Latest News
ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਈ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਦੀ ਬਰਸੀ

Published on 21 Oct, 2017 11:34 AM.


ਮੋਗਾ (ਅਮਰਜੀਤ ਬੱਬਰੀ)
ਸ਼ਹੀਦ ਨਛੱਤਰ ਸਿੰਘ ਧਾਲੀਵਾਲ ਦੀ 29ਵੀਂ ਬਰਸੀ ਅੱਜ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਵਲੋਂ ਪੂਰੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਬੱਸ ਸਟੈਂਡ ਮੋਗਾ ਵਿਖੇ ਮਨਾਈ ਗਈ ।ਇਸ ਸਮਾਗਮ ਵਿੱਚ ਟਰਾਂਸਪੋਰਟ ਕਾਮਿਆਂ ਤੋਂ ਇਲਾਵਾ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸ਼ਾਮਲ ਹੋਏ।ਇਸ ਬਰਸੀ ਸਮਾਗਮ ਵਿੱਚ ਉਚੇਚੇ ਤੌਰ 'ਤੇ ਪਹੁੰਚੇ ਵਿਦਿਆ ਸਾਗਰ ਗਿਰੀ ਸਕੱਤਰ ਆਲ ਇੰਡੀਆ ਏਟਕ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨਛੱਤਰ ਸਿੰਘ ਧਾਲੀਵਾਲ ਅੱਤਵਾਦ ਅਤੇ ਵੱਖਵਾਦ ਵਿਰੁੱਧ ਲੜਦੇ ਹੋਏ ਸ਼ਹੀਦ ਹੋਏ ਸਨ।ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਹਾਮੀ ਸਨ।ਅੱਜ ਅਜਿਹਾ ਫਿਰਕੂ ਅੱਤਵਾਦ ਇਕੱਲੇ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਖਤਰਾ ਬਣਿਆ ਹੋਇਆ ਹੈ।ਇਸ ਅੱਤਵਾਦ ਵਿਰੁੱਧ ਆਮ ਲੋਕਾਂ ਅਤੇ ਮਿਹਨਤਕਸ਼ ਲੋਕਾਂ ਦਾ ਏਕਾ ਲਾਜ਼ਮੀ ਹੈ।ਮੋਦੀ ਸਰਕਾਰ ਵਲੋਂ ਨੋਟਬੰਦੀ ਅਤੇ ਜੀ ਐਸ ਟੀ ਦੇ ਲਏ ਫੈਸਲੇ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ।ਇਹਨਾਂ ਫੈਸਲਿਆਂ ਨਾਲ ਜਿੱਥੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਹੋਇਆ ਹ,ੈ ਉਥੇ ਹੀ ਛੋਟਾ ਕਾਰੋਬਾਰੀ ਅਤੇ ਵਪਾਰੀ ਤਬਾਹ ਹੋ ਗਿਆ ਹੈ ਅਤੇ ਕਰੋੜਾਂ ਕਿਰਤੀ ਕੰਮ ਤੋਂ ਬਾਹਰ ਹੋ ਗਏ ਹਨ।ਇਸ ਲਈ ਅਜਿਹੀ ਸਰਕਾਰ ਨੂੰ ਚਲਦਿਆਂ ਕਰਨ ਲਈ ਜਮਹੂਰੀ ਧਿਰਾਂ ਦਾ ਏਕਾ ਅਤਿ ਜ਼ਰੂਰੀ ਹੈ।ਇਸ ਮੌਕੇ ਪੰਜਾਬ ਏਟਕ ਦੇ ਪ੍ਰਧਾਨ ਬੰਤ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਸਮੇਂ ਮਜ਼ਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਗਈ ਹੈ।ਪੰਜਾਬ ਸਰਕਾਰ ਵਲੋਂ ਠੇਕੇ ਅਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ, ਹਰ ਘਰ ਵਿੱਚ ਨੌਕਰੀ ਦੇਣ, ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਡੀ ਏ ਦੀਆਂ ਕਿਸ਼ਤਾਂ ਅਤੇ ਬਕਾਇਆ ਨਗਦ ਦੇਣ ਬਾਰੇ ਸਰਕਾਰ ਨੇ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ।ਉਹਨਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ 9,10,11 ਨਵੰਬਰ 2017 ਦੇ ਸੰਸਦ ਘਿਰਾਉ ਵਿੱਚ ਪੰਜਾਬ ਭਰ ਵਿਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਮਿਹਨਤਕਸ਼ 9 ਨਵੰਬਰ 2017 ਨੂੰ ਸ਼ਿਰਕਤ ਕਰਨਗੇ।ਬਰਸੀ ਸਮਾਗਮ ਸਮੇਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਮੁੱਖ ਸਲਾਹਕਾਰ ਜਗਰੂਪ ਅਤੇ ਪੰਜਾਬ ਸਾਹਿਤ ਸਭਾ ਦੇ ਪ੍ਰਧਾਨ ਪ੍ਰੋ ਸੁਖਦੇਵ ਸਿਰਸਾ ਨੇ ਕਿਹਾ ਕਿ ਪੰਜਾਬ ਦੇ ਮਾੜੇ ਹਾਲਾਤ ਵਿਚੋਂ ਸਾਹਿਤ ਵੀ ਨਿਘਾਰ ਵੱਲ ਜਾ ਰਿਹਾ ਹੈ।ਪੰਜਾਬ ਵਿੱਚ ਬੇਰੁਜ਼ਗਾਰਾਂ ਦੀ ਵੱਡੀ ਗਿਣਤੀ ਅੱਗੋਂ ਹੋਰ ਸਮਾਜਿਕ ਅਲਾਮਤਾਂ ਦਾ ਕਾਰਨ ਬਣ ਰਹੀ ਹੈ।ਇਸ ਲਈ ਹਰ ਇੱਕ ਨੂੰ ਕੰਮ ਦੇਣ ਲਈ ਲੋੜਾਂ ਦੀ ਲੋੜ ਸ਼ਹੀਦ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਐਕਟ ਨੂੰ ਪਾਰਲੀਮੈਂਟ ਰਾਹੀਂ ਪਾਸ ਕਰਾਉਣ ਦੀ ਹੈ।
ਇਸ ਸਮੇਂ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸਾਥੀ ਗੁਰਦੀਪ ਮੋਤੀ ਨੇ ਕਿਹਾ ਕਿ ਪੰਜਾਬ ਸਰਕਾਰ 9-8-1990 ਦੀ ਟਰਾਂਸਪੋਰਟ ਨੀਤੀ ਲਾਗੂ ਕਰੇ।ਸੁਪਰੀਮ ਕੋਰਟ ਅਤੇ ਹਾਈ ਕੋਰਟ ਵਲੋਂ ਦਿੱਤੇ ਫੈਸਲੇ ਅਨੁਸਾਰ ਗੈਰ ਕਾਨੂੰਨੀ ਚੱਲ ਰਹੀਆਂ ਬੱਸਾਂ ਨੂੰ ਤੁਰੰਤ ਬੰਦ ਕਰੇ।ਕਿਲੋਮੀਟਰ ਸਕੀਮ ਵਿੱਚ ਬੱਸਾਂ ਪਾਉਣ ਦਾ ਫੈਸਲਾ ਰੱਦ ਹੋਵੇ, ਆਊਟ ਸੋਰਸ ਅਤੇ ਠੇਕੇ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰੇ।
ਇਸ ਮੌਕੇ ਰੁਜ਼ਗਾਰ ਪ੍ਰਾਪਤੀ ਸੱਭਿਆਚਾਰਕ ਮੰਚ ਮੋਗਾ ਦੀ ਟੀਮ ਵਲੋਂ ਨਾਟਕ ਅਤੇ ਕੋਰਿਉਗਰਾਫੀਆਂ ਪੇਸ਼ ਕੀਤੀਆਂ ਗਈਆਂ।ਹਰ ਸਾਲ ਦੀ ਤਰ੍ਹਾਂ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਡਾਇਰੀ ਜਾਰੀ ਕੀਤੀ ਗਈ ਅਤੇ ਉਹਨਾਂ ਦੇ ਜੱਦੀ ਪਿੰਡ ਬੱਧਨੀ ਖੁਰਦ ਦੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਉਘੇ ਸਾਹਿਤਕਾਰ ਪ੍ਰੋ ਸੁਖਦੇਵ ਸਿੰਘ ਸਿਰਸਾ ਅਤੇ ਮਹਿੰਦਰ ਸਾਥੀ ਨੂੰ ਉਹਨਾਂ ਦੀਆਂ ਵੱਡਮੁਲੀਆਂ ਸਾਹਿਤਕ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਦੀ ਕਾਰਵਾਈ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਨੇ ਨਿਭਾਈ।ਸੰਬੋਧਨ ਕਰਨ ਵਾਲੇ ਆਗੂਆਂ ਵਿੱਚ ਕੁਲਦੀਪ ਸਿੰਘ ਹੁਸ਼ਿਆਰਪੁਰ, ਸੁਖਦਵੇ ਸ਼ਰਮਾ, ਉਤਮ ਸਿੰਘ ਬਾਗੜੀ, ਹਰਭਜਨ ਸਿੰਘ ਪ੍ਰਧਾਨ ਬਿਜਲੀ ਬੋਰਡ, ਬਲਕਾਰ ਵਲਟੋਹਾ ਅਧਿਆਪਕ ਆਗੂ, ਰਣਜੀਤ ਰਾਣਵਾਂ ਜਨਰਲ ਸਕੱਤਰ ਫੋਰਥ ਕਲਾਸ ਇੰਪਲਾਈਜ਼, ਦਰਸ਼ਨ ਸਿੰਘ ਟੂਟੀ, ਅਵਤਾਰ ਸਿੰਘ ਤਾਰੀ, ਬਲਕਰਨ ਮੋਗਾ, ਗੁਰਮੇਲ ਮੈਡਲੇ, ਪੋਹਲਾ ਸਿੰਘ ਬਰਾੜ, ਗੁਰਮੀਤ ਧਾਲੀਵਾਲ, ਸੁਖਜਿੰਦਰ ਮਹੇਸਰੀ, ਗੁਰਚਰਨ ਕੌਰ ਆਂਗਨਵਾੜੀ ਆਗੂ ਬਚਿੱਤਰ ਸਿੰਘ ਧੋਥੜ, ਸੁਰਿੰਦਰ ਸਿੰਘ ਬਰਾੜ, ਇੰਦਰਜੀਤ ਭਿੰਡਰ, ਜਸਪਾਲ ਪਾਲੀ, ਗੁਰਜੰਟ ਕੋਕਰੀ, ਆਦਿ ਹਾਜ਼ਰ ਸਨ।

343 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper