ਅੱਤਵਾਦੀਆਂ ਹੱਥੋਂ ਮਾਰੇ ਗਏ ਸਰਕਾਰੀ ਮੁਲਾਜ਼ਮਾਂ ਦੀਆਂ ਵਿਧਵਾਵਾਂ ਲਈ ਵਿਸ਼ੇਸ਼ ਪਰਵਾਰਕ ਪੈਨਸ਼ਨ ਬਹਾਲ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦੀਆਂ ਵੱਲੋਂ ਮਾਰੇ ਗਏ ਸਰਕਾਰੀ ਮੁਲਾਜ਼ਮਾਂ ਦੀਆਂ ਵਿਧਵਾਵਾਂ ਲਈ ਵਿਸ਼ੇਸ਼ ਪਰਵਾਰਕ ਪੈਨਸ਼ਨ ਬਹਾਲ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਅੱਤਵਾਦ ਦੇ ਦੌਰ ਵਿੱਚ ਮਾਰੇ ਗਏ ਪੁਲਸ ਮੁਲਾਜ਼ਮਾਂ ਦੇ ਪਰਵਾਰਾਂ ਨੂੰ ਲਾਲ ਕਾਰਡ ਸਕੀਮ ਦਾ ਲਾਭ ਦੇਣ ਦੀ ਵੀ ਸਹਿਮਤੀ ਦੇ ਦਿੱਤੀ।
ਸਾਲ 2016 ਵਿੱਚ ਪਿਛਲੀ ਅਕਾਲੀ ਸਰਕਾਰ ਨੇ ਵਿਸ਼ੇਸ਼ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਆਉਣ 'ਤੇ ਇਸ ਸਕੀਮ ਨੂੰ ਬਹਾਲ ਕਰਨ ਦਾ ਵਾਅਦਾ ਕੀਤਾ ਸੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਸ ਸਕੀਮ ਤਹਿਤ ਵਿਧਵਾ ਨੂੰ ਉਸ ਦੀ ਮੌਤ ਤੱਕ ਪੈਨਸ਼ਨ ਮਿਲੇਗੀ, ਜਦਕਿ ਇਸ ਤੋਂ ਪਹਿਲਾਂ ਉਸ ਦੇ ਮੁੜ ਵਿਆਹੇ ਜਾਣ ਤੱਕ ਪੈਨਸ਼ਨ ਦੇਣ ਦਾ ਉਪਬੰਧ ਸੀ।
ਸ਼ਹੀਦ ਪੁਲਸ ਮੁਲਾਜ਼ਮਾਂ ਦੇ ਪਰਵਾਰਾਂ ਵੱਲੋਂ ਕੀਤੀ ਅਪੀਲ ਨਾਲ ਸਹਿਮਤੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਲ ਕਾਰਡ ਦਿੱਤੇ ਜਾਣਗੇ, ਜੋ ਕਿ ਹੁਣ ਤੱਕ ਸਿਰਫ ਅੱਤਵਾਦ ਤੋਂ ਪੀੜਤ ਸਿਵਲੀਅਨਾਂ ਨੂੰ ਹੀ ਦਿੱਤੇ ਜਾਂਦੇ ਹਨ। ਪੰਜਾਬ ਪੁਲਸ ਦੇ ਬਹਾਦਰੀ ਤੇ ਕੁਰਬਾਨੀ ਭਰੇ ਇਤਿਹਾਸ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਅੱਤਵਾਦ ਦੌਰਾਨ ਪੰਜਾਬ ਵੱਲੋਂ ਹੰਢਾਈਆਂ ਔਖੀਆਂ ਪ੍ਰਸਥਿਤੀਆਂ ਅਤੇ ਸ਼ਾਂਤੀ ਦੀ ਬਹਾਲੀ ਲਈ ਪੁਲਸ ਦੀਆਂ ਮਹਾਨ ਕੁਰਬਾਨੀਆਂ ਨੂੰ ਚੇਤੇ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਪਰਵਾਰਾਂ ਨਾਲ ਵਾਅਦਾ ਕੀਤਾ ਕਿ ਹਥਿਆਰਬੰਦ ਪੁਲਸ ਵਿੱਚ ਭਰਤੀ, ਉਨ੍ਹਾਂ ਦੇ ਬੱਚਿਆਂ ਦੀ ਤਾਇਨਤੀ ਗ੍ਰਹਿ ਜ਼ਿਲ੍ਹਿਆਂ ਦੇ ਨੇੜੇ ਕਰਨ ਬਾਰੇ ਮੰਗ ਨੂੰ ਸਰਕਾਰ ਵੱਲੋਂ ਹਮਦਰਦੀ ਨਾਲ ਵਿਚਾਰਿਆ ਜਾਵੇਗਾ।
ਮੁੱਖ ਮੰਤਰੀ ਨੇ ਇਹ ਐਲਾਨ ਅੱਜ ਇੱਥੇ ਪੰਜਾਬ ਪੁਲਸ ਹੈਡਕੁਆਰਟਰ ਵਿਖੇ ਸ਼ਹੀਦੀ ਦਿਵਸ ਦੀ ਪੂਰਵ ਸੰਧਿਆ ਮੌਕੇ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਪੁਲਸ ਫੋਰਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪੁਲਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼ਹੀਦਾਂ ਦੇ ਪਰਵਾਰਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਜੋਤ ਜਗਾਈ।
ਸੂਬੇ ਵਿੱਚ ਐੱਸ.ਪੀ.ਓਜ਼ ਅਤੇ ਹੋਮਗਾਰਡਜ਼ ਸਮੇਤ ਪੁਲਸ ਦੇ ਕੁੱਲ 1600 ਸ਼ਹੀਦਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਸ਼ਹੀਦ ਪੁਲਸ ਮੁਲਾਜ਼ਮਾਂ ਦੇ ਪਰਵਾਰਾਂ ਸਮੇਤ ਬਾਕੀ ਪੁਲਸ ਫੋਰਸ ਅਤੇ ਉਨ੍ਹਾਂ ਦੇ ਪਰਵਾਰਾਂ ਦੇ ਭਲਾਈ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਪਰਵਾਰਕ ਪੈਨਸ਼ਨ ਲਈ ਡੀ.ਜੀ.ਪੀ. ਨੂੰ ਲੋੜੀਂਦੀਆਂ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਇਸ ਸਕੀਮ ਨੂੰ ਅੱਤਵਾਦ ਵਿਰੁੱਧ ਲੜਾਈ ਦੌਰਾਨ ਮਾਰੇ ਗਏ ਸਰਕਾਰੀ ਮੁਲਾਜ਼ਮ ਦੀ ਵਿਧਵਾ ਜਾਂ ਮਾਤਾ ਨੂੰ ਪੈਨਸ਼ਨ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ ਪੈਨਸ਼ਨ ਦੀ ਰਾਸ਼ੀ ਮੁਲਾਜ਼ਮ ਦੀ ਮੌਤ ਸਮੇਂ ਦੌਰਾਨ ਉਸ ਦੀ ਆਖਰੀ ਤਨਖਾਹ ਦੇ ਬਰਾਬਰ ਹੋਵੇਗੀ। ਉਨ੍ਹਾ ਆਖਿਆ ਕਿ ਸ਼ਹੀਦਾਂ ਦੀਆਂ ਵਿਧਵਾਵਾਂ ਸਾਡੇ ਪਵਾਰ ਦਾ ਹਿੱਸਾ ਹਨ ਅਤੇ ਉਨ੍ਹਾਂ ਦੀ ਸੰਭਾਲ ਕਰਨਾ ਸਾਡਾ ਫਰਜ਼ ਹੈ।
ਮੁੱਖ ਮੰਤਰੀ ਨੇ ਆਖਿਆ ਕਿ ਪੁਲਸ ਮੁਲਾਜ਼ਮ ਬਹੁਤ ਔਖੀਆਂ ਹਾਲਤਾਂ ਵਿੱਚ ਕੰਮ ਕਰਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ 24-24 ਘੰਟੇ ਕੰਮ ਕਰਨਾ ਪੈਂਦਾ ਹੈ ਜਿਸ ਕਰਕੇ ਉਹ ਬਹੁਤਾ ਸਮਾਂ ਆਪਣੇ ਪਰਵਾਰਾਂ ਤੋਂ ਦੂਰ ਰਹਿੰਦੇ ਹਨ। ਉਨ੍ਹਾਂ ਦੁੱਖ ਜ਼ਾਹਰ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਵਧੀਆ ਮਕਾਨ, ਸਿਹਤ ਸੰਭਾਲ ਅਤੇ ਬੱਚਿਆਂ ਦੀ ਸਿੱਖਿਆ ਵਰਗੀਆਂ ਮੁੱਢਲੀਆਂ ਸਹੂਲਤਾਂ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੜਾਈ ਵਿੱਚ ਮਾਰੇ ਜਾਂਦੇ ਪੁਲਸ ਮੁਲਾਜ਼ਮਾਂ ਦੇ ਪਰਵਾਰਾਂ ਨੂੰ ਅਕਸਰ ਗੁਰਬਤ ਅਤੇ ਨਿਆਸਰਿਆਂ ਵਾਲਾ ਜੀਵਨ ਜਿਉਣਾ ਪੈਂਦਾ ਹੈ।
ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਨੇ ਅੱਤਵਾਦੀਆਂ ਹੱਥੋਂ ਮਾਰੇ ਗਏ ਪੁਲਸ ਮੁਲਾਜ਼ਮਾਂ ਵਿੱਚੋਂ ਕੁਝ ਮੁਲਾਜ਼ਮਾਂ ਦੇ ਬੱਚਿਆਂ ਨੂੰ ਐਕਸ-ਗ੍ਰੇਸ਼ੀਆ ਸਹਾਇਤਾ ਅਤੇ ਨੌਕਰੀਆਂ ਪਹਿਲਾਂ ਹੀ ਦੇ ਦਿੱਤੀਆਂ ਹਨ ਅਤੇ ਇਹ ਪ੍ਰਕ੍ਰਿਆ ਇਸੇ ਤਰ੍ਹਾਂ ਜਾਰੀ ਰਹੇਗੀ। ਮੁੱਖ ਮੰਤਰੀ ਨੇ ਪੁਲਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਭਰੋਸਾ ਦਿੱਤਾ ਕਿ ਅਗਲੇ ਕੁਝ ਮਹੀਨਿਆਂ ਵਿੱਚ ਉਨ੍ਹਾਂ ਲਈ ਹੋਰ ਭਲਾਈ ਉਪਰਾਲਿਆਂ ਦਾ ਐਲਾਨ ਕੀਤਾ ਜਾਵੇਗਾ।
ਪੰਜਾਬ ਪੁਲਸ ਹੈੱਡਕੁਆਟਰ ਦੇ ਪ੍ਰਵੇਸ਼ ਦੁਆਰ 'ਤੇ ਸਥਾਪਤ ਕੀਤੀ ਗਈ ਸ਼ਹੀਦੀ ਯਾਦਗਾਰ ਪੰਜਾਬ ਪੁਲਸ ਵੱਲੋਂ ਆਪਣੇ ਸ਼ਹੀਦਾਂ ਨੂੰ ਇਕ ਨਿਮਰ ਸ਼ਰਧਾਂਜਲੀ ਹੈ। ਯਾਦਗਾਰ ਦੀ ਭਾਵਨਾ ਰਾਬਰਟ ਲੌਰੇਨਸ ਬਾਇਯੋਨ ਦੀ ਕਵਿਤਾ ''ਫਾਰ ਦੀ ਫਾਲਨ'' ਦੇ ਇਕ ਮਸ਼ਹੂਰ ਕਥਨ ਦੁਆਰਾ ਦਰਸਾਈ ਗਈ ਹੈ। ਇਹ ਕਵਿਤਾ ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਸਮੇਂ 1914 ਵਿੱਚ ਰਚੀ ਗਈ ਸੀ। ਇਸ ਕਵਿਤਾ ਦੀ ਇਕ ਪੰਕਤੀ, ''ਸਵੇਰ-ਸ਼ਾਮ, ਅਸੀਂ ਉਨ੍ਹਾਂ ਨੂੰ ਯਾਦ ਰੱਖਾਂਗੇ''। ਇਸ ਯਾਦਗਾਰ 'ਤੇ ਸ਼ਹੀਦਾਂ ਦੇ ਨਾਂਅ ਵੇਰਵੇ ਸਹਿਤ ਉੱਕਰੇ ਹੋਏ ਹਨ।
ਇਸ ਮੌਕੇ ਪੰਜਾਬ ਪੁਲਸ ਦੇ ਸੂਬਾ ਮੁਖੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਇਕ ਕੰਧ 'ਤੇ ਸ਼ਹੀਦਾਂ ਦੇ ਨਾਮ ਨਾਲ ਸ਼ਹੀਦੀ ਜੋਤ ਸਥਾਪਤ ਕਰਨ ਦਾ ਵਿਚਾਰ ਉਨ੍ਹਾਂ ਨੂੰ ਨਿਊਯਾਰਕ ਵਿੱਚ ਨਿਊਯਾਰਕ ਪੁਲਸ ਡਿਪਾਰਟਮੈਂਟ ਹੈੱਡਕੁਆਟਰ ਦੇ ਦੌਰੇ ਦੌਰਾਨ ਆਇਆ।
ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ (ਗ੍ਰਹਿ) ਐੱਨ.ਐੱਸ. ਕਲਸੀ, ਡੀ.ਜੀ.ਪੀ. ਅਮਨ ਤੇ ਕਾਨੂੰਨ ਐੱਚ.ਐੱਸ. ਢਿੱਲੋਂ, ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ, ਡੀ.ਜੀ.ਪੀ. ਪ੍ਰਸ਼ਾਸਨ ਐੱਮ.ਕੇ. ਤਿਵਾੜੀ, ਡੀ.ਜੀ.ਪੀ. ਜੇਲ੍ਹਾਂ ਆਈ.ਪੀ.ਅੱੈਸ. ਸਹੋਤਾ, ਡੀ.ਜੀ.ਪੀ. ਪ੍ਰਬੰਧ ਅਤੇ ਆਧੁਨਿਕੀਕਰਨ ਵੀ.ਕੇ. ਭਾਵਰਾ, ਜਾਂਚ ਬਿਊਰੋ ਦੇ ਡਾਇਰੈਕਟਰ ਪ੍ਰਬੋਧ ਕੁਮਾਰ, ਡੀ.ਜੀ.ਪੀ. (ਆਈ.ਵੀ.ਸੀ.) ਜਸਮਿੰਦਰ ਸਿੰਘ, ਡੀ.ਜੀ.ਪੀ. (ਐੱਚ ਆਰ.ਡੀ. ਐੱਸ. ਚਟੋਪਧਿਆਏ, ਏ.ਡੀ.ਜੀ.ਪੀ.-ਕਮ-ਚੀਫ ਵਿਜੀਲੈਂਸ ਡਾਇਰੈਕਟਰ ਬੀ.ਕੇ. ਉੱਪਲ, ਏ.ਡੀ.ਜੀ.ਪੀ.-ਕਮ-ਡਾਇਰਕੈਟਰ ਜਨਰਲ ਹੋਮਗਾਰਡਜ਼ ਬੀ.ਕੇ. ਬਾਵਾ, ਏ.ਡੀ.ਜੀ.ਪੀ. ਭਲਾਈ ਸੰਜੀਵ ਕਾਲੜਾ, ਏ.ਡੀ.ਜੀ.ਪੀ. ਨੀਤੀ, ਨਿਯਮ ਅਤੇ ਆਵਾਜਾਈ ਸ਼ਰਦ ਸੱਤਿਆ ਚੌਹਾਨ, ਏ.ਡੀ.ਜੀ.ਪੀ. ਸੁਰੱਖਿਆ ਗੌਰਵ ਯਾਦਵ, ਏ.ਡੀ.ਜੀ.ਪੀ. (ਪੀ.ਏ.ਪੀ) ਕੁਲਦੀਪ ਸਿੰਘ ਅਤੇ ਏ.ਡੀ.ਜੀ.ਪੀ. ਮੁੱਖ ਮੰਤਰੀ/ਸੁਰੱਖਿਆ ਖੂਬੀ ਰਾਮ ਹਾਜ਼ਰ ਸਨ।