ਸੱਤਾ ਪੱਖ ਦੇ ਹਾਮੀਆਂ ਦਾ ਸ਼ਰਮਨਾਕ ਵਰਤਾਰਾ

ਪਿਛਲੇ ਸਾਲ ਗੁਜਰਾਤ ਦੇ ਊਨਾ ਵਿੱਚ ਗਊ ਰੱਖਿਆ ਦੇ ਨਾਂਅ ਉੱਤੇ ਹਿੰਦੂ ਕੱਟੜਵਾਦੀਆਂ ਦੀ ਭੀੜ ਵੱਲੋਂ ਚਾਰ ਦਲਿਤ ਨੌਜਵਾਨਾਂ ਦੀ ਨੰਗੇ ਕਰ ਕੇ ਇਸ ਲਈ ਬੇਤਹਾਸ਼ਾ ਕੁੱਟਮਾਰ ਕੀਤੀ ਗਈ ਕਿ ਉਹ ਆਪਣੇ ਪਿਤਰੀ ਪੇਸ਼ੇ ਵਜੋਂ ਇੱਕ ਮਰੀ ਹੋਈ ਗਾਂ ਨੂੰ ਉਸ ਦੀ ਚਮੜੀ ਲਾਹੁਣ ਲਈ ਹੱਡਾਰੋੜੀ ਵੱਲ ਲੈ ਕੇ ਚੱਲੇ ਸਨ। ਇਸ ਘਟਨਾ ਕਾਰਨ ਸਮੁੱਚੇ ਗੁਜਰਾਤ ਦੇ ਦਲਿਤਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਸੀ। ਇਸ ਘਟਨਾ ਤੋਂ ਕੁਝ ਸਮੇਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਗਊ ਰਾਖਿਆਂ ਅੱਗੇ ਇੱਕ ਤਰਲਾ ਕੀਤਾ ਸੀ ਕਿ 'ਮੇਰੇ ਦਲਿਤ ਭਰਾਵਾਂ ਨੂੰ ਨਾ ਮਾਰੋ, ਮੈਨੂੰ ਬੇਸ਼ੱਕ ਗੋਲੀ ਮਾਰ ਦਿਉ।'
ਪ੍ਰਧਾਨ ਮੰਤਰੀ ਦੇ ਇਸ ਬਿਆਨ ਦੀ ਬਹੁਤ ਨਿੰਦਾ ਹੋਈ ਸੀ ਕਿ ਇੱਕ ਦੇਸ਼ ਦੇ ਮੁਖੀ, ਜਿਸ ਉੱਪਰ ਸਮੁੱਚੇ ਦੇਸ ਵਿੱਚ ਕਾਨੂੰਨ ਦਾ ਰਾਜ ਸਥਾਪਤ ਕਰਨ ਦੀ ਜ਼ਿੰਮੇਵਾਰੀ ਹੈ, ਵੱਲੋਂ ਗਊ ਰੱਖਿਅਕ ਗੁੰਡਾ ਗਰੋਹਾਂ ਅੱਗੇ ਇਸ ਤਰ੍ਹਾਂ ਬੇਵੱਸੀ ਦਾ ਪ੍ਰਗਟਾਵਾ ਕਰਨਾ ਕਿਸੇ ਤਰ੍ਹਾਂ ਵੀ ਸ਼ੋਭਾ ਨਹੀਂ ਦਿੰਦਾ, ਪਰ ਇਸ ਬਿਆਨ ਪਿੱਛੇ ਛੁਪੀ ਭਾਵਨਾ ਨੂੰ ਕਿਸੇ ਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਮੋਦੀ ਰਾਜ ਵਿੱਚ ਗਊ ਰੱਖਿਅਕ ਗਰੋਹਾਂ ਵੱਲੋਂ ਜੇ ਗਊ ਰੱਖਿਆ ਦੇ ਨਾਂਅ ਉੱਤੇ ਕਿਸੇ ਭਾਈਚਾਰੇ ਨੂੰ ਸਭ ਤੋਂ ਵੱਧ ਜ਼ੁਲਮ ਦਾ ਨਿਸ਼ਾਨਾ ਬਣਾਇਆ ਗਿਆ ਤਾਂ ਉਹ ਮੁਸਲਮਾਨ ਸਨ। ਦਲਿਤਾਂ ਦੀ ਤਾਂ ਕੁਝ ਘਟਨਾਵਾਂ ਵਿੱਚ ਕੁੱਟਮਾਰ ਕੀਤੀ ਗਈ, ਪਰ ਮੁਸਲਮਾਨਾਂ ਦੇ ਨੰਗੇ ਧੜ ਕਤਲ ਕੀਤੇ ਗਏ; ਉਹ ਭਾਵੇਂ ਦਾਦਰੀ ਦਾ ਮੁਹੰਮਦ ਅਖਲਾਕ ਸੀ, ਭਾਵੇਂ ਹਰਿਆਣੇ ਦੇ ਮੇਵਾਤ ਦਾ ਗਊ ਪਾਲਕ ਪਹਿਲੂ ਖ਼ਾਂ ਜਾਂ ਫਿਰ ਦਿੱਲੀ ਤੋਂ ਬਲਬਗੜ੍ਹ ਜਾ ਰਿਹਾ ਜ਼ੁਨੈਦ ਖ਼ਾਂ, ਸਭ ਨੂੰ ਮਾਰ ਦੇਣ ਦੀ ਨੀਤ ਨਾਲ ਹੀ ਨਿਸ਼ਾਨਾ ਬਣਾਇਆ ਗਿਆ ਸੀ।
ਦੇਸ਼ ਦੇ ਪ੍ਰਧਾਨ ਮੰਤਰੀ ਦੇ ਉਪਰੋਕਤ ਬਿਆਨ ਵਿੱਚ ਸਿਰਫ਼ ਦਲਿਤਾਂ ਦਾ ਜ਼ਿਕਰ ਕਰਨਾ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਭੀੜ ਤੰਤਰ ਵੱਲੋਂ ਮੁਸਲਮਾਨਾਂ ਦੇ ਕਤਲ ਕੀਤੇ ਜਾਣ ਦਾ ਕੋਈ ਦੁੱਖ ਨਹੀਂ ਹੈ। ਦੂਜੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਦਾ ਉਪਰੋਕਤ ਬਿਆਨ ਗਊ ਰੱਖਿਅਕ ਗਰੋਹਾਂ ਨੂੰ ਇਹ ਸਾਫ਼ ਇਸ਼ਾਰਾ ਕਰਨ ਵਾਂਗ ਅਰਥ ਪੇਸ਼ ਕਰਦਾ ਸੀ ਕਿ ਤੁਸੀਂ ਦਲਿਤਾਂ ਨੂੰ ਨਾ ਮਾਰੋ, ਮੁਸਲਮਾਨਾਂ ਨੂੰ ਭਾਵੇਂ ਮਾਰੀ ਜਾਵੋ। ਇਹੋ ਕਾਰਨ ਹੈ ਕਿ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਵੀ ਮੁਸਲਮਾਨਾਂ ਵਿਰੁੱਧ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਅਤੇ ਅਜੇ ਤੱਕ ਓਸੇ ਤਰ੍ਹਾਂ ਚੱਲੀ ਜਾ ਰਹੀਆਂ ਹਨ।
ਹਾਲੇ ਕੁਝ ਦਿਨ ਪਹਿਲਾਂ ਹੀ ਫ਼ਰੀਦਾਬਾਦ ਵਿੱਚ ਮੁਸਲਮ ਪਰਵਾਰ ਦੇ ਚਾਰ ਮੈਂਬਰਾਂ ਦੀ ਗਊ ਮਾਸ ਦੇ ਨਾਂਅ ਉੱਤੇ ਕੁੱਟਮਾਰ ਕੀਤੀ ਗਈ। ਇਨ੍ਹਾਂ ਵਿੱਚ ਇੱਕ ਅਪਾਹਜ ਵਿਅਕਤੀ ਵੀ ਸੀ, ਜਿਹੜਾ ਵ੍ਹੀਲ ਚੇਅਰ ਤੋਂ ਬਿਨਾਂ ਤੁਰਨ ਤੋਂ ਵੀ ਅਸਮਰੱਥ ਸੀ। ਇਸ ਕੇਸ ਦੀ ਜਦੋਂ ਪੁਲਸ ਵੱਲੋਂ ਜਾਂਚ ਕਰਵਾਈ ਗਈ ਤਾਂ ਮਾਸ ਮੱਝ ਦਾ ਨਿਕਲਿਆ। ਇਸ ਘਟਨਾ ਤੋਂ ਤੀਜੇ ਦਿਨ ਰਾਜਸਥਾਨ ਦੇ ਇੱਕ ਮੁਸਲਿਮ ਪਰਵਾਰ ਦੀਆਂ 52 ਦੁਧਾਰੂ ਗਾਂਵਾਂ ਖੋਲ੍ਹ ਕੇ ਗਊਸ਼ਾਲਾ ਵਿੱਚ ਵਾੜ ਦਿੱਤੀਆਂ ਗਈਆਂ ਤੇ ਦੋਸ਼ ਇਹ ਲਾਇਆ ਗਿਆ ਕਿ ਉਹ ਗਊਆਂ ਦਾ ਤਸਕਰ ਹੈ। ਅਸਲ ਵਿੱਚ ਇਹ ਸਾਰਾ ਕੁਝ ਇਸ ਲਈ ਵਾਪਰ ਰਿਹਾ ਹੈ ਕਿ ਇਨ੍ਹਾਂ ਗਊ ਰੱਖਿਅਕ ਗੁੰਡਾ ਗਰੋਹਾਂ ਨੂੰ ਸੱਤਾ ਧਿਰ ਦੀ ਸਰਪ੍ਰਸਤੀ ਹਾਸਲ ਹੈ। ਮੁਹੰਮਦ ਅਖਲਾਕ ਦੇ ਕਤਲ ਲਈ ਦੋਸ਼ੀ ਵਿਅਕਤੀਆਂ ਵਿੱਚੋਂ ਜਦੋਂ ਇੱਕ ਦੀ ਮੌਤ ਹੋ ਗਈ ਸੀ ਤਾਂ ਉਸ ਦੀ ਦੇਹ ਨੂੰ ਰਾਜਕੀ ਸਨਮਾਨ ਵਜੋਂ ਤਿਰੰਗੇ ਵਿੱਚ ਲਪੇਟਿਆ ਗਿਆ ਸੀ। ਜਦੋਂ ਕਤਲ ਦੇ ਦੋਸ਼ੀਆਂ ਨੂੰ ਅਜਿਹੇ ਇਨਾਮ ਦਿੱਤੇ ਜਾ ਰਹੇ ਹੋਣ ਤਾਂ ਮੁਸਲਮਾਨਾਂ ਵਿਰੁੱਧ ਵਾਪਰਦੀਆਂ ਹਿੰਸਕ ਘਟਨਾਵਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?
ਹੁਣ ਜਦੋਂ ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਓਥੇ ਕਈ ਹੋਰ ਗੱਲਾਂ ਤੋਂ ਇਲਾਵਾ ਗਾਂਵਾਂ ਦਾ ਮੁੱਦਾ ਵੀ ਭਖਿਆ ਪਿਆ ਹੈ। ਘੱਟ-ਗਿਣਤੀਆਂ ਉੱਤੇ ਵੀ ਇਸ ਜਬਰ ਦਾ ਅਸਰ ਹੈ। ਦਲਿਤਾਂ ਨੂੰ ਵੀ ਕੁੱਟੇ ਜਾਣ ਦਾ ਗੁੱਸਾ ਹਾਲੇ ਕਾਇਮ ਹੈ। ਜਿਹੜੇ ਗੈਂਗ ਇਹ ਕੰਮ ਕਰਦੇ ਹਨ, ਉਨ੍ਹਾਂ ਨੂੰ ਹਾਕਮ ਧਿਰ ਦੀ ਹਮਾਇਤ ਵੀ ਲੁਕਵੀਂ ਨਹੀਂ, ਇਸ ਕਰ ਕੇ ਹਾਕਮ ਧਿਰ ਨੂੰ ਚਿੰਤਾ ਵੀ ਹੈ। ਹੈਰਾਨੀ ਦੀ ਗੱਲ ਹੈ ਕਿ ਫਿਰ ਵੀ ਇਹ ਵਰਤਾਰਾ ਰੁਕਦਾ ਨਹੀਂ ਤੇ ਜਿਵੇਂ ਪਹਿਲਾਂ ਚੱਲਦਾ ਸੀ, ਓਸੇ ਤਰ੍ਹਾਂ ਚੱਲੀ ਜਾ ਰਿਹਾ ਹੈ। ਰੋਕਣ ਲਈ ਇੱਕ ਨੀਤੀ ਦੀ ਲੋੜ ਹੁੰਦੀ ਹੈ। ਮੌਜੂਦਾ ਭਾਰਤ ਸਰਕਾਰ ਜਾਂ ਉਸ ਦੇ ਮੁਖੀ ਦੀ ਇਹੋ ਜਿਹੀ ਨੀਤੀ ਹੀ ਦਿਖਾਈ ਨਹੀਂ ਦੇ ਰਹੀ।
ਭਾਰਤ ਵਰਗੇ ਲੋਕਤੰਤਰੀ ਦੇਸ਼ ਵਿੱਚ ਸੱਤਾ ਪੱਖ ਦੇ ਹਾਮੀਆਂ ਵੱਲੋਂ ਅਜਿਹਾ ਵਰਤਾਰਾ ਸ਼ਰਮਨਾਕ ਵੀ ਹੈ ਤੇ ਨਿੰਦਣ ਯੋਗ ਵੀ।