ਚੰਡੀਗੜ੍ਹ ਏਅਰਪੋਰਟ ਤੋਂ ਫੜਿਆ ਗਿਆ 39 ਲੱਖ ਰੁਪਏ ਦਾ ਸੋਨਾ


ਚੰਡੀਗੜ੍ਹ (ਨਵਾਂ
ਜ਼ਮਾਨਾ ਸਰਵਿਸ)
ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ 'ਤੇ ਇੱਕ ਵਿਅਕਤੀ ਤੋਂ 39 ਲੱਖ ਰੁਪਏ ਮੁੱਲ ਦੇ ਸੋਨੇ ਦੇ ਚਾਰ ਬਿਸਕੁਟ ਬਰਾਮਦ ਕੀਤੇ ਹਨ। ਕਸਟਮ ਅਧਿਕਾਰੀਆਂ ਨੇ ਦਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸ਼ਖਸ ਨੇ ਆਪਣੇ ਬੂਟਾਂ 'ਚ ਸੋਨੇ ਦੇ ਬਿਸਕੁਟ ਲੁਕਾਏ ਹੋਏ ਸਨ ਅਤੇ ਸ਼ਾਰਜਾਹ ਤੋਂ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਰਾਹੀਂ ਚੰਡੀਗੜ੍ਹ ਪੁੱਜਾ ਸੀ। ਕਸਟਮ ਵਿਭਾਗ ਦੇ ਡਿਪਟੀ ਕਮਿਸ਼ਨਰ ਏ ਐਸ ਰੰਗਾ ਨੇ ਦਸਿਆ ਕਿ ਸੋਨੇ ਦੇ ਬਿਸਕੁਟ ਬਰਾਮਦ ਹੋਣ ਮਗਰੋਂ ਜਲੰਧਰ ਨਿਵਾਸੀ ਹਰਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾ ਦਸਿਆ ਕਿ ਮਗਰੋਂ ਹਰਸ਼ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਬਰਾਮਦ ਕੀਤੇ ਗਏ ਸੋਨੇ ਦੀ ਅਨੁਮਾਨਤ ਕੀਮਤ 39 ਲੱਖ ਰੁਪਏ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਏਅਰਪੋਰਟ 'ਤੇ ਸੋਨੇ ਦੀ ਸਮਗਲਿੰਗ ਫੜੀ ਗਈ ਹੈ। ਖਾੜੀ ਦੇਸ਼ਾਂ ਤੋਂ ਸਮਗਲਿੰਗ ਰਾਹੀਂ ਸੋਨਾ ਇੱਥੇ ਲਿਆਂਦਾ ਜਾਂਦਾ ਹੈ ਅਤੇ ਪਿਛਲੇ ਮਹੀਨਿਆਂ ਦੌਰਾਨ ਕਸਟਮ ਅਧਿਕਾਰੀਆਂ ਨੇ ਹਵਾਈ ਅੱਡੇ ਤੋਂ 90 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਸੰਯੁਕਤ ਅਰਬ ਅਮੀਰਾਤ ਅਤੇ ਸ਼ਾਰਜਾਹ ਨਾਲ ਸਿੱਧੀ ਫਲਾਈਟ ਰਾਹੀਂ ਜੁੜਿਆ ਹੋਇਆ ਹੈ ਅਤੇ ਸੋਨੇ ਦੀ ਸਮਗਲਿੰਗ ਇਹਨਾਂ ਉਡਾਣਾਂ ਰਾਹੀਂ ਹੀ ਹੁੰਦੀ ਹੈ।