Latest News
ਲੋਕ-ਕਲਾ ਤੇ ਲੋਕ-ਸੰਗਰਾਮ ਦਾ ਸੁਮੇਲ ਹੋਏਗਾ ਮੇਲਾ ਗ਼ਦਰੀ ਬਾਬਿਆਂ ਦਾ

Published on 27 Oct, 2017 08:58 AM.

ਜਲੰਧਰ (ਕੇਸਰ)
ਰੂਸੀ ਸਮਾਜਵਾਦੀ ਇਨਕਲਾਬ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਤ 26ਵਾਂ ਮੇਲਾ ਗ਼ਦਰੀ ਬਾਬਿਆਂ ਦਾ, ਮੁਲਕ ਦੇ ਲੋਕਾਂ ਨੂੰ ਦਰਪੇਸ਼ ਵੰਨ-ਸੁਵੰਨੀਆਂ ਚੁਣੌਤੀਆਂ ਨੂੰ ਆਪਣੀਆਂ ਖਿੱਚ-ਭਰਪੂਰ ਕਲਾ ਕਿਰਤਾਂ, ਵਿਚਾਰ-ਚਰਚਾ ਅਤੇ ਤਕਰੀਰਾਂ ਰਾਹੀਂ ਮੁਖ਼ਾਤਬ ਹੋਏਗਾ। ਇਹ ਮੇਲਾ, ਲੋਕ-ਕਲਾ ਅਤੇ ਲੋਕ-ਸੰਗਰਾਮ ਦਾ ਸੁਮੇਲ ਹੋਏਗਾ।
ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਟਰੱਸਟੀ ਗੰਧਰਵ ਸੇਨ ਕੋਛੜ ਅਤੇ ਨੌਨਿਹਾਲ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਮੇਲਾ, ਰਵਾਇਤੀ ਮੇਲਿਆਂ ਨਾਲੋਂ ਮੂਲੋਂ ਹੀ ਇਸ ਕਰਕੇ ਨਿਵੇਕਲਾ ਹੈ ਕਿ ਮੇਲਾ ਇਤਿਹਾਸਕ ਵਿਰਾਸਤ ਦੇ ਅਤੀਤ ਨੂੰ, ਅੱਜ ਅਤੇ ਆਉਣ ਵਾਲੇ ਕੱਲ੍ਹ ਦੇ ਮਸਲਿਆਂ ਬਾਰੇ ਗੰਭੀਰ ਚਿੰਤਨ ਹੀ ਨਹੀਂ ਕਰੇਗਾ, ਸਗੋਂ ਦਰੜੀ ਜਾ ਰਹੀ ਮਿਹਨਤਕਸ਼ ਲੋਕਾਈ ਦੀ ਮੁਕਤੀ ਲਈ ਮਾਰਗ-ਦਰਸ਼ਕ ਹੋਣ 'ਚ ਵੀ ਆਪਣੀ ਭੂਮਿਕਾ ਅਦਾ ਕਰੇਗਾ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਾਮਰਾਜਵਾਦ, ਜਗੀਰੂ ਅਤੇ ਪੂੰਜੀਪਤ ਸ਼ਾਹੀ, ਅੰਧ-ਰਾਸ਼ਟਰਵਾਦ, ਫ਼ਿਰਕੂ ਫਾਸ਼ੀਪੁਣੇ, ਜਾਤੀ ਹੱਲੇ, ਵਿਚਾਰਾਂ ਦੀ ਆਜ਼ਾਦੀ ਦਾ ਗਲਾ ਘੁੱਟਣ, ਕਰਜ਼ੇ, ਖੁਦਕੁਸ਼ੀਆਂ, ਦਲਿਤਾਂ ਉਪਰ ਅੱਤਿਆਚਾਰ, ਸਿੱਖਿਆ, ਸਿਹਤ, ਰੁਜ਼ਗਾਰ ਵਰਗੇ ਅਨੇਕਾਂ ਮੁੱਦੇ, ਮੇਲੇ 'ਚ ਗੰਭੀਰ ਮੰਥਨ ਦਾ ਵਿਸ਼ਾ ਹੋਣਗੇ। ਉਹਨਾਂ ਦੱਸਿਆ ਕਿ ਮੇਲੇ ਨੇ ਆਪਣਾ ਵਿਲੱਖਣ ਰੁਤਬਾ ਹਾਸਲ ਕਰ ਲਿਆ ਹੈ, ਜਿਸ ਦੇ ਨਤੀਜੇ ਵਜੋਂ ਮੇਲੇ 'ਚ ਪੰਜਾਬ ਦੇ ਕੋਨੇ-ਕੋਨੇ ਤੋਂ ਕਿਰਤੀ ਕਿਸਾਨ, ਵਿਦਿਆਰਥੀ, ਨੌਜਵਾਨ, ਔਰਤਾਂ, ਬੇਰੁਜ਼ਗਾਰ, ਬੁੱਧੀਜੀਵੀ, ਸਾਹਿਤਕਾਰ, ਰੰਗਕਰਮੀ, ਮੁਲਕ ਦੀਆਂ ਨਾਮਵਰ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤੋਂ ਇਲਾਵਾ ਇੰਗਲੈਂਡ, ਕਨੇਡਾ, ਅਮਰੀਕਾ, ਨਿਊ ਜ਼ੀਲੈਂਡ ਅਤੇ ਇਟਲੀ ਆਦਿ ਮੁਲਕਾਂ ਤੋਂ ਵੀ ਪਰਵਾਰਾਂ ਦੇ ਪਰਿਵਾਰ ਮੇਲੇ 'ਚ ਸ਼ਾਮਲ ਹੋਣ ਲਈ ਆ ਰਹੇ ਹਨ। ਦੇਸ਼ ਭਗਤ ਯਾਦਗਾਰ ਹਾਲ ਦੇ ਸਮੁੱਚੇ ਕੰਪਲੈਕਸ ਨੂੰ ਮੇਲੇ ਦੇ ਦਿਨਾਂ 'ਚ ਭਾਈ ਰਤਨ ਸਿੰਘ ਰਾਏਪੁਰ ਡੱਬਾ ਅਤੇ ਭਾਈ ਸੰਤੋਖ ਸਿੰਘ 'ਕਿਰਤੀ' ਨੂੰ ਸਮਰਪਤ 'ਸਾਂਝੀਵਾਲਤਾ ਨਗਰ' ਦਾ ਨਾਂਅ ਦਿੱਤਾ ਜਾਏਗਾ।
ਮੇਲੇ ਦੀ ਤਫ਼ਸੀਲ ਬਿਆਨਦਿਆਂ ਉਹਨਾ ਦੱਸਿਆ ਕਿ 30 ਅਕਤੂਬਰ ਸਵੇਰੇ 10 ਵਜੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਨੌਨਿਹਾਲ ਸਿੰਘ, ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਸਮੇਤ ਸ਼ਮ੍ਹਾ ਰੌਸ਼ਨ ਕਰਨਗੇ। ਉਪਰੰਤ ਗਾਇਨ, ਭਾਸ਼ਣ ਮੁਕਾਬਲਾ ਹੋਏਗਾ ਅਤੇ ਸ਼ਾਮ ਨੂੰ ਲਘੂ ਨਾਟਕਾਂ ਦੀ ਵੰਨਗੀ ਹੋਏਗੀ।
31 ਅਕਤੂਬਰ ਕੁਇਜ਼ ਅਤੇ ਚਿੱਤਰਕਲਾ ਮੁਕਾਬਲਾ ਹੋਏਗਾ। ਦੁਪਹਿਰ ਸਮੇਂ ਇਨਾਮ-ਸਨਮਾਨ ਮੌਕੇ ਵਿਗਿਆਨਕ ਵਿਚਾਰਾਂ ਹੋਣਗੀਆਂ। ਸ਼ਾਮ 4 ਤੋਂ 6 ਵਜੇ ਤੱਕ ਕਵੀ ਦਰਬਾਰ ਅਤੇ ਸ਼ਾਮ 7 ਤੋਂ 9 ਵਜੇ ਤੱਕ ਦਸਤਾਵੇਜ਼ੀ ਫ਼ਿਲਮ ਸ਼ੋਅ ਹੋਏਗਾ, ਜਿਸ ਵਿੱਚ ਰੂਸੀ ਕਰਾਂਤੀ ਨੂੰ ਸਮਰਪਤ 'ਦਸ ਦਿਨ ਜਿਨ੍ਹਾਂ ਦੁਨੀਆਂ ਹਿਲਾ ਦਿੱਤੀ' ਅਤੇ ਨਸ਼ਿਆਂ ਦੀ ਜੜ੍ਹ ਬਾਰੇ 'ਸੈਲਾਬ' ਫ਼ਿਲਮਾਂ ਦਿਖਾਈਆਂ ਜਾਣਗੀਆਂ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਗੰਧਰਵ ਸੇਨ ਕੋਛੜ ਇੱਕ ਨਵੰਬਰ ਸਵੇਰੇ 10 ਵਜੇ ਗ਼ਦਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਆਪਣੇ ਵਿਚਾਰ ਰੱਖਣਗੇ। ਜਨਰਲ ਸਕੱਤਰ ਗੁਰਮੀਤ ਸਿੰਘ 'ਜੀ ਆਇਆਂ ਨੂੰ' ਕਹਿਣਗੇ ਅਤੇ ਇਸ ਉਪਰੰਤ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦਾ ਲਿਖਿਆ ਝੰਡੇ ਦਾ ਗੀਤ, ਕਾਵਿ-ਨਾਟ ਦੇ ਰੂਪ 'ਚ 'ਨਵੇਂ ਸੂਰਜ ਦਾ ਗੀਤ' ਕੋਈ 100 ਦੇ ਕਰੀਬ ਕਲਾਕਾਰ ਪੇਸ਼ ਕਰਨਗੇ। ਇਹ ਗੀਤ ਇੱਕ ਨਵੰਬਰ ਦੀ ਨਾਟਕਾਂ ਭਰੀ ਰਾਤ ਸਮੇਂ ਵੀ ਦੁਹਰਾਇਆ ਜਾਵੇਗਾ।
ਇਸ ਉਪਰੰਤ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਸੰਬੋਧਨ ਕਰਨਗੇ। 'ਸੋਵੀਨਰ' ਅਤੇ 'ਵਿਰਸਾ' ਲੋਕ ਅਰਪਣ ਹੋਏਗਾ। ਨਾਮਧਾਰੀ ਸੰਗੀਤ, ਵਿਨੈ ਅਤੇ ਚਾਰੁਲ ਅਹਿਮਦਾਬਾਦ (ਗੁਜਰਾਤ), ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਗੀਤ-ਸੰਗੀਤ ਪੇਸ਼ ਕਰੇਗਾ।
ਉੱਘੀ ਖੋਜੀ ਲੇਖਕਾ ਰਾਣਾ ਆਯੂਬ ਇਸ ਰੋਜ਼ ਮੁੱਖ ਵਕਤਾ ਹੋਣਗੇ। ਡਾ. ਜਗਮੀਤ ਅਤੇ ਏਕੱਤਰ ਦੀ ਨਿਰਦੇਸ਼ਨਾ 'ਚ 'ਬਦਲ ਦਿਓ' ਅਤੇ 'ਕੰਮੀਆਂ ਦਾ ਵਿਹੜਾ' ਨਾਟਕ ਖੇਡੇ ਜਾਣਗੇ। ਸ਼ਾਮ 4 ਵਜੇ ਤੋਂ 6 ਵਜੇ ਤੱਕ 'ਰੂਸੀ ਸਮਾਜਵਾਦੀ ਇਨਕਲਾਬ ਦੀ ਅਜੋਕੇ ਸਮੇਂ ਪਰਸੰਗਕਤਾ' ਵਿਸ਼ੇ ਉਪਰ ਵਿਚਾਰ-ਚਰਚਾ ਹੋਏਗੀ।
1 ਨਵੰਬਰ ਦੀ ਸਾਰੀ ਰਾਤ ਨਾਟਕਾਂ ਅਤੇ ਗੀਤਾਂ ਭਰੀ ਹੋਵੇਗੀ, ਜਿਸ ਵਿੱਚ ਪ੍ਰੋ. ਅਜਮੇਰ ਸਿੰਘ ਔਲਖ ਦੀ ਰਚਨਾ 'ਭੱਠ ਖੇੜਿਆਂ ਦਾ ਰਹਿਣਾ' (ਨਿਰਦੇਸ਼ਕ ਕੇਵਲ ਧਾਲੀਵਾਲ), ਗੁਰਮੀਤ ਕੜਿਆਲਵੀ ਦੀ ਕਹਾਣੀ 'ਤੇ ਅਧਾਰਤ 'ਤੂੰ ਜਾਹ ਡੈਡੀ' (ਨਿਰਦੇਸ਼ਕ ਕੀਰਤੀ ਕਿਰਪਾਲ) ਅਤੇ ਰੂਸੀ ਨਾਵਲ 'ਤੇ ਅਧਾਰਤ ਚਕਰੇਸ਼ ਕੁਮਾਰ ਚੰਡੀਗੜ੍ਹ ਦੀ ਨਿਰਦੇਸ਼ਨਾ 'ਚ 'ਪਹਿਲਾ ਅਧਿਆਪਕ' ਨਾਟਕ ਖੇਡੇ ਜਾਣਗੇ। ਇਸ ਰਾਤ ਮਨਜੀਤ ਕੌਰ ਔਲਖ ਅਤੇ ਡਾ. ਨਵਸ਼ਰਨ ਲੋਕਾਂ ਨਾਲ ਵਿਚਾਰਾਂ ਕਰਨਗੇ। ਦਸਤਕ ਗਰੁੱਪ, ਵਿਨੈ ਚਾਰੁਲ ਅਹਿਮਦਾਬਾਦ, ਰਸੂਲਪੁਰ ਕਵੀਸ਼ਰੀ ਜੱਥਾ ਸਮੇਤ ਗਾਇਕ ਕਲਾਕਾਰ ਇਨਕਲਾਬੀ ਗਾਇਕੀ ਦਾ ਰੰਗ ਭਰਨਗੇ। ਕਾਨਫਰੰਸ ਮੌਕੇ ਕਮੇਟੀ ਮੈਂਬਰ ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਚਰੰਜੀ ਲਾਲ ਕੰਗਣੀਵਾਲ, ਸੀਤਲ ਸਿੰਘ ਸੰਘਾ, ਦੇਵ ਰਾਜ ਨਈਅਰ ਆਦਿ ਮੌਜੂਦ ਸਨ।

427 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper