Latest News
ਇਤਿਹਾਸਕ ਵਿਰਾਸਤ ਨਾਲ ਖਿਲਵਾੜ ਦੇ ਮੰਦ-ਭਾਗੇ ਜਤਨ
By 24-10-2017

Published on 23 Oct, 2017 11:21 AM.

ਕੁਦਰਤ ਨੇ ਬਹੁਤ ਕੁਝ ਸਿਰਜਿਆ ਹੈ ਤੇ ਉਸ ਦੀ ਇੱਕ ਉੱਤਮ ਰਚਨਾ ਹੈ ਮਨੁੱਖ। ਅੱਗੋਂ ਮਨੁੱਖ ਨੇ ਵੀ ਅਨੇਕ ਚੀਜ਼ਾਂ-ਵਸਤਾਂ ਦੀ ਸਿਰਜਣਾ ਕੀਤੀ ਹੈ ਤੇ ਇਹਨਾਂ ਵਿੱਚੋਂ ਹੀ ਹਨ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਸੱਤ ਅਜੂਬੇ। ਇਹਨਾਂ ਸੱਤਾਂ ਅਜੂਬਿਆਂ ਵਿੱਚੋਂ ਇੱਕ ਤਾਜ ਮਹਿਲ ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੇ ਸ਼ਹਿਰ ਆਗਰਾ ਵਿੱਚ ਸਥਿਤ ਹੈ। ਸੰਸਾਰ ਦੇ ਕਿਸੇ ਵੀ ਦੇਸ ਦਾ ਮੁਖੀ ਜਦੋਂ ਭਾਰਤ ਯਾਤਰਾ 'ਤੇ ਆਉਂਦਾ ਹੈ ਤਾਂ ਉਹ ਇਸ ਇਤਿਹਾਸਕ ਵਿਰਾਸਤ ਨੂੰ ਜ਼ਰੂਰ ਵੇਖਣ ਜਾਂਦਾ ਹੈ। ਇਹੋ ਨਹੀਂ, ਦੇਸ-ਵਿਦੇਸ਼ ਦੇ ਸੈਲਾਨੀਆਂ ਲਈ ਵੀ ਇਹ ਖ਼ਾਸ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਹੁਣ ਤੱਕ ਫ਼ਿਲਮਕਾਰਾਂ ਵੱਲੋਂ ਇਸ ਬਾਰੇ ਕਈ ਫ਼ਿਲਮਾਂ ਬਣ ਚੁੱਕੀਆਂ ਹਨ।
ਤਾਜ ਮਹਿਲ ਇਮਾਰਤਸਾਜ਼ੀ ਦਾ ਇੱਕ ਬੇਜੋੜ ਨਮੂਨਾ ਹੈ ਤੇ ਇਸ ਦੀ ਉਸਾਰੀ ਕਰਵਾਈ ਸੀ ਸ਼ਾਹਜਹਾਨ ਨੇ ਆਪਣੀ ਬੇਗ਼ਮ ਮੁਮਤਾਜ਼ ਮਹਿਲ ਦੀ ਯਾਦ ਵਜੋਂ। ਜੇ ਇਸ ਦੀ ਉਸਾਰੀ ਉੱਤੇ ਆਈ ਲਾਗਤ ਦੀ ਗੱਲ ਕਰੀਏ ਤਾਂ ਉਸ ਸਮੇਂ ਇਸ ਕੰਮ 'ਤੇ ਕੋਈ ਤਿੰਨ ਕਰੋੜ ਵੀਹ ਲੱਖ ਰੁਪਏ ਖ਼ਰਚ ਆਇਆ ਦੱਸਿਆ ਜਾਂਦਾ ਹੈ, ਜੋ ਅੱਜ ਦੇ ਹਿਸਾਬ ਨਾਲ 13 ਅਰਬ ਰੁਪਏ ਬਣ ਜਾਂਦਾ ਹੈ।
ਇਹਨੀਂ ਦਿਨੀਂ ਇਸ ਇਤਿਹਾਸਕ ਸਥਾਨ ਤਾਜ ਮਹਿਲ ਬਾਰੇ ਮੌਜੂਦਾ ਸ਼ਾਸਕ ਗੱਠਜੋੜ ਨਾਲ ਜੁੜੇ ਲੋਕਾਂ ਵੱਲੋਂ ਕਈ ਪ੍ਰਕਾਰ ਦੇ ਵਿਵਾਦ ਪੂਰਨ ਬਿਆਨ ਦਾਗੇ ਜਾ ਰਹੇ ਹਨ। ਮੇਰਠ ਦੀ ਸਰਧਨਾ ਸੀਟ ਤੋਂ ਭਾਜਪਾ ਵਿਧਾਇਕ ਸੰਗੀਤ ਸੋਮ ਨੇ ਕਿਹਾ ਕਿ ਕੁਝ ਲੋਕਾਂ ਨੂੰ ਉਸ ਸਮੇਂ ਬਹੁਤ ਦੁੱਖ ਹੋਇਆ, ਜਦੋਂ ਦੇਸ ਦੇ ਇਤਿਹਾਸਕ ਸਥਾਨਾਂ ਵਿੱਚੋਂ ਤਾਜ ਮਹਿਲ ਦਾ ਨਾਂਅ ਕੱਢ ਦਿੱਤਾ ਗਿਆ। ਉਨ੍ਹਾ ਇਹ ਵੀ ਕਿਹਾ ਕਿ ਤਾਜ ਮਹਿਲ ਭਾਰਤੀ ਸੱਭਿਆਚਾਰ 'ਤੇ ਇੱਕ ਧੱਬਾ ਹੈ। ਏਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਜਦੋਂ ਸੈਰ-ਸਪਾਟੇ ਵਾਲੀਆਂ ਥਾਂਵਾਂ ਬਾਰੇ ਕਿਤਾਬਚਾ ਜਾਰੀ ਕੀਤਾ ਤਾਂ ਉਸ ਵਿੱਚ ਉਸ ਨੇ ਗੋਰਖਨਾਥ ਮੰਦਰ ਦਾ ਜ਼ਿਕਰ ਕੀਤਾ ਸੀ, ਪਰ ਪ੍ਰੇਮ ਦੇ ਪ੍ਰਤੀਕ ਤਾਜ ਮਹਿਲ ਨੂੰ ਉਸ ਵਿੱਚ ਥਾਂ ਨਹੀਂ ਸੀ ਦਿੱਤੀ ਗਈ।
ਸੰਗੀਤ ਸੋਮ ਦੇ ਇਸ ਬਿਆਨ ਤੋਂ ਸ਼ੁਰੂ ਹੋਇਆ ਵਿਵਾਦ ਹਾਲੇ ਚੱਲ ਰਿਹਾ ਸੀ ਕਿ ਭਾਜਪਾ ਦੇ ਪਾਰਲੀਮੈਂਟ ਮੈਂਬਰ ਵਿਨੇ ਕਟਿਆਰ ਨੇ ਹੋਰ ਬੇਹੂਦਾ ਬਿਆਨ ਦੇ ਮਾਰਿਆ। ਉਨ੍ਹਾ ਨੇ ਜੋ ਕਿਹਾ, ਉਹ ਇਸ ਤਰ੍ਹਾਂ ਹੈ : 'ਮੁਗਲਾਂ ਨੇ ਦੇਵ ਸਥਾਨਾਂ ਨੂੰ ਤੋੜਨ ਦਾ ਕੰਮ ਕੀਤਾ। ਤਾਜ ਮਹਿਲ ਵਾਲੀ ਥਾਂ ਪਹਿਲਾਂ ਹਿੰਦੂ ਮੰਦਰ ਸੀ ਅਤੇ ਉੱਥੇ ਦੇਵੀ-ਦੇਵਤਿਆਂ ਦੇ ਨਿਸ਼ਾਨ ਅੱਜ ਵੀ ਹਨ। ਤਾਜ ਮਹਿਲ 'ਚ ਮੀਂਹ ਪੈਣ ਸਮੇਂ ਪਾਣੀ ਟਪਕਦਾ ਹੈ। ਜਿਸ ਥਾਂ ਪਾਣੀ ਡਿੱਗਦਾ ਹੈ, ਉੱਥੇ ਸ਼ਿਵਲਿੰਗ ਸੀ, ਤਾਂ ਜੁ ਪਾਣੀ ਸਿੱਧਾ ਉਸ 'ਤੇ ਡਿੱਗੇ। ਸ਼ਿਵਲਿੰਗ ਨੂੰ ਹਟਾ ਕੇ ਉੱਥੇ ਮਜ਼ਾਰ ਬਣਾਈ ਗਈ ਸੀ।'
ਵਿਵਾਦ ਪੂਰਨ ਬਿਆਨ ਦੇਣ ਦਾ ਇਹ ਸਿਲਸਿਲਾ ਏਥੇ ਹੀ ਨਹੀਂ ਰੁਕਿਆ। ਹਰਿਆਣੇ ਦੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਸਰਕਾਰ ਵਿੱਚ ਮੰਤਰੀ ਅਨਿਲ ਵਿਜ ਨੇ ਟਵੀਟ ਕਰ ਕੇ ਤਾਜ ਮਹਿਲ ਨੂੰ ਬਦਸ਼ਗਨ ਕਹਿਣ ਦੇ ਨਾਲ-ਨਾਲ ਇੱਕ ਖ਼ੂਬਸੂਰਤ ਕਬਰਿਸਤਾਨ ਵੀ ਕਿਹਾ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਭਲਾ ਕੀ ਫ਼ਰਮਾਉਂਦੇ ਹਨ ਇਸ ਬਾਰੇ? ਉਨ੍ਹਾ ਕਿਹਾ, 'ਇਹ ਗੱਲ ਕੋਈ ਅਰਥ ਨਹੀਂ ਰੱਖਦੀ ਕਿ ਤਾਜ ਮਹਿਲ ਨੂੰ ਕਿਸ ਨੇ ਤੇ ਕਿਉਂ ਬਣਵਾਇਆ, ਏਥੇ ਸਿਰਫ਼ ਇੱਕ ਗੱਲ ਅਰਥ ਰੱਖਦੀ ਹੈ ਕਿ ਤਾਜ ਮਹਿਲ ਭਾਰਤ ਦੇ ਸਪੂਤਾਂ ਦੇ ਖ਼ੂਨ-ਪਸੀਨੇ ਦੀ ਕਮਾਈ ਨਾਲ ਬਣਿਆ ਹੈ। ਇਹ ਇਤਿਹਾਸਕ ਵਿਰਾਸਤ ਸਾਡੇ ਲਈ ਬੇਹੱਦ ਅਹਿਮ ਹੈ, ਖ਼ਾਸ ਤੌਰ ਉੱਤੇ ਸੈਰ-ਸਪਾਟੇ ਦੇ ਪੱਖੋਂ ਇਹ ਸਾਡੇ ਲਈ ਸਭ ਤੋਂ ਉੱਪਰ ਹੈ।'
ਭਾਜਪਾ ਵਿਧਾਇਕ ਸੰਗੀਤ ਸੋਮ ਦੇ ਤਾਜ ਮਹਿਲ ਬਾਰੇ ਦਿੱਤੇ ਸੂਝ-ਬੂਝ ਤੋਂ ਸੱਖਣੇ ਬਿਆਨ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਵਾਸੀਆਂ ਨੂੰ ਆਪਣੀਆਂ ਵਿਰਾਸਤਾਂ 'ਤੇ ਮਾਣ ਕਰਨ ਦੀ ਸਲਾਹ ਦਿੱਤੀ ਹੈ। ਦੇਸ ਦੀ ਪਹਿਲੀ ਸਰਬ ਭਾਰਤੀ ਆਯੁਰਵੇਦ ਸੰਸਥਾ ਦੇ ਉਦਘਾਟਨ ਮੌਕੇ ਉਨ੍ਹਾ ਨੇ ਕਿਹਾ ਕਿ ਦੇਸ ਦੀਆਂ ਵਿਰਾਸਤਾਂ ਉੱਤੇ ਮਾਣ ਕੀਤੇ ਬਗ਼ੈਰ ਅਸੀਂ ਅੱਗੇ ਨਹੀਂ ਵਧ ਸਕਦੇ। ਕੋਈ ਵੀ ਦੇਸ ਇਹਨਾਂ ਨੂੰ ਭੁੱਲ ਕੇ ਤਰੱਕੀ ਨਹੀਂ ਕਰ ਸਕਦਾ। ਉਨ੍ਹਾ ਦੇ ਇਸ ਬਿਆਨ ਤੋਂ ਮਨ ਵਿੱਚ ਇੱਕ ਸੁਆਲ ਉੱਠ ਖੜੋਂਦਾ ਹੈ ਕਿ ਉਨ੍ਹਾ ਨੇ ਜਿਨ੍ਹਾਂ ਲੋਕਾਂ ਨੂੰ ਇਹ ਸਲਾਹ ਦਿੱਤੀ ਹੈ, ਕੀ ਉਨ੍ਹਾਂ ਵਿੱਚ ਉਨ੍ਹਾ ਦੀ ਆਪਣੀ ਪਾਰਟੀ ਭਾਜਪਾ ਵਾਲੇ ਵੀ ਸ਼ਾਮਲ ਹਨ ਜਾਂ ਨਹੀਂ? ਇੱਕ ਸੁਆਲ ਹੋਰ : ਭਾਜਪਾ ਦੇ ਸੰਵਿਧਾਨਕ ਅਹੁਦਿਆਂ 'ਤੇ ਬਿਰਾਜਮਾਨ ਭੱਦਰ-ਪੁਰਸ਼ਾਂ ਵੱਲੋਂ ਦਿੱਤੇ ਜਾ ਰਹੇ ਵਿਵਾਦ ਪੂਰਨ ਬਿਆਨ ਕਿਧਰੇ ਲੋਕਾਂ ਦਾ ਧਿਆਨ ਭਖਦੇ ਮੁੱਦਿਆਂ ਤੋਂ ਹਟਾਉਣ ਦੀ ਇੱਕ-ਮਾਤਰ ਕਸਰਤ ਤਾਂ ਨਹੀਂ?
ਸ਼ਾਸਕ ਗੱਠਜੋੜ ਦੀ ਮੁੱਖ ਧਿਰ ਭਾਜਪਾ ਦੇ ਆਗੂਆਂ ਨੂੰ ਇਹ ਗੱਲ ਵੀ ਚੇਤੇ ਕਰ ਲੈਣੀ ਚਾਹੀਦੀ ਹੈ ਕਿ ਜਦੋਂ ਅਫ਼ਗ਼ਾਨਿਸਤਾਨ ਦੇ ਤਾਲਿਬਾਨ ਨੇ ਮਹਾਤਮਾ ਬੁੱਧ ਦੀਆਂ ਬਾਮਿਆਨ ਵਿਚਲੀਆਂ ਚੱਟਾਨਾਂ ਵਿੱਚ ਉੱਕਰੀਆਂ ਵਿਸ਼ਾਲ ਕੱਦ ਮੂਰਤੀਆਂ ਨੂੰ ਮਲੀਆਮੇਟ ਕਰ ਦਿੱਤਾ ਸੀ ਤਾਂ ਦੁਨੀਆ ਭਰ ਦੇ ਦੇਸਾਂ ਦੇ ਸੂਝਵਾਨ ਲੋਕਾਂ ਨੇ ਉਨ੍ਹਾਂ ਦੇ ਇਸ ਕਾਰੇ ਦੀ ਨਿਖੇਧੀ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਗੁਆਂਢੀ ਦੇਸ ਚੀਨ ਦੇ ਇਤਿਹਾਸ ਵੱਲ ਵੀ ਨਿਗ੍ਹਾ ਮਾਰ ਲੈਣੀ ਚਾਹੀਦੀ ਹੈ। ਚੀਨੀ ਲੋਕਾਂ ਨੇ ਅੱਜ ਵੀ ਆਪਣੇ ਬਾਦਸ਼ਾਹ ਕੁਬਲਈ ਖ਼ਾਨ, ਜੋ ਚੰਗੇਜ਼ ਖ਼ਾਨ ਦਾ ਪੋਤਰਾ ਸੀ, ਅਤੇ ਮਾਂਚੂ ਸ਼ਾਹੀ ਪਰਵਾਰ, ਜਿਸ ਨੇ ਸੋਲ੍ਹਵੀਂ ਸਦੀ ਤੋਂ ਲੈ ਕੇ 1912 ਤੱਕ ਰਾਜ ਕੀਤਾ, ਦੀ ਯਾਦ ਨੂੰ ਆਪਣੇ ਮਨਾਂ ਵਿੱਚ ਤਾਜ਼ਾ ਰੱਖਿਆ ਹੋਇਆ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਇੱਕ ਝੰਡੇ ਹੇਠ ਲਾਮਬੰਦ ਕੀਤਾ ਤੇ ਚੰਗਾ ਪ੍ਰਬੰਧ ਦਿੱਤਾ ਸੀ। ਇਹ ਇਸ ਗੱਲ ਦੇ ਬਾਵਜੂਦ ਹੈ ਕਿ ਉਹ ਚੀਨ ਦੇ ਬਹੁ-ਗਿਣਤੀ ਹਾਨ ਭਾਈਚਾਰੇ ਵਿੱਚੋਂ ਨਹੀਂ ਸਨ।
ਸਮਾਂ ਆਪਣੀ ਚਾਲੇ ਚੱਲਦਾ ਆਇਆ ਹੈ ਤੇ ਇਸ ਨੇ ਚੱਲਦੇ ਵੀ ਰਹਿਣਾ ਹੈ। ਇਸ ਲਈ ਜਿੰਨੀ ਛੇਤੀ ਹੋ ਸਕੇ, ਭਾਜਪਾ ਆਗੂਆਂ ਨੂੰ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।

994 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper