ਕਸ਼ਮੀਰ ਵਾਦੀ 'ਚ ਸੁਰੱਖਿਆ ਹਾਲਾਤ ਪਹਿਲਾਂ ਨਾਲੋਂ ਬੇਹਤਰ : ਜਨਰਲ ਰਾਵਤ


ਜੰਮੂ (ਨਵਾਂ ਜ਼ਮਾਨਾ ਸਰਵਿਸ)
ਫ਼ੌਜ ਮੁਖੀ ਜਨਰਲ ਬਿਪਨ ਰਾਵਤ ਨੇ ਜੰਮੂ-ਕਸ਼ਮੀਰ 'ਚ ਗੁੱਤ ਕੱਟੇ ਜਾਣ ਦੀਆਂ ਘਟਨਾਵਾਂ ਨੂੰ ਕਾਨੂੰਨ ਵਿਵਸਥਾ ਦਾ ਮਾਮਲਾ ਦਸਿਆ ਹੈ ਅਤੇ ਕਿਹਾ ਹੈ ਕਿ ਕਸ਼ਮੀਰ ਪੁਲਸ ਇਸ ਮਾਮਲੇ ਨਾਲ ਨਿਪਟਣ ਲਈ ਕਾਰਵਾਈ ਕਰ ਰਹੀ ਹੈ।
ਜਨਰਲ ਰਾਵਤ ਨੇ ਕਿਹਾ ਕਿ ਕਸ਼ਮੀਰ ਵਾਦੀ 'ਚ ਸੁਰੱਖਿਆ ਦੇ ਹਾਲਾਤ ਲਗਾਤਾਰ ਬੇਹਤਰ ਹੋ ਰਹੇ ਹਨ ਅਤੇ ਜਿਹੜੀਆਂ ਕੁਝ ਘਟਨਾਵਾਂ ਹੋ ਰਹੀਆਂ ਹਨ, ਉਹ ਅੱਤਵਾਦੀਆਂ ਦੀ ਨਿਰਾਸ਼ਾ ਦਾ ਪ੍ਰਗਟਾਵਾ ਹਨ। ਉਨ੍ਹਾ ਕਿਹਾ ਕਿ ਜੰਮੂ-ਕਸ਼ਮੀਰ 'ਚ ਅਸੀਂ ਸਰਕਾਰ ਦੇ ਨਜ਼ਰੀਏ ਦੇ ਹਿਸਾਬ ਨਾਲ ਚੱਲ ਰਹੇ ਹਾਂ ਅਤੇ ਐਨ ਆਈ ਏ ਦੇ ਛਾਪੇ ਵੀ ਉਸੇ ਦਾ ਹਿੱਸਾ ਹਨ। ਪਾਕਿਸਤਾਨ ਨਾਲ ਗੱਲਬਾਤ ਦੇ ਸੁਆਲ 'ਤੇ ਉਨ੍ਹਾ ਕਿਹਾ ਕਿ ਫ਼ੌਜ ਨੂੰ ਜਿਹੜਾ ਕੰਮ ਮਿਲਿਆ ਹੈ, ਉਹ ਉਸ ਨੂੰ ਪੂਰੀ ਕਰ ਰਹੀ ਹੈ ਅਤੇ ਪਾਕਿਸਤਾਨ ਨਾਲ ਗੱਲਬਾਤ ਦਾ ਫ਼ੈਸਲਾ ਸਿਆਸੀ ਪੱਧਰ 'ਤੇ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਕਸ਼ਮੀਰ ਵਾਦੀ 'ਚ ਪਿਛਲੇ ਦਿਨਾਂ ਦੌਰਾਨ ਗੁੱਤ ਕੱਟਣ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ ਅਤੇ ਸੋਪੋਰ 'ਚ ਲੋਕਾਂ ਨੇ ਇੱਕ ਮਾਨਸਿਕ ਰੋਗੀ ਨੂੰ ਗੁੱਤ ਕਟਣ ਵਾਲਾ ਸਮਝ ਕੇ ਕੁੱਟ ਦਿੱਤਾ। ਕੁਝ ਦਿਨ ਪਹਿਲਾਂ ਇਸੇ ਸ਼ੱਕ 'ਚ ਇੱਕ 70 ਸਾਲਾ ਬਜ਼ੁਰਗ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਵਾਦੀ 'ਚ ਇੱਕ ਹਫ਼ਤੇ ਦੌਰਾਨ ਗੁੱਤ ਕੱਟੇ ਜਾਣ ਦੀਆਂ 130 ਤੋਂ ਵੱਧ ਘਟਨਾਵਾਂ ਹੋ ਚੁੱਕੀਆਂ ਹਨ।