ਭਾਜਪਾ ਵੱਲੋਂ ਅਹਿਮਦ ਪਟੇਲ 'ਤੇ ਅੱਤਵਾਦੀ ਨੂੰ ਪਨਾਹ ਦੇਣ ਦਾ ਦੋਸ਼


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਗੁਜਰਾਤ ਏ ਟੀ ਐੱਸ ਵੱਲੋਂ ਆਈ ਐੱਸ ਆਈ ਐੱਸ ਨਾਲ ਸੰਬੰਧਤ ਦੋ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਮਗਰੋਂ ਸਿਆਸਤ ਗਰਮਾ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ, ਸੀਨੀਅਰ ਕਾਂਗਰਸੀ ਆਗੂ ਅਤੇ ਰਾਜ ਸਭਾ ਮੈਂਬਰ ਅਹਿਮਦ ਪਟੇਲ 'ਤੇ ਅੱਤਵਾਦੀ ਨੂੰ ਆਪਣੇ ਹਸਪਤਾਲ 'ਚ ਪਨਾਹ ਦੇਣ ਦਾ ਦੋਸ਼ ਲਾਇਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕੌਮੀ ਸੁਰੱਖਿਆ ਨਾਲ ਜੁੜੇ ਮੁੱਦਿਆਂ 'ਤੇ ਸਿਆਸਤ ਨਹੀਂ ਕਰਦੀ, ਪਰ ਅਹਿਮਦ ਪਟੇਲ ਵਿਰੁੱਧ ਲੱਗੇ ਦੋਸ਼ ਬੇਹੱਦ ਗੰਭੀਰ ਹਨ ਤੇ ਅਹਿਮਦ ਪਟੇਲ ਦੇ ਨਾਲ-ਨਾਲ ਕਾਂਗਰਸ ਪਾਰਟੀ ਨੂੰ ਵੀ ਇਸ 'ਤੇ ਸਫ਼ਾਈ ਦੇਣੀ ਚਾਹੀਦੀ ਹੈ। ਨਕਵੀ ਨੇ ਕਿਹਾ ਕਿ ਅਹਿਮਦ ਪਟੇਲ ਹੀ ਉਸ ਹਸਪਤਾਲ ਦੇ ਕਰਤਾ-ਧਰਤਾ ਹਨ, ਜਿਸ 'ਚ ਆਈ ਐੱਸ ਆਈ ਐੱਸ ਦੇ ਅੱਤਵਾਦੀ ਨੇ ਪਨਾਹ ਲਈ ਹੋਈ ਸੀ। ਉਨ੍ਹਾ ਕਿਹਾ ਕਿ ਇਸ ਤੋਂ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ ਕਿ 'ਕਾਂਗਰਸ ਕਾ ਹਾਥ ਅੱਤਵਾਦੀਆਂ ਕੇ ਸਾਥ' ਹੈ। ਉਧਰ ਅਹਿਮਦ ਪਟੇਲ ਨੇ ਭਾਜਪਾ ਵੱਲੋਂ ਲਾਏ ਜਾ ਰਹੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾ ਅਤੇ ਉਨ੍ਹਾ ਦੇ ਪਰਵਾਰ ਦਾ ਉਸ ਹਸਪਤਾਲ ਨਾਲ ਕੋਈ ਸੰਬੰਧ ਨਹੀਂ, ਜਿੱਥੇ ਅੱਤਵਾਦੀ ਨੌਕਰੀ ਕਰ ਰਿਹਾ ਸੀ।
ਇੱਕ ਟਵੀਟ ਰਾਹੀਂ ਅਹਿਮਦ ਪਟੇਲ ਨੇ ਕਿਹਾ ਕਿ ਮੈਂ ਅਤੇ ਮੇਰੀ ਪਾਰਟੀ ਹਮੇਸ਼ਾ ਅੱਤਵਾਦੀਆਂ ਵਿਰੁੱਧ ਛੇਤੀ ਅਤੇ ਸਖ਼ਤ ਕਾਰਵਾਈ ਦੇ ਹੱਕ 'ਚ ਰਹੇ ਹਾਂ। ਉਨ੍ਹਾ ਕਿਹਾ ਕਿ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਇੱਕ ਅਹਿਮ ਮੁੱਦਾ ਹੈ ਅਤੇ ਕਿਸੇ ਨੂੰ ਵੀ ਇਸ ਮੁੱਦੇ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ।
ਨਕਵੀ ਨੇ ਕਿਹਾ ਕਿ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਅਹਿਮਦ ਪਟੇਲ ਦਾ ਉਸ ਹਸਪਤਾਲ ਨਾਲ ਕੋਈ ਲੈਣਾ-ਦੇਣਾ ਨਹੀਂ, ਤਾਂ ਕੀ ਸਰਦਾਰ ਪਟੇਲ ਹਸਪਤਾਲ ਬੇਨਾਮੀ ਜਾਇਦਾਦ ਹੈ। ਉਨ੍ਹਾ ਕਿਹਾ ਕਿ ਇਥੇ ਦਾਲ 'ਚ ਕੁਝ ਕਾਲਾ ਨਹੀਂ, ਸਾਰੀ ਦਾਲ ਹੀ ਕਾਲੀ ਹੈ। ਉਨ੍ਹਾ ਕਿਹਾ ਕਿ ਕਾਂਗਰਸ ਨੂੰ ਸਮਝਣਾ ਹੋਵੇਗਾ ਕਿ ਅੱਤਵਾਦ ਦਾ ਕਲੰਕ ਭ੍ਰਿਸ਼ਟਾਚਾਰ ਤੋਂ ਵੀ ਕਾਲਾ ਹੈ। ਉਨ੍ਹਾ ਕਿਹਾ ਕਿ ਕੌਮੀ ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ। ਕਾਂਗਰਸ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਪਟੇਲ ਨੇ ਪਹਿਲਾਂ ਹੀ ਹਸਪਤਾਲ ਦੇ ਟਰੱਸਟੀ ਦਾ ਅਹੁਦਾ ਛੱਡ ਦਿੱਤਾ ਸੀ। ਭਾਜਪਾ 'ਤੇ ਜੁਆਬੀ ਹਮਲਾ ਕਰਦਿਆਂ ਉਨ੍ਹਾ ਕਿਹਾ ਕਿ ਭਾਜਪਾ ਨੂੰ ਅਹਿਮਦ ਪਟੇਲ ਦੀ ਜਿੱਤ ਹਜ਼ਮ ਨਹੀਂ ਹੋ ਰਹੀ ਅਤੇ ਅਹਿਮਦ ਪਟੇਲ ਨੂੰ ਜਾਣ-ਬੁੱਝ ਕੇ ਫਸਾਇਆ ਜਾ ਰਿਹਾ ਹੈ। ਗੁਜਰਾਤ ਕਾਂਗਰਸ ਇੰਚਾਰਜ ਅਸ਼ੋਕ ਗਹਿਲੋਤ ਨੇ ਕਿਹਾ ਕਿ ਭਾਜਪਾ ਵਿਧਾਨ ਸਭਾ ਚੋਣਾਂ 'ਚ ਸਿਆਸੀ ਲਾਹਾ ਲੈਣ ਲਈ ਮਾਮਲਾ ਉਛਾਲ ਰਹੀ ਹੈ, ਪਰ ਭਾਜਪਾ ਦੀ ਕੋਈ ਚਾਲ ਸਫ਼ਲ ਨਹੀਂ ਹੋਵੇਗੀ, ਕਿਉਂਕਿ ਗੁਜਰਾਤ 'ਚ ਭਾਜਪਾ ਵਿਰੋਧੀ ਮਾਹੌਲ ਹੈ।