ਗੁਜਰਾਤ ਦਾ ਵਿਕਾਸ ਮਾਡਲ ਬੇਪਰਦ

ਭਾਜਪਾ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਉਮੀਦਵਾਰ ਨਰਿੰਦਰ ਮੋਦੀ ਨੂੰ ਵਿਕਾਸ ਪੁਰਸ਼ ਵਜੋਂ ਪੇਸ਼ ਕੀਤਾ ਸੀ ਤੇ ਇਹ ਦਾਅਵਾ ਵੀ ਕੀਤਾ ਸੀ ਕਿ ਗੁਜਰਾਤ ਮਾਡਲ ਦੇ ਆਧਾਰ 'ਤੇ ਸਮੁੱਚੇ ਦੇਸ ਦਾ ਤੇਜ਼ ਗਤੀ ਨਾਲ ਵਿਕਾਸ ਕੀਤਾ ਜਾਵੇਗਾ। ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਨੇ ਭਾਰੀ ਬਹੁਮੱਤ ਹਾਸਲ ਕਰ ਕੇ ਸੱਤਾ ਸੰਭਾਲੀ ਤਾਂ ਲੋਕਾਂ ਨੂੰ ਇਹ ਆਸ ਸੀ ਕਿ ਉਹ ਆਪਣੇ ਚੋਣ ਵਾਅਦਿਆਂ ਨੂੰ ਅਮਲ ਵਿੱਚ ਲਿਆ ਕੇ ਦੇਸ ਨੂੰ ਬੇਕਾਰੀ, ਬੀਮਾਰੀ ਤੇ ਮਹਿੰਗਾਈ ਜਿਹੀਆਂ ਅਲਾਮਤਾਂ ਤੋਂ ਰਾਹਤ ਦਿਵਾਉਣ ਲਈ ਫ਼ੌਰੀ ਕਦਮ ਪੁੱਟਣਗੇ।
ਹੁਣ ਜਦੋਂ ਉਨ੍ਹਾ ਦੇ ਆਪਣੇ ਰਾਜ ਗੁਜਰਾਤ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਤਾਂ ਉਨ੍ਹਾਂ ਦੇ ਵਿਕਾਸ ਮਾਡਲ ਦੀਆਂ ਪਰਤਾਂ ਖੁੱਲ੍ਹ ਕੇ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਗੁਜਰਾਤ ਵਿੱਚ ਜਿਸ ਵਿਕਾਸ ਦਾ ਦਾਅਵਾ ਕੀਤਾ ਗਿਆ ਸੀ, ਉਸ ਨਾਲ ਇਜਾਰੇਦਾਰ ਤਾਂ ਮਾਲਾਮਾਲ ਹੋਏ, ਪਰ ਰੁਜ਼ਗਾਰ ਦੇ ਨਵੇਂ ਅਵਸਰ ਪੈਦਾ ਨਹੀਂ ਹੋਏ। ਨਤੀਜਾ ਇਹ ਹੈ ਕਿ ਸਭਨਾਂ ਭਾਈਚਾਰਿਆਂ ਦੇ ਨੌਜਵਾਨ ਸ਼ਾਸਕਾਂ ਪ੍ਰਤੀ ਬੇਗਾਨਗੀ ਦੀ ਭਾਵਨਾ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੂੰ ਚੋਣਾਂ ਦੇ ਐਲਾਨ ਤੋਂ ਪਹਿਲਾਂ ਵਾਰ-ਵਾਰ ਰਾਜ ਦੇ ਅੱਧੀ ਦਰਜਨ ਦੌਰੇ ਕਰਨੇ ਪਏ ਤੇ ਹਜ਼ਾਰਾਂ ਕਰੋੜ ਦੀ ਲਾਗਤ ਵਾਲੇ ਨਵੇਂ ਪ੍ਰਾਜੈਕਟਾਂ ਦੇ ਨੀਂਹ-ਪੱਥਰ ਰੱਖਣੇ ਪਏ ਹਨ। ਇਸ ਦੇ ਬਾਵਜੂਦ ਉਹ ਰਾਜ ਦੇ ਨੌਜਵਾਨਾਂ ਦਾ ਦਿਲ ਜਿੱਤਣ ਵਿੱਚ ਸਫ਼ਲ ਹੁੰਦੇ ਨਜ਼ਰ ਨਹੀਂ ਆ ਰਹੇ।
ਨਰਿੰਦਰ ਮੋਦੀ ਨੇ ਗੁਜਰਾਤ ਦੇ ਆਪਣੇ ਲੰਮੇ ਸ਼ਾਸਨ ਕਾਲ ਦੌਰਾਨ ਨਿੱਜੀ ਸੈਕਟਰ ਨੂੰ ਤਾਂ ਉਤਸ਼ਾਹਤ ਕੀਤਾ, ਪਰ ਸਿਹਤ ਤੇ ਵਿੱਦਿਆ ਜਿਹੀਆਂ ਬੁਨਿਆਦੀ ਸੇਵਾਵਾਂ ਦੇ ਬੱਜਟ ਵਿੱਚ ਲਗਾਤਾਰ ਕਮੀ ਜਾਰੀ ਰੱਖੀ। ਅੱਜ ਗੁਜਰਾਤ ਵਿੱਚ ਪੰਜ ਸਰਕਾਰੀ ਯੂਨੀਵਰਸਿਟੀਆਂ ਹਨ ਤੇ ਉਨ੍ਹਾਂ ਦੇ ਮੁਕਾਬਲੇ ਵਿੱਚ ਚਾਰ ਦਰਜਨ ਤੋਂ ਵੱਧ ਨਿੱਜੀ ਯੂਨੀਵਰਸਿਟੀਆਂ ਹਨ, ਜੋ ਵਿਦਿਆਰਥੀਆਂ ਦੇ ਮਾਪਿਆਂ ਕੋਲੋਂ ਭਾਰੀ ਫ਼ੀਸਾਂ ਤੇ ਫ਼ੰਡ ਹਾਸਲ ਕਰ ਕੇ ਉਨ੍ਹਾਂ ਦੀਆਂ ਜੇਬਾਂ ਖ਼ਾਲੀ ਕਰ ਰਹੀਆਂ ਹਨ। ਰਾਜ ਦੇ ਹਰ ਸ਼ਹਿਰ ਤੇ ਕਸਬੇ ਵਿੱਚ ਪੰਜ ਤਾਰਾ ਮਾਰਕਾ ਨਿੱਜੀ ਹਸਪਤਾਲ ਤੇ ਕਲੀਨਿਕ ਖੁੱਲ੍ਹ ਗਏ ਹਨ, ਜਿੱਥੇ ਸਧਾਰਨ ਲੋਕਾਂ ਵੱਲੋਂ ਇਲਾਜ ਕਰਵਾਉਣਾ ਉਨ੍ਹਾਂ ਦੇ ਵੱਸ ਵਿੱਚ ਨਹੀਂ ਰਿਹਾ। ਹੁਣ ਇਸ ਦੇ ਮੰਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।
ਅਹਿਮਦਾਬਾਦ ਦੇ ਸਿਵਲ ਹਸਪਤਾਲ ਬਾਰੇ ਇਹ ਦਾਅਵਾ ਕੀਤਾ ਜਾਂਦਾ ਸੀ ਕਿ ਇਹ ਅਦਾਰਾ ਏਸ਼ੀਆ ਦਾ ਸਭ ਤੋਂ ਵਧੀਆ ਸਿਹਤ ਅਦਾਰਾ ਹੈ। ਇਸ ਨੂੰ ਰਾਜ ਦੇ ਰੈਫ਼ਰਲ ਹਸਪਤਾਲ ਦਾ ਦਰਜਾ ਵੀ ਹਾਸਲ ਹੈ। ਇਸ ਹਸਪਤਾਲ ਦੀ ਕਾਰਗੁਜ਼ਾਰੀ ਉੱਤੇ ਉਸ ਸਮੇਂ ਸੁਆਲੀਆ ਨਿਸ਼ਾਨ ਲੱਗ ਗਿਆ, ਜਦੋਂ ਇਹ ਖ਼ਬਰ ਪ੍ਰਕਾਸ਼ਤ ਹੋਈ ਕਿ ਏਥੇ ਛੱਤੀ ਘੰਟਿਆਂ ਦੇ ਅੰਦਰ-ਅੰਦਰ ਅਠਾਰਾਂ ਨਵ-ਜਨਮੇ ਬੱਚਿਆਂ ਦੀ ਮੌਤ ਹੋ ਗਈ ਹੈ। ਇਹਨਾਂ ਵਿੱਚੋਂ ਨੌਂ ਬੱਚਿਆਂ ਦੀ ਤਾਂ ਇੱਕ ਦਿਨ ਵਿੱਚ ਹੀ ਮੌਤ ਹੋ ਗਈ। ਇਹਨਾਂ ਬੱਚਿਆਂ ਦੇ ਮਾਪਿਆਂ ਨੇ ਹਸਪਤਾਲ ਦੇ ਪ੍ਰਸ਼ਾਸਨ ਉੱਤੇ ਇਲਾਜ ਵਿੱਚ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਹੀ ਢੰਗ ਨਾਲ ਇਲਾਜ ਕੀਤਾ ਜਾਂਦਾ ਤਾਂ ਉਨ੍ਹਾਂ ਦੇ ਬੱਚਿਆਂ ਦੀ ਜਾਨ ਬਚ ਸਕਦੀ ਸੀ। ਇਸ ਮਾਮਲੇ ਨੂੰ ਲੈ ਕੇ ਜਨਤਾ ਵਿੱਚ ਰੋਹ ਦਾ ਪੈਦਾ ਹੋਣਾ ਸੁਭਾਵਕ ਸੀ।
ਇਹ ਘਟਨਾ ਵਾਪਰੀ ਵੀ ਓਦੋਂ ਹੈ, ਜਦੋਂ ਰਾਜ ਵਿੱਚ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਭਾਜਪਾ ਦਾ ਹਰ ਛੋਟਾ-ਵੱਡਾ ਆਗੂ ਪਹਿਲਾਂ ਮੋਦੀ ਤੇ ਹੁਣ ਮੁੱਖ ਮੰਤਰੀ ਵਿਜੇ ਰੁਪਾਨੀ ਦੀ ਅਗਵਾਈ ਵਿੱਚ ਹੋਏ ਸਰਬ-ਪੱਖੀ ਵਿਕਾਸ ਦੇ ਨਾਂਅ 'ਤੇ ਮੁੜ ਸੱਤਾ ਪ੍ਰਾਪਤੀ ਦੇ ਆਹਰ ਵਿੱਚ ਲੱਗੇ ਹੋਏ ਹਨ। ਰਾਜ ਸਰਕਾਰ ਨੇ ਜਨਤਾ ਦੇ ਰੋਹ ਤੋਂ ਬਚਣ ਲਈ ਇਸ ਮਾਮਲੇ ਦੀ ਜਾਂਚ ਲਈ ਇੱਕ ਤਿੰਨ-ਮੈਂਬਰੀ ਉੱਚ-ਪੱਧਰੀ ਜਾਂਚ ਕਮੇਟੀ ਦੀ ਨਿਯੁਕਤੀ ਕਰ ਦਿੱਤੀ ਹੈ। ਮੁੱਖ ਮੰਤਰੀ ਵਿਜੇ ਰੁਪਾਨੀ ਨੂੰ ਪ੍ਰੈੱਸ ਕਾਨਫ਼ਰੰਸ ਲਾ ਕੇ ਇਹ ਕਹਿਣਾ ਪਿਆ ਹੈ ਕਿ ਜਾਂਚ ਦੌਰਾਨ ਜਿਹੜੇ ਵੀ ਲੋਕ ਅਣਗਹਿਲੀ ਲਈ ਦੋਸ਼ੀ ਪਾਏ ਜਾਣਗੇ, ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਇਸ ਦੇ ਬਾਵਜੂਦ ਲੋਕਾਂ ਵਿੱਚ ਰੋਹ ਲਗਾਤਾਰ ਵਧ ਰਿਹਾ ਹੈ। ਉਹ ਪੁੱਛ ਰਹੇ ਹਨ ਕਿ ਇਹ ਕਿਹੋ ਜਿਹਾ ਵਿਕਾਸ ਹੈ? ਜੇ ਰਾਜ ਦੇ ਸਭ ਤੋਂ ਬਿਹਤਰੀਨ ਕਹੇ ਜਾਂਦੇ ਸਰਕਾਰੀ ਹਸਪਤਾਲ ਵਿੱਚ ਇਹ ਹਾਲ ਹੈ ਤਾਂ ਫਿਰ ਪਿੰਡਾਂ-ਕਸਬਿਆਂ ਦੇ ਸਰਕਾਰੀ ਹਸਪਤਾਲਾਂ ਵਿੱਚ ਕਿਹੋ ਜਿਹੀਆਂ ਇਲਾਜ ਦੀਆਂ ਸਹੂਲਤਾਂ ਮਿਲਦੀਆਂ ਹੋਣਗੀਆਂ?