ਭਾਜਪਾ ਆਗੂਆਂ ਨੂੰ ਕੌਣ ਸਮਝਾਵੇ?


ਇਤਿਹਾਸਕ ਵਿਰਾਸਤ ਤਾਜ ਮਹਿਲ ਬਾਰੇ ਸ਼ੁਰੂ ਹੋਇਆ ਵਿਵਾਦ ਠੱਲ੍ਹਣ ਦਾ ਨਾਂਅ ਨਹੀਂ ਲੈ ਰਿਹਾ। ਇਹ ਮਸਲਾ ਭਾਜਪਾ ਵਿਧਾਇਕ ਸੰਗੀਤ ਸੋਮ ਵੱਲੋਂ ਤਾਜ ਮਹਿਲ ਨੂੰ ਭਾਰਤੀ ਸੱਭਿਆਚਾਰ ਉੱਤੇ ਧੱਬਾ ਕਹਿਣ ਨਾਲ ਸ਼ੁਰੂ ਹੋਇਆ ਸੀ। ਇਸ ਮਗਰੋਂ ਭਾਜਪਾ ਦੇ ਪਾਰਲੀਮੈਂਟ ਮੈਂਬਰ ਵਿਨੇ ਕਟਿਆਰ ਤੇ ਉਨ੍ਹਾ ਤੋਂ ਪਿੱਛੋਂ ਹਰਿਆਣੇ ਦੀ ਖੱਟਰ ਸਰਕਾਰ ਦੇ ਮੰਤਰੀ ਅਨਿਲ ਵਿਜ ਨੇ ਹੋਰ ਵੀ ਵਿਵਾਦ ਪੂਰਨ ਬਿਆਨ ਦੇ ਛੱਡੇ। ਚਾਹੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦਖ਼ਲ ਦੇ ਕੇ ਇਸ ਮਾਮਲੇ ਦਾ ਰੁਖ਼ ਬਦਲਣ ਦਾ ਉਪਰਾਲਾ ਕੀਤਾ, ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ। ਹੁਣ ਰਾਸ਼ਟਰ ਨਿਰਮਾਣ ਸੈਨਾ ਦੇ ਆਗੂ ਅਮਿਤ ਨੇ ਫੇਸਬੁੱਕ ਉੱਤੇ ਤਾਜ ਮਹਿਲ ਦੀ ਤਸਵੀਰ ਨੂੰ ਆਡਿਟ ਕਰ ਕੇ ਉਸ ਦੇ ਮੀਨਾਰਾਂ ਨੂੰ ਭਗਵਾ ਰੰਗ ਦੇ ਕੇ ਇਸ ਪੋਸਟ ਨੂੰ ਸ਼ੇਅਰ ਕੀਤਾ ਹੈ। ਉਸ ਨੇ ਤਿੰਨ ਨਵੰਬਰ ਨੂੰ ਤਾਜ ਮਹਿਲ ਵਿਖੇ ਸ਼ਿਵ ਪੂਜਾ ਕਰਨ ਦਾ ਵੀ ਐਲਾਨ ਕੀਤਾ ਹੈ।
ਤਾਜ ਮਹਿਲ ਬਾਰੇ ਚੱਲ ਰਹੇ ਇਸ ਮਾਮਲੇ ਦੇ ਦਰਮਿਆਨ ਹੀ ਕੇਂਦਰੀ ਹੁਨਰ ਵਿਕਾਸ ਬਾਰੇ ਰਾਜ ਮੰਤਰੀ ਅਨੰਤ ਕੁਮਾਰ ਹੈਗੜੇ ਨੇ ਕਰਨਾਟਕ ਦੀ ਕਾਂਗਰਸ ਸਰਕਾਰ ਵੱਲੋਂ ਦਸ ਨਵੰਬਰ ਨੂੰ ਟੀਪੂ ਸੁਲਤਾਨ ਦੀ ਮਨਾਈ ਜਾ ਰਹੀ ਜਯੰਤੀ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਦਿਆਂ ਰਾਜ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਇਹ ਚਿੱਠੀ ਲਿਖ ਕੇ ਕਿ 'ਮੈਂ ਕਰਨਾਟਕ ਸਰਕਾਰ ਨੂੰ ਇੱਕ ਅਜਿਹੇ ਜ਼ਾਲਮ, ਹੱਤਿਆਰੇ, ਕੱਟੜਪੰਥੀ ਤੇ ਬਲਾਤਕਾਰੀ ਦੀ ਮਹਿਮਾ ਗਾਉਣ ਲਈ ਆਯੋਜਤ ਹੋਣ ਵਾਲੇ ਇਸ ਜਯੰਤੀ ਸਮਾਗਮ 'ਚ ਮੈਨੂੰ ਨਾ ਸੱਦਣ ਬਾਰੇ ਦੱਸ ਦਿੱਤਾ ਹੈ', ਇੱਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ। ਭਾਜਪਾ ਦੀ ਪਾਰਲੀਮੈਂਟ ਮੈਂਬਰ ਸ਼ੋਭਾ ਕਰਨਦਲਜੇ ਵੀ ਕਿੱਥੋਂ ਪਿੱਛੇ ਰਹਿਣ ਵਾਲੀ ਸੀ, ਉਸ ਨੇ ਕਿਹਾ, 'ਟੀਪੂ ਕੰਨੜ ਅਤੇ ਹਿੰਦੂ ਵਿਰੋਧੀ ਸੀ। ਸਾਰੇ ਕੰਨੜ ਲੋਕ ਟੀਪੂ ਜਯੰਤੀ ਦਾ ਵਿਰੋਧ ਕਰ ਰਹੇ ਹਨ।'
ਜੇ ਅਸੀਂ ਇਤਿਹਾਸ ਵਿੱਚ ਦਰਜ ਤੱਥਾਂ ਵੱਲ ਨਿਗ੍ਹਾ ਮਾਰੀਏ ਤਾਂ ਉਨ੍ਹਾਂ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਵੀਹ ਨਵੰਬਰ 1750 ਨੂੰ ਜਨਮਿਆ ਟੀਪੂ ਸੁਲਤਾਨ, ਜਿਨ੍ਹਾ ਦਾ ਪੂਰਾ ਨਾਂਅ ਸੁਲਤਾਨ ਫਤੇਹ ਅਲੀ ਖ਼ਾਨ ਸ਼ਾਹਾਬ ਸੀ, ਯੋਗ ਸ਼ਾਸਕ ਤੋਂ ਇਲਾਵਾ ਇੱਕ ਵਿਦਵਾਨ, ਕੁਸ਼ਲ ਸੈਨਾਪਤੀ ਅਤੇ ਕਵੀ ਸੀ। ਉਸ ਦੇ ਆਉਣ ਨਾਲ ਅੰਗਰੇਜ਼ਾਂ ਦੀ ਸਾਮਰਾਜਵਾਦੀ ਨੀਤੀ ਨੂੰ ਜ਼ਬਰਦਸਤ ਠੇਸ ਪਹੁੰਚੀ। ਅੰਗਰੇਜ਼ ਉਸ ਤੋਂ ਕਾਫ਼ੀ ਭੈ-ਭੀਤ ਰਹਿੰਦੇ ਸਨ, ਕਿਉਂਕਿ ਉਹ ਉਨ੍ਹਾਂ ਨੂੰ ਦੇਸ 'ਚੋਂ ਬਾਹਰ ਕੱਢਣਾ ਚਾਹੁੰਦਾ ਸੀ। ਉਸ ਦੇ ਸ਼ਾਸਨ ਕਾਲ ਵਿੱਚ ਕਿਸਾਨ ਖ਼ੁਸ਼ ਸਨ। ਉਹ ਇੱਕ ਮੁਸਲਮਾਨ ਹੁੰਦੇ ਹੋਏ ਵੀ ਮੂਲਵਾਦੀ ਨਹੀਂ ਸੀ ਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕੋ ਦ੍ਰਿਸ਼ਟੀ ਨਾਲ ਦੇਖਦਾ ਸੀ। ਉਹ ਅਨੇਕ ਮੰਦਰਾਂ ਦੀ ਸਾਂਭ-ਸੰਭਾਲ ਲਈ ਸ਼ਾਹੀ ਖ਼ਜ਼ਾਨੇ 'ਚੋਂ ਹਰ ਮਹੀਨੇ ਪੈਸੇ ਦੇਂਦਾ ਸੀ। ਉਹ 4 ਮਈ 1799 ਨੂੰ ਅਠਤਾਲੀ ਸਾਲ ਦੀ ਉਮਰ ਵਿੱਚ ਅੰਗਰੇਜ਼ਾਂ ਖ਼ਿਲਾਫ਼ ਲੜਦਾ ਹੋਇਆ ਸ਼ਹੀਦ ਹੋਇਆ ਸੀ।
ਕੁਝ ਇਹੋ ਜਿਹੀਆਂ ਗੱਲਾਂ ਹੀ ਸਾਡੇ ਦੇਸ ਦੇ ਪ੍ਰਥਮ ਨਾਗਰਿਕ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਰਨਾਟਕ ਵਿਧਾਨ ਸਭਾ ਦੇ ਸੱਠਵੇਂ ਸਥਾਪਨਾ ਦਿਵਸ ਬਾਰੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀਆਂ। ਉਨ੍ਹਾ ਨੇ ਟੀਪੂ ਸੁਲਤਾਨ ਨੂੰ ਅੰਗਰੇਜ਼ਾਂ ਵਿਰੁੱਧ ਲੜਦਿਆਂ ਜਾਨ ਦੇਣ ਵਾਲਾ ਯੋਧਾ ਦੱਸਿਆ। ਇਹ ਗੱਲ ਵੱਖਰੀ ਹੈ ਕਿ ਕਰਨਾਟਕ ਭਾਜਪਾ ਇਸ ਭਾਸ਼ਣ ਬਾਰੇ ਹੈਰਾਨ ਹੈ। ਰਾਸ਼ਟਰਪਤੀ ਨੇ ਇਹ ਗੱਲ ਕਹਿ ਕੇ ਇੱਕ ਤਰ੍ਹਾਂ ਨਾਲ ਦੇਸ ਨੂੰ ਇਤਿਹਾਸ ਦੀ ਨਿਰਪੱਖ ਸਮਝ ਵਿਕਸਤ ਕਰਨ ਦਾ ਸੱਦਾ ਦਿੱਤਾ ਕਿ ਟੀਪੂ ਸੁਲਤਾਨ ਦੀ ਯੁੱਧ ਕੁਸ਼ਲਤਾ ਦਾ ਅੱਜ ਵੀ ਦੁਨੀਆ ਵਿੱਚ ਲੋਹਾ ਮੰਨਿਆ ਜਾਂਦਾ ਹੈ।
ਏਥੇ ਇਸ ਗੱਲ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਅੰਗਰੇਜ਼ ਸ਼ਾਸਕਾਂ ਨੇ ਆਪਣੇ ਰਾਜ ਦੀ ਉਮਰ ਲੰਮੀ ਕਰਨ ਲਈ ਕਿਵੇਂ ਭਾਰਤ ਦੇ ਵੱਖ-ਵੱਖ ਭਾਈਚਾਰਿਆਂ ਨੂੰ ਆਪਸ ਵਿੱਚ ਵੰਡਿਆ ਤੇ ਆਪਣੀ ਇਸ 'ਪਾੜੋ ਤੇ ਰਾਜ ਕਰੋ' ਦੀ ਨੀਤੀ ਵਿੱਚ ਉਹ ਕਾਫ਼ੀ ਹੱਦ ਤੱਕ ਸਫ਼ਲ ਵੀ ਰਹੇ। ਇਸ ਸੰਬੰਧੀ ਸਾਨੂੰ ਇਤਿਹਾਸ ਵਿੱਚੋਂ ਵੱਖ-ਵੱਖ ਹਵਾਲੇ ਮਿਲਦੇ ਹਨ ਤੇ ਉਨ੍ਹਾਂ ਵਿੱਚੋਂ ਇੱਕ ਇਹ ਹੈ :
ਬਰਤਾਨਵੀ ਸੈਕਟਰੀ ਆਫ਼ ਸਟੇਟ ਵੱਲੋਂ 1862-63 ਵਿੱਚ ਉਸ ਸਮੇਂ ਦੇ ਗਵਰਨਰ ਜਨਰਲ ਲਾਰਡ ਐਲਗਿਨ ਨੂੰ ਲਿਖੀ ਇੱਕ ਚਿੱਠੀ ਵਿੱਚ ਇਹ ਕਿਹਾ ਗਿਆ ਸੀ : 'ਅਸੀਂ ਭਾਰਤ ਵਿੱਚ ਆਪਣੀ ਸੱਤਾ ਇਸ ਲਈ ਕਾਇਮ ਰੱਖੀ, ਕਿਉਂਕਿ ਅਸੀਂ ਹਿੰਦੂਆਂ ਤੇ ਮੁਸਲਮਾਨਾਂ ਨੂੰ ਸਫ਼ਲਤਾ ਨਾਲ ਆਪਸ ਵਿੱਚ ਲੜਾਇਆ। ਸਾਨੂੰ ਇਹ ਸਿਲਸਿਲਾ ਜਾਰੀ ਰੱਖਣਾ ਪਵੇਗਾ। ਤੁਹਾਡੇ ਕੋਲੋਂ ਜੋ ਹੋ ਸਕੇ, ਇਹ ਗੱਲ ਯਕੀਨੀ ਬਣਾਓ ਕਿ ਦੋਹਾਂ ਭਾਈਚਾਰਿਆਂ ਵਿੱਚ ਦੁਬਾਰਾ ਦੋਸਤੀ ਨਾ ਹੋਵੇ।'
ਸਾਰ-ਤੱਤ ਇਹ ਹੈ ਕਿ ਅੱਜ ਭਾਜਪਾ ਆਗੂਆਂ ਵੱਲੋਂ ਉਕਤ ਭਾਂਤ ਦੀ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਇਹ ਨਾ ਉਨ੍ਹਾਂ ਦੇ ਆਪਣੇ ਭਲੇ ਵਿੱਚ ਹੈ, ਨਾ ਦੇਸ ਦੇ ਭਲੇ ਵਿੱਚ। ਉਨ੍ਹਾਂ ਨੂੰ ਇੱਕ ਬਜ਼ੁਰਗ ਵੱਲੋਂ ਆਪਣੇ ਆਪਸ ਵਿੱਚ ਲੜਦੇ ਰਹਿੰਦੇ ਪੁੱਤਰਾਂ ਨੂੰ ਦਿੱਤੀ ਸਿੱਖਿਆ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਜਿਸ ਨੇ ਉਨ੍ਹਾਂ ਨੂੰ ਪਹਿਲਾਂ ਇੱਕ-ਇੱਕ ਸੋਟੀ ਦਿੱਤੀ ਤੇ ਤੋੜਨ ਲਈ ਕਿਹਾ। ਜਦੋਂ ਸਭ ਨੇ ਉਹ ਤੋੜ ਦਿੱਤੀ ਤਾਂ ਫਿਰ ਪੂਰਾ ਮੁੱਠਾ ਤੋੜਨ ਨੂੰ ਦਿੱਤਾ, ਜੋ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਸੀ ਤੋੜ ਸਕਿਆ। ਏਥੇ ਵੱਡੀ ਮੁਸ਼ਕਲ ਇਹ ਹੈ ਕਿ ਭਾਜਪਾ ਵਿਚਲੇ ਸਭ ਬਜ਼ੁਰਗ ਤਾਂ ਇੱਕ ਪਾਸੇ ਕਰ ਦਿੱਤੇ ਗਏ ਹਨ, ਫਿਰ ਉਨ੍ਹਾਂ ਨੂੰ ਸਮਝਾਵੇ ਕੌਣ ਏਕਤਾ ਵਿੱਚ ਬਲ ਦਾ ਮੰਤਰ?