ਹਨੀਪ੍ਰੀਤ ਨੂੰ ਭਜਾਉਣ ਵਾਲਾ ਅਰੋੜਾ ਗ੍ਰਿਫ਼ਤਾਰ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਹਰਿਆਣਾ ਪੁਲਸ ਨੇ ਡੇਰਾ ਸੱਚਾ ਸੌਦਾ ਦੇ ਚਾਰਟਿਡ ਅਕਾਊਂਟੈਂਟ ਅਤੇ ਐਮ ਐਸ ਜੀ ਕੰਪਨੀ ਦੇ ਸੀ ਈ ਓ ਸੀ ਪੀ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੀ ਪੀ ਅਰੋੜਾ 'ਤੇ ਦੋਸ਼ ਹੈ ਕਿ ਉਸ ਨੇ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਭਜਾਉਣ 'ਚ ਮਦਦ ਕੀਤੀ ਸੀ। ਇਸ ਦੇ ਨਾਲ ਹੀ ਉਸ ਨੇ ਪੰਚਕੂਲਾ 'ਚ ਹਿੰਸਾ ਭੜਕਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਜ਼ਿਕਰਯੋਗ ਹੈ ਕਿ ਰਾਮ ਰਹੀਮ ਨੂੰ 25 ਅਗਸਤ ਨੂੰ ਜਬਰ-ਜ਼ਨਾਹ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਸੀ। ਇਸ ਤੋਂ ਬਾਅਦ ਪੰਚਕੂਲਾ, ਹਰਿਆਣਾ ਤੇ ਪੰਜਾਬ 'ਚ ਕਈ ਥਾਈਂ ਹਿੰਸਕ ਪ੍ਰਦਰਸ਼ਨ ਹੋਏ ਸਨ। ਇਸ ਹਿੰਸਾ 'ਚ 30 ਤੋਂ ਵੱਧ ਵਿਅਕਤੀ ਮਾਰੇ ਗਏ ਸਨ। ਘਟਨਾ ਤੋਂ ਬਾਅਦ ਹਨੀਪ੍ਰੀਤ ਫਰਾਰ ਹੋ ਗਈ ਸੀ। ਕਰੀਬ ਇੱਕ ਮਹੀਨੇ ਬਾਅਦ ਹਨੀਪ੍ਰੀਤ ਮੀਡੀਆ ਸਾਹਮਣੇ ਆਈ ਸੀ ਅਤੇ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਹਨੀਪ੍ਰੀਤ ਇਸ ਵੇਲੇ ਅੰਬਾਲਾ ਜੇਲ੍ਹ 'ਚ ਬੰਦ ਹੈ। ਪੁਲਸ ਨੇ ਹਨੀਪ੍ਰੀਤ ਤੋਂ ਕਈ ਵਾਰੀ ਪੁੱਛਗਿੱਛ ਕੀਤੀ ਹੈ ਅਤੇ ਉਸ ਨੇ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ। ਸੀ ਪੀ ਅਰੋੜਾ ਦੀ ਗ੍ਰਿਫ਼ਤਾਰੀ ਵੀ ਇਸੇ ਕੜੀ ਦਾ ਹਿੱਸਾ ਮੰਨੀ ਜਾ ਰਹੀ ਹੈ।