Latest News

ਏਸ਼ੀਆ ਹਾਕੀ ਕੱਪ; ਭਾਰਤ ਸ਼ਾਨਦਾਰ ਜਿੱਤ ਨਾਲ ਫਾਈਨਲ 'ਚ ਪਹੁੰਚਿਆ

Published on 21 Oct, 2017 11:30 AM.


ਢਾਕਾ (ਨਵਾਂ ਜ਼ਮਾਨਾ ਸਰਵਿਸ)
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਹੋ ਰਹੇ ਏਸ਼ੀਆ ਹਾਕੀ ਕੱਪ 'ਚ ਪਾਕਿਸਤਾਨ ਨੂੰ 4-0 ਨਾਲ ਹਰਾ ਕੇ ਭਾਰਤ ਇਸ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਿਆ ਹੈ। ਦੋ ਰਵਾਇਤੀ ਵਿਰੋਧੀਆਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਹ ਮੈਚ ਬਹੁਤ ਹੀ ਰੁਮਾਂਚਕ ਰਿਹਾ। ਦੁਨੀਆ ਭਰ ਦੇ ਖੇਡ ਪ੍ਰੇਮੀਆਂ ਦੀਆਂ ਇਸ ਮੈਚ 'ਤੇ ਨਜ਼ਰਾਂ ਲੱਗੀਆਂ ਹੋਈਆਂ ਸਨ। ਭਾਰਤੀ ਟੀਮ ਇਸ ਪੂਰੇ ਮੈਚ ਵਿੱਚ ਹਾਵੀ ਰਹੀ। ਜੇ ਪਾਕਿਸਤਾਨ ਦਾ ਗੋਲਕੀਪਰ ਤੇਜ਼-ਤਰਾਰ ਨਾਲ ਹੁੰਦਾ ਤਾਂ ਗੋਲਾਂ ਦੀ ਗਿਣਤੀ ਕਾਫੀ ਵਧ ਜਾਣੀ ਸੀ। ਉਸ ਨੇ ਅੱਗੇ ਆ ਕੇ ਭਾਰਤ ਦੇ ਕਈ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਦੋਵੇਂ ਟੀਮਾਂ ਪਹਿਲੇ ਕੁਆਟਰ ਵਿੱਚ ਕੋਈ ਗੋਲ ਨਾ ਕਰ ਸਕੀਆਂ। ਦੂਜੇ ਕੁਆਟਰ 'ਚ ਭਾਰਤ ਨੇ ਪਾਕਿਸਤਾਨ ਦਾ ਫੱਟਾ ਖੜਕਾ ਕੇ 1-0 ਨਾਲ ਲੀਡ ਹਾਸਲ ਕੀਤੀ। 39ਵੇਂ ਮਿੰਟ ਵਿੱਚ ਭਾਰਤ ਵੱਲੋਂ ਸਤਬੀਰ ਨੇ ਪਹਿਲਾ ਗੋਲ ਕੀਤਾ। ਭਾਰਤੀ ਟੀਮ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਟੀਮ ਨੂੰ 2-0 ਦੀ ਲੀਡ ਦਵਾਈ। ਭਾਰਤ ਵੱਲੋਂ 51ਵੇਂ ਮਿੰਟ 'ਚ ਹਰਮਨਪ੍ਰੀਤ ਨੇ ਤੀਜਾ ਗੋਲ ਕੀਤਾ। ਅਕਾਸ਼ਦੀਪ ਦੇ ਪਾਸ 'ਤੇ ਗੁਰਜੰਟ ਸਿੰਘ ਨੇ ਇੱਕ ਹੋਰ ਗੋਲ ਕਰਕੇ ਇਸ ਟੂਰਨਾਮੈਂਟ ਵਿੱਚ ਭਾਰਤ ਨੂੰ 4-0 ਨਾਲ ਜਿੱਤ ਦਵਾ ਦਿੱਤੀ। ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਕੋਰੀਆ ਅਤੇ ਮਲੇਸ਼ੀਆ ਵਿਚਾਲੇ ਖੇਡੇ ਜਾਣ ਵਾਲੇ ਮੈਚ ਦੇ ਵਿਜੇਤਾ ਨਾਲ ਹੋਵੇਗਾ। ਮੈਚ ਦੇ ਚੌਥੇ ਕੁਆਟਰ ਵਿੱਚ ਭਾਰਤੀ ਟੀਮ ਪੂਰੀ ਤਰ੍ਹਾਂ ਛਾਈ ਰਹੀ ਅਤੇ ਉਸ ਨੇ ਤਿੰਨ ਹੋਰ ਗੋਲ ਕਰਕੇ ਇਹ ਮੈਚ 4-0 ਨਾਲ ਜਿੱਤ ਲਿਆ। ਪਹਿਲੇ ਤਿੰਨ ਮੈਚਾਂ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਦੱਖਣ ਕੋਰੀਆ ਨਾਲ 1-1 ਦੀ ਬਰਾਬਰੀ ਮਗਰੋਂ ਪਾਕਿਸਤਾਨ ਵਿਰੁੱਧ ਇਸ ਸ਼ਾਨਦਾਰ ਜਿੱਤ ਨਾਲ ਭਾਰਤੀ ਟੀਮ ਪੂਰੇ ਉਤਸ਼ਾਹ ਵਿੱਚ ਨਜ਼ਰ ਆ ਰਹੀ ਹੈ। ਮੀਂਹ ਕਾਰਨ ਮੈਚ ਨਿਰਧਾਰਤ ਸਮੇਂ ਤੋਂ ਡੇਢ ਘੰਟਾ ਦੇਰੀ ਨਾਲ ਸ਼ੁਰੂ ਹੋ ਸਕਿਆ। ਇਸ ਤੋਂ ਪਹਿਲਾਂ ਇਸ ਟੂਰਨਾਮੈਂਟ ਦੇ ਲੀਗ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 3-1 ਦੇ ਫਰਕ ਨਾਲ ਹਰਾਇਆ ਸੀ। ਮਨਪ੍ਰੀਤ ਸਿੰਘ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਸ਼ੁਰੂਆਤੀ ਮੈਚ ਵਿੱਚ ਪਹਿਲਾਂ ਜਪਾਨ ਨੂੰ 5-1, ਬੰਗਲਾਦੇਸ਼ ਨੂੰ 7-0 ਨਾਲ ਹਰਾਇਆ ਸੀ ਅਤੇ ਪਾਕਿਸਤਾਨ ਨੇ ਬੰਗਲਾਦੇਸ਼ ਨੂੰ 7-0 ਨਾਲ ਹਰਾਇਆ, ਜਦਕਿ ਜਪਾਨ ਨੇ ਉਸ ਨੂੰ 2-2 ਨਾਲ ਡਰਾਅ 'ਤੇ ਰੋਕ ਦਿੱਤਾ ਸੀ।

223 Views

e-Paper