ਮੈਨਹਟਨ 'ਚ ਅੱਤਵਾਦੀ ਹਮਲਾ; ਲੋਕਾਂ 'ਤੇ ਟਰੱਕ ਚਾੜ੍ਹਿਆ, 8 ਮੌਤਾਂ


ਨਿਊ ਯਾਰਕ (ਨਵਾਂ ਜ਼ਮਾਨਾ ਸਰਵਿਸ)
ਅਮਰੀਕਾ ਦੇ ਮੈਨਹਟਨ 'ਚ ਮੰਗਲਵਾਰ ਨੂੰ ਇੱਕ ਟਰੱਕ ਡਰਾਈਵਰ ਨੇ ਪੈਦਲ ਚੱਲਣ ਵਾਲੇ ਅਤੇ ਸਾਈਕਲ ਲੇਨ ਜਾ ਰਹੇ ਲੋਕਾਂ 'ਤੇ ਟਰੱਕ ਚੜ੍ਹਾ ਦਿੱਤਾ, ਜਿਸ ਦੌਰਾਨ ਘੱਟੋ-ਘੱਟ 8 ਵਿਅਕਤੀਆਂ ਦੀ ਮੌਤ ਹੋ ਗਈ ਤੇ 11 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪੁਲਸ ਨੇ ਦੱਸਿਆ ਕਿ ਵਰਲਡ ਟਰੇਡ ਸੈਂਟਰ ਦੇ ਕਰੀਬ ਹਡਸਨ ਨਦੀ ਦੇ ਕਿਨਾਰੇ ਪੈਦਲ ਅਤੇ ਮੋਟਰ ਸਾਈਕਲਾਂ ਲਈ ਬਣੇ ਰਸਤੇ 'ਤੇ ਇੱਕ ਟਰੱਕ ਡਰਾਈਵਰ ਨੇ ਜਾਣਬੁੱਝ ਕੇ ਲੋਕਾਂ 'ਤੇ ਟਰੱਕ ਚੜ੍ਹਾ ਦਿੱਤਾ। ਨਿਊ ਯਾਰਕ ਪੁਲਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦਾ ਨਾਂਅ ਸੇਫੁੱਲੋ ਸਾਈਪੋਵ ਹੈ ਅਤੇ ਉਸ ਦੀ ਉਮਰ 29 ਸਾਲ ਦੀ ਦੱਸੀ ਜਾ ਰਹੀ ਹੈ।
ਇਸ ਘਟਨਾ ਦੇ ਸੰਬੰਧ 'ਚ ਨਿਊ ਯਾਰਕ ਦੇ ਮੇਅਰ ਬਿੱਲ ਦੇ ਬਲਾਜ਼ਿਓ ਨੇ ਦੱਸਿਆ ਕਿ ਘੱਟੋ-ਘੱਟ 8 ਲੋਕ ਮਾਰੇ ਗਏ ਹਨ ਅਤੇ ਕਈ ਜ਼ਖ਼ਮੀ ਹੋ ਗਏ ਹਨ।
ਉਨ੍ਹਾ ਪ੍ਰੈੱਸ ਕਾਨਫਰੰਸ 'ਚ ਕਿਹਾ, ''ਇਹ ਬਹੁਤ ਹੀ ਦਰਦਨਾਕ ਹਾਦਸਾ ਹੈ, ਜਿਸ ਵਿੱਚ ਬੇਗੁਨਾਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਇੱਕ ਕਾਇਰਤਾ ਭਰਪੂਰ ਅੱਤਵਾਦੀ ਹਮਲਾ ਹੈ।''
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਹ ਇੱਕ ਕਾਇਰਤਾ ਭਰਪੂਰ ਹਮਲਾ ਹੈ, ਜਿਸ ਨੂੰ ਇੱਕ ਬਿਮਾਰ ਤੇ ਖਤਰਨਾਕ ਵਿਅਕਤੀ ਨੇ ਅੰਜ਼ਾਮ ਦਿੱਤਾ ਹੈ।
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਸਫੇਦ ਟਰੱਕ 'ਤੇ ਸਵਾਰ ਵਿਅਕਤੀ ਨੇ ਕਈ ਲੋਕਾਂ ਨੂੰ ਟੱਕਰ ਮਾਰੀ। ਨਿਊ ਯਾਰਕ ਪੁਲਸ ਵਿਭਾਗ ਨੇ ਟਵੀਟ ਕਰਕੇ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ, ਜਿਸ ਵਿੱਚ ਲਿਖਿਆ ਗਿਆ ਹੈ ਕਿ ਇੱਕ ਤੋਂ ਬਾਅਦ ਇੱਕ ਗੱਡੀਆਂ ਭਿੜਦੀਆਂ ਗਈਆਂ। ਇਸ ਤੋਂ ਬਾਅਦ ਕਿਸੇ ਇੱਕ ਵਾਹਨ ਦੇ ਡਰਾਈਵਰ ਨੇ ਹਥਿਆਰ ਵੀ ਦਿਖਾਇਆ।
ਇੱਕ ਪੁਲਸ ਤਰਜਮਾਨ ਨੇ ਇੱਕ ਸਫੇਦ ਪਿਕਅੱਪ ਟਰੱਕ ਦੀ ਫੋਟੋ ਪੋਸਟ ਕੀਤੀ ਹੈ, ਇਹ ਟਰੱਕ ਬਾਈਕਸ ਚਲਾਉਣ ਵਾਲੇ ਰਸਤੇ 'ਤੇ ਸੀ, ਜਿਸ ਦਾ ਅਗਲਾ ਹਿੱਸਾ ਠੁਕਿਆ ਹੋਇਆ ਨਜ਼ਰ ਆ ਰਿਹਾ ਹੈ। ਟਰੱਕ ਦੇ ਦਰਵਾਜ਼ੇ 'ਤੇ ਹੋਮ ਡਿਪੋ ਹਾਰਡਵੇਅਰ ਸਟੋਰ ਚੇਨ ਦਾ ਲੋਗੋ ਲੱਗਿਆ ਹੋਇਆ ਹੈ। ਇੱਕ ਚਸ਼ਮਦੀਦ ਨੇ ਦੱਸਿਆ ਕਿ ਉਸ ਨੇ ਇੱਕ ਸਫੇਦ ਪਿਕਅੱਪ ਟਰੱਕ ਨੂੰ ਪੂਰੀ ਰਫ਼ਤਾਰ ਨਾਲ ਬਾਈਕ ਪੰਧ 'ਤੇ ਜਾਂਦਿਆਂ ਦੇਖਿਆ। ਅਮਰੀਕੀ ਮੀਡੀਆ ਨੇ ਦੱਸਿਆ ਕਿ ਇਹ ਹਾਦਸਾ ਸਟੂਵੈਂਸੈਂਟ ਹਾਈ ਸਕੂਲ ਦੇ ਨਜ਼ਦੀਕ ਵਾਪਰੀ।