ਯੋਗੀ ਦੀ ਕਥਨੀ ਦੀ ਹਕੀਕਤ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੱਤਾ ਦੀ ਕਮਾਨ ਸੰਭਾਲਦੇ ਸਾਰ ਰਾਜ ਦੀ ਜਨਤਾ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਹੁਣ ਕਨੂੰਨ ਦਾ ਰਾਜ ਸਥਾਪਤ ਹੋਵੇਗਾ ਤੇ ਰਾਜ ਦੇ ਸਾਰੇ ਵਸਨੀਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ। ਅੱਜ ਉਨ੍ਹਾ ਦੇ ਸ਼ਾਸਨ ਵਾਲੇ ਰਾਜ ਵਿੱਚ ਹੋ ਕੀ ਰਿਹਾ ਹੈ?
ਅਨੁਸੂਚਿਤ ਜਾਤੀ ਨਾਲ ਸੰਬੰਧਤ ਇੱਕ ਗਰਭਵਤੀ ਮਹਿਲਾ ਨੂੰ ਇਸ ਲਈ ਕੁੱਟ-ਕੁੱਟ ਕੇ ਮੌਤ ਦੇ ਘਾਟ ਪੁਚਾ ਦਿੱਤਾ ਗਿਆ ਕਿ ਇੱਕ ਉੱਚ ਜਾਤੀ ਦੀ ਇਸਤਰੀ ਦੇ ਹੱਥ ਵਿੱਚ ਫੜੀ ਕੂੜੇ ਦੀ ਟੋਕਰੀ ਨਾਲ ਉਸ ਦਾ ਹੱਥ ਛੋਹ ਗਿਆ ਸੀ। ਇਹ ਦੁੱਖਦਾਈ ਘਟਨਾ ਦਿਨ-ਦਿਹਾੜੇ ਵਾਪਰੀ, ਪਰ ਕੋਈ ਵੀ ਵਿਅਕਤੀ ਉਸ ਔਰਤ ਦੀ ਮਦਦ ਲਈ ਅੱਗੇ ਨਹੀਂ ਆਇਆ। ਸਥਾਨਕ ਪੁਲਸ ਦੇ ਅਹਿਲਕਾਰ ਵੀ ਓਦੋਂ ਹੀ ਹਰਕਤ ਵਿੱਚ ਆਏ, ਜਦੋਂ ਇਸ ਦਰਦਨਾਕ ਘਟਨਾ ਦਾ ਸਾਰਾ ਵੇਰਵਾ ਮੀਡੀਆ ਵੱਲੋਂ ਨਸ਼ਰ ਕਰ ਦਿੱਤਾ ਗਿਆ।
ਹਾਲੇ ਇਸ ਘਟਨਾ ਬਾਰੇ ਖ਼ਬਰਾਂ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਫਤਹਿਪੁਰ ਸੀਕਰੀ ਤੋਂ ਇਹ ਖ਼ਬਰ ਆ ਗਈ ਕਿ ਉੱਥੇ ਸਵਿਟਜ਼ਰਲੈਂਡ ਤੋਂ ਭਾਰਤ ਦੀ ਯਾਤਰਾ 'ਤੇ ਆਏ ਨੌਜਵਾਨ ਤੇ ਉਸ ਦੀ ਦੋਸਤ ਮੁਟਿਆਰ ਨਾਲ ਕੁਝ ਨੌਜਵਾਨਾਂ ਵੱਲੋਂ ਛੇੜ-ਛਾੜ ਕੀਤੀ ਗਈ ਹੈ। ਉਹ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਪਰ ਸਥਾਨਕ ਪੁਲਸ ਨੇ ਪੀੜਤਾਂ ਦੀ ਮਦਦ ਕਰਨ ਤੇ ਦੋਸ਼ੀਆਂ ਵਿਰੁੱਧ ਫ਼ੌਰੀ ਕਾਰਵਾਈ ਕਰਨ ਦੀ ਥਾਂ ਇਹ ਕਹਿਣਾ ਆਰੰਭ ਕਰ ਦਿੱਤਾ ਕਿ ਇਹ ਦੋਵੇਂ ਸੈਲਾਨੀ ਅਸ਼ਲੀਲ ਹਰਕਤਾਂ ਕਰ ਰਹੇ ਸਨ, ਇਸ ਕਰ ਕੇ ਇਹ ਵਿਵਾਦ ਖੜਾ ਹੋਇਆ। ਪੀੜਤਾਂ ਨੇ ਸਥਾਨਕ ਹਸਪਤਾਲ ਵਿੱਚੋਂ ਇਲਾਜ ਕਰਵਾਉਣ ਦੀ ਥਾਂ ਦਿੱਲੀ ਆ ਕੇ ਅਪੋਲੋ ਹਸਪਤਾਲ ਵਿੱਚ ਦਾਖ਼ਲਾ ਲੈ ਲਿਆ।
ਇਸ ਮਗਰੋਂ ਬਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੀ ਹਰਕਤ ਵਿੱਚ ਆਉਣਾ ਪਿਆ। ਉਨ੍ਹਾ ਦੇ ਆਦੇਸ਼ 'ਤੇ ਬਦੇਸ਼ ਮੰਤਰਾਲੇ ਦੇ ਅਹਿਲਕਾਰਾਂ ਨੇ ਦੋਹਾਂ ਪੀੜਤਾਂ ਦਾ ਹਾਲ-ਚਾਲ ਪੁੱਛਿਆ। ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਵੀ ਇਸ ਸੰਬੰਧ ਵਿੱਚ ਫੌਰੀ ਕਾਰਵਾਈ ਕਰਨ ਲਈ ਕਿਹਾ ਗਿਆ। ਇਸ ਘਟਨਾ ਬਾਰੇ ਸਵਿਟਜ਼ਰਲੈਂਡ ਦੇ ਦਿੱਲੀ ਵਿੱਚ ਸਥਿਤ ਦੂਤਾਵਾਸ ਵੱਲੋਂ ਵੀ ਗੰਭੀਰ ਨੋਟਿਸ ਲਿਆ ਗਿਆ।
ਹੁਣ ਕਿਧਰੇ ਜਾ ਕੇ ਉੱਤਰ ਪ੍ਰਦੇਸ਼ ਦੀ ਪੁਲਸ ਹਰਕਤ ਵਿੱਚ ਆਈ ਹੈ ਤੇ ਉਸ ਨੇ ਕੁਝ ਦੋਸ਼ੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਹਸਪਤਾਲ ਵਿੱਚ ਦਾਖ਼ਲ ਇਹਨਾਂ ਦੋਵਾਂ ਸੈਲਾਨੀਆਂ ਨੇ ਚਾਹੇ ਮੁੱਢਲੀ ਰਿਪੋਰਟ ਦਰਜ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ, ਪਰ ਬਦੇਸ਼ ਮੰਤਰਾਲੇ ਦੇ ਅਹਿਲਕਾਰਾਂ ਨੂੰ ਇਹ ਦੱਸਿਆ ਕਿ ਕੇਵਲ ਉਨ੍ਹਾਂ ਨਾਲ ਛੇੜ-ਛਾੜ ਹੀ ਨਹੀਂ ਕੀਤੀ ਗਈ, ਸਗੋਂ ਉਨ੍ਹਾਂ ਵੱਲੋਂ ਨਾਲ ਲਿਆਂਦੇ ਕੀਮਤੀ ਕੈਮਰੇ ਤੇ ਦੂਜਾ ਸਾਮਾਨ ਵੀ ਲੁੱਟਣ ਦਾ ਉਪਰਾਲਾ ਕੀਤਾ ਗਿਆ। ਇਸ ਦਾ ਵਿਰੋਧ ਕਰਨ 'ਤੇ ਗੁੰਡਾ ਅਨਸਰ ਤਸ਼ੱਦਦ 'ਤੇ ਉੱਤਰ ਆਏ।
ਇਹ ਸ਼ਰਮਨਾਕ ਘਟਨਾ ਐਨ ਉਸ ਸਮੇਂ ਵਾਪਰੀ, ਜਦੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਆਪਣੀ ਹੀ ਪਾਰਟੀ ਦੇ ਵਿਧਾਇਕਾਂ, ਪਾਰਲੀਮੈਂਟ ਮੈਂਬਰਾਂ ਤੇ ਮੰਤਰੀਆਂ ਦੇ ਤਾਜ ਮਹਿਲ ਬਾਰੇ ਦਿੱਤੇ ਊਲ-ਜਲੂਲ ਬਿਆਨਾਂ ਕਾਰਨ ਸੈਲਾਨੀਆਂ ਤੇ ਖ਼ਾਸ ਕਰ ਕੇ ਬਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਦੇ ਮਨਾਂ ਵਿੱਚ ਪੈਦਾ ਹੋਣ ਵਾਲੇ ਵਿਸਵਿਸਿਆਂ ਨੂੰ ਦੂਰ ਕਰਨ ਲਈ ਆਗਰੇ ਦੀ ਯਾਤਰਾ 'ਤੇ ਆਏ ਹੋਏ ਸਨ। ਉਨ੍ਹਾ ਨੇ ਕਿਹਾ ਕਿ ਤਾਜ ਮਹਿਲ ਸਾਡੀ ਕੌਮੀ ਵਿਰਾਸਤ ਹੈ ਤੇ ਸੰਸਾਰ ਦੇ ਸੱਤ ਅਜੂਬਿਆਂ ਵਿੱਚ ਇਸ ਦਾ ਨਾਂਅ ਸ਼ਾਮਲ ਹੈ। ਉਨ੍ਹਾ ਨੂੰ ਇਸ ਗੱਲ ਦਾ ਵੀ ਤਲਖ ਅਹਿਸਾਸ ਸੀ ਕਿ ਆਗਰੇ ਵਿੱਚ ਆਉਣ ਵਾਲੇ ਸੈਲਾਨੀਆਂ ਤੋਂ ਰਾਜ ਦੀ ਸੈਰ-ਸਪਾਟਾ ਸਨਅਤ ਨੂੰ ਸਾਲਾਨਾ ਪੰਦਰਾਂ ਹਜ਼ਾਰ ਕਰੋੜ ਰੁਪਏ ਦੀ ਆਮਦਨ ਹੁੰਦੀ ਹੈ। ਤਿੰਨ ਸੌ ਤੋਂ ਵੱਧ ਹੋਟਲ ਤੇ ਰੈਸਟੋਰੈਂਟ ਸੈਲਾਨੀਆਂ ਦੇ ਸਿਰ 'ਤੇ ਚੱਲਦੇ ਹਨ। ਤਾਜ ਮਹਿਲ ਤੋਂ ਇਲਾਵਾ ਆਗਰੇ ਦਾ ਕਿਲ੍ਹੇ ਤੇ ਫਤਹਿਪੁਰ ਸੀਕਰੀ ਸੈਲਾਨੀਆਂ ਦੀ ਖਿੱਚ ਦਾ ਮੁੱਖ ਕੇਂਦਰ ਹਨ।
ਵੈਸੇ ਤਾਂ ਅਸੀਂ ਤੇ ਖ਼ਾਸ ਕਰ ਕੇ ਭਾਜਪਾ ਵਾਲੇ 'ਅਤਿਥੀ ਦੇਵੋ ਭਵ', ਅਰਥਾਤ 'ਮਹਿਮਾਨ ਰੱਬ ਦੇ ਸਮਾਨ ਹੁੰਦਾ ਹੈ' ਦੀ ਮੁਹਾਰਨੀ ਰਟਦੇ ਰਹਿੰਦੇ ਹਨ, ਪਰ ਉਕਤ ਘਟਨਾ ਤੋਂ ਇਹ ਗੱਲ ਜ਼ਾਹਰ ਹੋ ਜਾਂਦੀ ਹੈ ਕਿ ਉਹ ਬਾਹਰੋਂ ਆਉਣ ਵਾਲੇ ਸੈਲਾਨੀਆਂ ਦੇ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਦੇ ਮਾਮਲੇ ਵਿੱਚ ਕਿੱਥੇ ਖੜੇ ਹਨ।