰ ਸੋਮਵਾਰ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ। ਅਦਾਲਤ ਨੇ ਇਸ ਜੋੜੇ ਵੱਲੋਂ ਇੱਕ-ਇੱਕ ਲੱਖ ਰੁਪਏ ਦੇ ਜ਼ਮਾਨਤੀ ਬਾਂਡ ਭਰਨ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ। ਵਕੀਲਾਂ ਦੀ ਹੜਤਾਲ ਕਾਰਨ ਤਲਵਾੜ ਜੋੜੇ ਦੀ ਰਿਹਾਈ ਦੇ ਹੁਕਮਾਂ ਵਿੱਚ ਦੇਰ ਹੋਈ ਹੈ। ਤਲਵਾੜ ਜੋੜੇ ਵੱਲੋਂ ਵਕੀਲ ਮਨੋਜ ਸਿਸੋਦੀਆ ਅਦਾਲਤ ਵਿੱਚ ਪੇਸ਼ ਹੋਏ। ਸਾਰੇ ਸੰਬੰਧਤ ਦਸਤਾਵੇਜ਼ ਅਦਾਲਤ ਵਿੱਚ ਜਮ੍ਹਾਂ ਕਰਵਾਏ।
ਇਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਰਾਜੇਸ਼ ਤਲਵਾੜ ਅਤੇ ਨੂਪੁਰ ਤਲਵਾੜ ਨੂੰ ਸੋਮਵਾਰ ਸ਼ਾਮੀ ਪੰਜ ਵਜੇ ਰਿਹਾਅ ਕਰ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਨੇ ਲੰਮੇ ਇੰਤਜ਼ਾਰ ਕਰ ਰਹੇ ਪੱਤਰਕਾਰਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਜਾਣਕਾਰੀ ਮੁਤਾਬਕ ਤਲਵਾੜ ਜੋੜੇ ਦੀ ਰਿਹਾਈ ਦਾ ਹੁਕਮ ਸੋਮਵਾਰ ਸੀ ਬੀ ਆਈ ਅਦਾਲਤ ਵਿੱਚ ਪਹੁੰਚਿਆ, ਜਿਸ ਤੋਂ ਦੁਪਹਿਰ ਸਾਢੇ ਤਿੰਨ ਵਜੇ ਉਨ੍ਹਾਂ ਦੀ ਰਿਹਾਈ ਦਾ ਪਰਵਾਨਾ ਜਾਰੀ ਕੀਤਾ ਗਿਆ। ਇਸ ਦੌਰਾਨ ਸੀ ਬੀ ਆਈ ਕੋਰਟ ਵਿੱਚ 4 ਵਿਅਕਤੀਆਂ ਨੇ ਰਾਜੇਸ਼ ਅਤੇ ਨੂਪੁਰ ਤਲਵਾੜ ਦਾ ਜ਼ਮਾਨਤੀ ਬਾਂਡ ਭਰਿਆ, ਇਨ੍ਹਾਂ ਵਿੱਚ ਨੂਪੁਰ ਦੇ ਮਾਤਾ-ਪਿਤਾ, ਰਾਜੇਸ਼ ਦੇ ਭਰਾ ਦਿਨੇਸ਼ ਤਲਵਾੜ ਅਤੇ ਉਨ੍ਹਾਂ ਦੇ ਦੋਸਤ ਸ਼ਾਮਲ ਸਨ। ਰਿਹਾਈ ਤੋਂ ਬਾਅਦ ਤਲਵਾੜ ਜੋੜਾ ਪੱਤਰਕਾਰਾਂ ਤੋਂ ਬਚਦਾ ਰਿਹਾ ਤਾਂ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਨਾ ਕਰਨਾ ਪਵੇ। ਤਲਵਾੜ ਜੋੜੇ ਦੇ ਵਕੀਲ ਤਨਵੀਰ ਅਹਿਮਦ ਨੀਰ ਨੇ ਕਿਹਾ ਹੈ ਕਿ ਆਖ਼ਿਰ ਸੱਚ ਦੀ ਜਿੱਤ ਹੋਈ ਹੈ। ਓਧਰ ਆਰੂਸ਼ੀ ਦੇ ਨਾਨਾ ਨੇ ਕਿਹਾ ਹੈ ਕਿ ਪਿਛਲੇ 9 ਸਾਲਾਂ ਤੋਂ ਬਹੁਤ ਤਨਾਅ ਦਾ ਸ਼ਿਕਾਰ ਰਹੇ ਹਨ ਅਤੇ ਹੁਣ ਉਹ ਆਮ ਜ਼ਿੰਦਗੀ ਜਿਊਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਤਲਵਾੜ ਜੋੜੇ ਨੇ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਵਿਰੁੱਧ ਇਲਾਹਾਬਾਦ ਹਾਈ ਕੋਰਟ ਵਿਰੁੱਧ ਅਪੀਲ ਕੀਤੀ ਸੀ। ਹਾਈ ਕੋਰਟ ਨੇ 12 ਅਕਤੂਬਰ ਨੂੰ ਮਾਮਲੇ ਦੀ ਜਾਂਚ ਵਿੱਚ ਖਾਮੀਆਂ ਦੱਸਦਿਆਂ ਤਲਵਾੜ ਜੋੜੇ ਨੂੰ ਬਰੀ ਕਰ ਦਿੱਤਾ ਸੀ। ਮਈ 2008 ਵਿੱਚ ਨੋਇਡਾ ਦੇ ਜਲਵਾਯੂ ਬਿਹਾਰ ਇਲਾਕੇ 'ਚ 14 ਸਾਲ ਦੀ ਆਰੂਸੀ ਦੀ ਮ੍ਰਿਤਕ ਦੇਹ ਉਸ ਦੀ ਰਿਹਾਇਸ਼ ਤੋਂ ਬਰਾਮਦ ਕੀਤੀ ਗਈ ਸੀ। ਸ਼ੁਰੂਆਤ ਵਿੱਚ ਸ਼ੱਕ ਕੀਤਾ ਗਿਆ ਸੀ ਕਿ ਨੌਕਰ ਹੇਮਰਾਜ ਨੇ ਉਸ ਦਾ ਕਤਲ ਕੀਤਾ ਹੈ, ਪਰ ਦੋ ਦਿਨ ਬਾਅਦ ਮਕਾਨ ਦੀ ਛੱਤ ਤੋਂ ਉਸ ਦੀ ਲਾਸ਼ ਵੀ ਬਰਾਮਦ ਹੋ ਗਈ ਸੀ। ਉੱਤਰ ਪ੍ਰਦੇਸ਼ ਦੀ ਉਸ ਵੇਲੇ ਦੀ ਮੁੱਖ ਮੰਤਰੀ ਮਾਇਆਵਤੀ ਨੇ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਦੇ ਹੁਕਮ ਦਿੱਤੇ ਸਨ। ਗਾਜ਼ੀਆਬਾਦ ਸਥਿਤ ਵਿਸ਼ੇਸ਼ ਸੀ ਬੀ ਆਈ ਅਦਾਲਤ ਨੇ 26 ਨਵੰਬਰ 2013 ਨੂੰ ਰਜੇਸ਼ ਅਤੇ ਨੂਪਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇੱਕ ਦਿਨ ਪਹਿਲਾਂ ਇਸ ਜੋੜੇ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਸ ਤਲਵਾੜ ਜੋੜੇ ਨੇ ਉਮਰ ਕੈਦ ਦੀ ਸਜ਼ਾ ਵਿਰੁੱਧ ਇਲਾਹਾਬਾਦ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾ ਦੀ ਪਟੀਸ਼ਨ 'ਤੇ ਹਾਈ ਕੋਰਟ ਦੇ ਜਸਟਿਸ ਬੀ ਕੇ ਨਰਾਇਣ ਅਤੇ ਜਸਟਿਸ ਏ ਕੇ ਮਿਸ਼ਰਾ 'ਤੇ ਅਧਾਰਤ ਬੈਂਚ ਨੇ ਆਪਣਾ ਫੈਸਲਾ 7 ਸਤੰਬਰ ਲਈ ਰਾਖਵਾਂ ਰੱਖ ਲਿਆ ਸੀ ਅਤੇ ਫੈਸਲਾ ਸੁਣਾਉਣ ਦੀ ਤਰੀਕ 12 ਅਕਤੂਬਰ ਨਿਸ਼ਚਿਤ ਕੀਤੀ ਗਈ ਸੀ।

408 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper