ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਮੋਦੀ ਤੇ ਕੈਪਟਨ ਸਰਕਾਰ ਜ਼ਿੰਮੇਵਾਰ : ਮਾੜੀਮੇਘਾ


ਤਰਨ ਤਾਰਨ (ਨਵਾਂ ਜ਼ਮਾਨਾ ਸਰਵਿਸ)
ਕੇਂਦਰ ਤੇ ਪੰਜਾਬ ਸਰਕਾਰ ਕਿਸਾਨ ਹਿਤੈਸ਼ੀ ਨਹੀਂ ਹੈ। ਇਹ ਸਰਕਾਰਾਂ ਤਾਂ ਸਿਧਾਂਤਕ ਤੌਰ 'ਤੇ ਹੀ ਕਿਸਾਨ ਵਿਰੋਧੀ ਹਨ। ਇਹ ਵਿਚਾਰ ਏਟਕ ਦੇ ਸੂਬਾਈ ਸਕੱਤਰ ਪ੍ਰਿੰਥੀਪਾਲ ਸਿੰਘ ਮਾੜੀਮੇਘਾ ਨੇ ਜ਼ਿਲ੍ਹੇ ਭਰ 'ਚੋਂ ਆਏ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਨ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਦੀ ਆਰਥਕ ਹਾਲਤ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਸਾਡੀਆਂ ਸਰਕਾਰਾਂ ਦੀ ਨੀਤੀ ਕਿਸਾਨ ਪੱਖੀ ਨਹੀਂ ਹੈ। ਇਹ ਤਾਂ ਵੱਡੇ-ਵੱਡੇ ਵਪਾਰੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇ ਰਹੀਆਂ ਹਨ। ਉਂਝ ਸਾਡੇ ਦੇਸ਼ ਦਾ ਕਿਸਾਨ ਅੰਨਦਾਤਾ ਕਹਾਉਂਦਾ ਹੈ, ਪਰ ਅਜੋਕੀ ਪ੍ਰਸਥਿਤੀ ਵਿੱਚ ਅੰਨਦਾਤਾ ਆਤਮ ਹੱਤਿਆ ਕਰਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਰਿਹਾ ਹੈ। ਕੇਂਦਰ ਹੀ ਮੋਦੀ ਸਰਕਾਰ ਨੇ ਵੱਡੇ-ਵੱਡੇ ਜ਼ਖੀਰੇਬਾਜ਼ ਨੂੰ ਇੰਨੀ ਖੁਲ੍ਹ ਦਿੱਤੀ ਹੋਈ ਹੈ ਕਿ ਉਹ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਹੁਤ ਹੀ ਘੱਟ ਰੇਟ 'ਤੇ ਖਰੀਦਦੇ ਹਨ, ਜਿਸ ਕਰਕੇ ਕਿਸਾਨਾਂ ਦੀਆਂ ਫਸਲਾਂ ਦੇ ਲਾਗਤ ਖਰਚੇ ਵੀ ਪੂਰੇ ਨਹੀਂ ਹੁੰਦੇ। ਕਿਸਾਨਾਂ ਦੀਆਂ ਫ਼ਸਲਾਂ, ਜਦੋਂ ਇਹ ਵਪਾਰੀ, ਸਰਕਾਰ ਦੀ ਮਿਲੀਭੁਗਤ ਨਾਲ ਮੰਡੀ 'ਚੋਂ ਚੁੱਕ ਕੇ ਆਪਣੇ ਘਰ ਲੈ ਜਾਂਦੇ ਹਨ ਤਾਂ ਕੁਝ ਦਿਨਾਂ ਬਾਅਦ ਹੀ ਉਹ ਵਪਾਰੀ ਉਨ੍ਹਾਂ ਫਸਲਾਂ ਦੇ ਮੁੱਲ ਵਧਾ ਦਿੰਦੇ ਹਨ। ਜਿਵੇਂ ਆਲੂ, ਮਟਰ, ਮੱਕੀ, ਮੂੰਗੀ, ਟਮਾਟਰ ਆਦਿ ਕਈ ਫ਼ਸਲਾਂ ਨਾਲ ਵਾਪਰਿਆ ਹੈ। ਉਕਤ ਫ਼ਸਲਾਂ ਨੂੰ ਵਪਾਰੀਆਂ ਨੇ ਬਹੁਤ ਹੀ ਘੱਟ ਰੇਟ 'ਤੇ ਖਰੀਦ ਕੇ ਕਿਸਾਨਾਂ ਦੀ ਲੁੱਟ ਕੀਤੀ ਤੇ ਬਾਅਦ ਵਿੱਚ ਇਨ੍ਹਾਂ ਦੀਆਂ ਕੀਮਤਾਂ ਇੰਨੀਆਂ ਵਧ ਗਈਆਂ ਹਨ ਕਿ ਸਾਧਾਰਨ ਵਿਅਕਤੀ ਖ਼ਰੀਦ ਹੀ ਨਹੀਂ ਸਕਦਾ। ਪੰਜਾਬ ਦੀ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮਾਰ ਕਰਨ ਬਾਬਤ ਹਾਲੇ ਤੱਕ ਕੁਝ ਵੀ ਸਾਫ਼ ਨਹੀਂ ਕੀਤਾ। ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਜੈਮਲ ਸਿੰਘ ਬਾਠ ਨੇ ਕਿਹਾ ਕਿ ਸਰਕਾਰ ਝੋਨੇ ਦੀ ਪਰਾਲੀ ਖਪਤ ਕਰਨ ਦਾ ਪ੍ਰਤੀ ਏਕੜ ਮੁਆਵਜ਼ਾ ਦੇਵੇ। ਆਲ ਇੰਡੀਆ ਕਿਸਾਨ ਸਭਾ ਵੱਲੋਂ ਦੇਸ਼ ਭਰ ਦੇ ਕਿਸਾਨ ਦਿੱਲੀ ਪਾਰਲੀਮੈਂਟ ਅੱਗੇ ਤਿੰਨ ਰੋਜ਼ਾ ਧਰਨਾ ਦੇਣ ਜਾ ਰਹੇ ਹਨ। ਪੰਜਾਬ ਦੇ ਕਿਸਾਨ 4 ਨਵੰਬਰ ਨੂੰ ਦਿੱਲੀ ਪੁੱਜ ਕੇ ਧਰਨੇ ਵਿੱਚ ਸ਼ਾਮਲ ਹੋਣਗੇ। ਤਰਨ ਤਾਰਨ ਜ਼ਿਲ੍ਹੇ ਵਿੱਚੋਂ ਕਿਸਾਨਾਂ ਦਾ ਵੱਡਾ ਜਥਾ ਦਿੱਲੀ ਪੁੱਜ ਰਿਹਾ ਹੈ। ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਧੂੰਦਾ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੀ ਸਰਕਾਰ ਡੀਜ਼ਲ ਤੇ ਪੈਟਰੋਲ ਲੋਕਾਂ ਨੂੰ ਸਸਤਾ ਮੁਹੱਈਆ ਕਰੇ।
ਉਨ੍ਹਾ ਇਹ ਵੀ ਕਿਹਾ ਕਿ ਸਰਕਾਰ ਬਿਆਸ ਦਰਿਆ ਦੇ ਨਜ਼ਦੀਕ ਵਸਦੇ ਕਿਸਾਨਾਂ ਦੀ ਬਿਹਤਰੀ ਵਾਸਤੇ ਧੁਸੀ ਬੰਨ੍ਹ ਠੀਕ ਢੰਗ ਨਾਲ ਤਾਂ ਜੋ ਕਿਸਾਨਾਂ ਦੀ ਫ਼ਸਲਾਂ ਪਾਣੀ ਦੀ ਮਾਰ ਤੋਂ ਬਚ ਸਕਣ। ਉਕਤ ਬੁਲਾਰਿਆਂ ਤੋਂ ਇਲਾਵਾ ਕਿਸਾਨ ਆਗੂ ਤਾਰਾ ਸਿੰਘ ਖੈਹਰਾ, ਦਵਿੰਦਰ ਕੁਮਾਰ ਸੋਹਲ, ਤਾਰਾ ਸਿੰਘ ਰਾਏ, ਬਲਵਿੰਦਰ ਸਿੰਘ ਦਦੇਹਰ ਸਾਹਿਬ, ਸੁਰਜੀਤ ਸਿੰਘ ਖੇਲਾ, ਹਰਬੰਸੋ ਸਿੰਘ ਵੜਿੰਗ, ਨਰਿੰਦਰ ਸਿੰਘ ਅਲਗੋਂ, ਡਾ. ਬਲਵਿੰਦਰ ਸਿੰਘ, ਅਵਤਾਰ ਸਿੰਘ ਪਲਾਸੌਰ, ਮੋਤਾ ਸਿੰਘ ਸੋਹਲ, ਕੰਵਲਜੀਤ ਸਬਜੀਤ ਸਿੰਘ ਸੋਹਲ, ਜਗਜੀਤ ਸਿੰਘ ਰਛਪਾਲ ਸਿੰਘ ਬਾਠ, ਹਰਭਿੰਦਰ ਸਿੰਘ ਕਸੇਲ, ਸੁਖਦੇਵ ਸਿੰਘ ਮਾਣੋਚਾਹਲ, ਸੁਰਿੰਦਰ ਸਿੰਘ ਖੂਹ ਵਾਲਾ ਆੀਦ ਮੌਜੂਦ ਹਨ।