ਹੁਣ ਟੀਪੂ ਸੁਲਤਾਨ ਨੂੰ ਲੈ ਕੇ ਘਮਾਸਾਨ


ਬੰਗਲੁਰੂ (ਨਵਾਂ ਜ਼ਮਾਨਾ ਸਰਵਿਸ)
ਕਰਨਾਟਕ 'ਚ ਟੀਪੂ ਸੁਲਤਾਨ ਜੈਅੰਤੀ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਕਈ ਜਥੇਬੰਦੀਆਂ ਵੀ ਟੀਪੂ ਸੁਲਤਾਨ ਦੀ ਜੈਅੰਤੀ ਮਨਾਉਣ ਦਾ ਵਿਰੋਧ ਕਰ ਰਹੀਆਂ ਹਨ। ਇਸ ਕਾਰਨ ਬੰਗਲੁਰੂ ਤੋਂ ਲੈ ਕੇ ਦਿੱਲੀ ਤੱਕ ਵਿਵਾਦ ਛਿੱੜਿਆ ਹੋਇਆ ਹੈ। ਇਸ ਵਿਵਾਦ ਦਰਮਿਆਨ ਕੇਂਦਰੀ ਕੌਸ਼ਲ ਵਿਕਾਸ ਰਾਜ ਮੰਤਰੀ ਆਨੰਤ ਕੁਮਾਰ ਹੈਗੜੇ ਨੇ ਟੀਪੂ ਸੁਲਤਾਨ ਦੇ ਜੈਅੰਤੀ ਸਮਾਗਮ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਹੈਗੜੇ ਨੇ ਇਕ ਟਵੀਟ ਕਰਕੇ ਕਿਹਾ ਕਿ ਉਸ ਨੇ ਕਰਨਾਟਕ ਸਰਕਾਰ ਨੂੰ ਅਜਿਹੇ ਇੱਕ ਬੇਰਹਿਮ ਹਤਿਆਰੇ, ਕੱਟੜਪੰਥੀ ਅਤੇ ਬਲਾਤਕਾਰੀ ਦੀ ਮਹਿੰਮਾ ਗਾਉਣ ਲਈ ਰੱਖੇ ਗਏ ਸਮਾਗਮ 'ਚ ਹਾਜ਼ਰੀ ਨਾ ਭਰਨ ਬਾਰੇ ਦੱਸ ਦਿੱਤਾ ਹੈ।
ਇਸ ਮੁੱਦੇ ਬਾਰੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਨੇ ਕਿਹਾ ਹੈ ਕਿ ਇਸ ਮਾਮਲੇ ਨੂੰ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਹੈ। ਅੰਗਰੇਜ਼ਾਂ ਵਿਰੁੱਧ ਜੰਗਾਂ ਹੋਈਆਂ ਅਤੇ ਟੀਪੂ ਸੁਲਤਾਨ ਨੇ ਇਨ੍ਹਾਂ ਚਾਰਾਂ ਜੰਗਾਂ 'ਚ ਉਨ੍ਹਾਂ ਵਿਰੁੱਧ ਮੋਰਚਾ ਖੋਲ੍ਹਿਆ। ਸਾਰੇ ਕੇਂਦਰੀ ਅਤੇ ਸੂਬਾ ਪੱਧਰ ਦੇ ਮੰਤਰੀਆਂ ਨੂੰ ਟੀਪੂ ਸੁਲਤਾਨ ਦੇ ਜੈਅੰਤੀ ਸਮਾਗਮ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਆਨੰਤ ਕੁਮਾਰ ਹੈਗੜੇ ਨੇ ਕਰਨਾਟਕ ਦੇ ਮੁੱਖ ਮੰਤਰੀ ਸਕੱਤਰੇਤ ਅਤੇ ਉਤਰ ਕੰਨੜਾ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ 10 ਨਵੰਬਰ ਨੂੰ ਹੋਣ ਵਾਲੇ ਇਸ ਸਮਾਗਮ 'ਚ ਉਸ ਦਾ ਨਾਂਅ ਸ਼ਾਮਲ ਨਾ ਕੀਤਾ ਜਾਵੇ। ਉਧਰ ਭਾਜਪਾ ਦੇ ਸਾਂਸਦ ਸ਼ੋਭਾ ਨੇ ਵੀ ਟੀਪੂ ਸੁਲਤਾਨ ਦੀ ਜੈਅੰਤੀ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਟੀਪੂ ਸੁਲਤਾਨ ਕੰਨੜ ਅਤੇ ਹਿੰਦੂ ਵਿਰੋਧੀ ਸੀ। ਜ਼ਿਕਰਯੋਗ ਹੈ ਕਿ ਕਰਨਾਟਕ ਸਰਕਾਰ ਨੇ 2015 'ਚ ਹੀ ਟੀਪੂ ਸੁਲਤਾਨ ਦੀ ਜੈਅੰਤੀ ਸੂਬਾ ਪੱਧਰ 'ਤੇ ਮਨਾਉਣ ਦਾ ਫ਼ੈਸਲਾ ਲਿਆ ਸੀ। ਪੰਜ ਵਾਰੀ ਦੇ ਲੋਕ ਸਭਾ ਸਾਂਸਦ ਹੈਗੜੇ ਸੱਤਾਧਾਰੀ ਕਾਂਗਰਸ ਸਰਕਾਰ ਦੇ ਆਲੋਚਕ ਰਹੇ ਹਨ।