ਸਥਾਨਕ ਪੱਧਰ ਦੀਆਂ ਸਿਆਸੀ ਟੱਕਰਾਂ


ਪੰਜਾਬ ਵਿੱਚ ਨਵੀਂ ਸਰਕਾਰ ਬਣੀ ਨੂੰ ਸਾਢੇ ਸੱਤ ਮਹੀਨੇ ਹੋ ਗਏ ਹਨ, ਪਰ ਅਜੇ ਤੱਕ ਇਹੋ ਲੱਗਦਾ ਹੈ ਕਿ ਜਿਸ ਧਿਰ ਦੀ ਜਿੱਤ ਹੋਈ, ਉਹ ਜਿੱਤ ਪ੍ਰਾਪਤੀ ਨਾਲ ਜੁੜੀ ਜ਼ਿਮੇਵਾਰੀ ਦਾ ਅਹਿਸਾਸ ਕਰਨ ਤੋਂ ਦੂਰ ਹੈ। ਉਸ ਦੇ ਕੁਝ ਲੋਕਾਂ ਦਾ ਵਿਹਾਰ ਇਸ ਤਰ੍ਹਾਂ ਦਾ ਹੈ, ਜਿਵੇਂ ਹਾਲੇ ਵੀ ਵਿਰੋਧੀ ਧਿਰ ਵਿੱਚ ਬੈਠਦੇ ਹੋਣ। ਦੂਸਰੇ ਪਾਸੇ ਜਿਹੜੀ ਧਿਰ ਰਾਜ ਕਰਨ ਵਾਲੇ ਸੁਫਨੇ ਲੈ ਕੇ ਚੰਡੀਗੜ੍ਹ ਪੁੱਜਣ ਦੇ ਦਾਅਵੇ ਕਰਦੀ ਸੀ, ਉਹ ਆਪਣੀ ਮੁੱਖ ਵਿਰੋਧੀ ਧਿਰ ਵਾਲੀ ਹਸਤੀ ਦਾ ਅਹਿਸਾਸ ਨਹੀਂ ਕਰ ਰਹੀ ਅਤੇ ਅਸਲੋਂ ਬਚਕਾਨਾ ਵਿਹਾਰ ਕਰੀ ਜਾਂਦੀ ਹੈ। ਸਭ ਤੋਂ ਮਾੜਾ ਹਾਲ ਉਸ ਧਿਰ ਦਾ ਹੈ, ਜਿਸ ਦੇ ਆਗੂ ਏਦਾਂ ਦਾ ਦਾਅਵਾ ਕਰਦੇ ਸਨ ਕਿ ਹੁਣ ਪੰਝੀ ਸਾਲ ਤੱਕ ਸਿਰਫ ਅਸੀਂ ਰਾਜ ਕਰਨਾ ਹੈ ਤੇ ਹੋਰ ਕਿਸੇ ਨੂੰ ਚੰਡੀਗੜ੍ਹ ਵੱਲ ਝਾਕਣ ਨਹੀਂ ਦੇਣਾ। ਉਹ ਰਾਜ ਮਹਿਲਾਂ ਤੋਂ ਦੂਰੀ ਪੈਣ ਪਿੱਛੋਂ ਹੁਣ ਵਿਰੋਧੀ ਧਿਰ ਦੀ ਮੁੱਖ ਪਾਰਟੀ ਵੀ ਨਹੀਂ ਰਹੇ ਅਤੇ ਏਨੀ ਨੀਵਾਣ ਤੱਕ ਚਲੇ ਗਏ ਹਨ, ਜਿਸ ਦਾ ਕਦੇ ਉਨ੍ਹਾਂ ਦੇ ਵਿਰੋਧੀਆਂ ਨੇ ਵੀ ਕਿਆਸ ਨਹੀਂ ਸੀ ਕੀਤਾ। ਇਸ ਗੱਲੋਂ ਉਹ ਦੁਖੀ ਹਨ। ਜਿਸ ਵੀ ਦੇਸ਼ ਵਿੱਚ ਲੋਕਤੰਤਰ ਹੁੰਦਾ ਹੈ, ਓਥੇ ਚੋਣਾਂ ਦੌਰਾਨ ਹਾਰ-ਜਿੱਤ ਦੋਵੇਂ ਤਰ੍ਹਾਂ ਦੇ ਨਤੀਜੇ ਲਈ ਤਿਆਰ ਰਹਿਣਾ ਪੈਂਦਾ ਹੈ ਅਤੇ ਜਿਸ ਪਾਰਟੀ ਦੀ ਹਾਰ ਹੋ ਜਾਵੇ, ਉਹ ਅਗਲੀ ਚੋਣ ਦੀ ਤਿਆਰੀ ਕਰਦੀ ਹੈ, ਜਿੱਤਣ ਵਾਲਿਆਂ ਨਾਲ ਝਗੜਦੀ ਨਹੀਂ। ਏਥੇ ਲੋਕਤੰਤਰ ਦੀ ਅਜੀਬ ਜਿਹੀ ਵੰਨਗੀ ਕੌਮੀ ਪੱਧਰ ਤੋਂ ਰਾਜਾਂ ਦੇ ਪੱਧਰ ਤੱਕ ਹਰ ਥਾਂ ਸਿਆਸੀ ਖਹਿਬਾਜ਼ੀ ਨੂੰ ਨਿੱਜੀ ਝਗੜੇ ਝਗੜਨ ਦੇ ਰਾਹ ਪਾਈ ਫਿਰਦੀ ਹੈ ਤੇ ਅਗਲੇ ਪੰਜ ਸਾਲ ਏਸੇ ਤਰ੍ਹਾਂ ਦੀ ਖਹਿਬਾਜ਼ੀ ਦੇ ਲੇਖੇ ਲੱਗ ਜਾਂਦੇ ਹਨ।
ਅਸੀਂ ਪਿਛਲੇ ਕੁਝ ਦਿਨਾਂ ਵਿੱਚ ਇਹੋ ਕੁਝ ਆਪਣੇ ਪੰਜਾਬ ਵਿੱਚ ਹੁੰਦਾ ਵੇਖ ਰਹੇ ਹਾਂ। ਪਹਿਲਾਂ ਮੁਕਤਸਰ ਸਾਹਿਬ ਜ਼ਿਲੇ ਵਿੱਚੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨੇੜੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨਅਰ ਮੈਂਬਰ ਦਿਆਲ ਸਿੰਘ ਕੋਲਿਆਂ ਵਾਲੀ ਦੇ ਪੁੱਤਰ ਨੂੰ ਸੱਟਾਂ ਲੱਗ ਗਈਆਂ। ਇਸ ਦਾ ਦੋਸ਼ ਕਾਂਗਰਸ ਪਾਰਟੀ ਦੇ ਸੂਬਾ ਪੱਧਰ ਦੇ ਇੱਕ ਅਹੁਦੇਦਾਰ ਤੇ ਉਸ ਦੇ ਪੁੱਤਰ ਉੱਤੇ ਲਾਇਆ ਗਿਆ। ਅੱਗੋਂ ਕਾਂਗਰਸ ਵਾਲਿਆਂ ਨੇ ਸਾਰਾ ਦੋਸ਼ ਅਕਾਲੀ ਦਲ ਵਾਲੇ ਬੰਦਿਆਂ ਸਿਰ ਮੜ੍ਹ ਕੇ ਮੁਕਾਬਲੇ ਦਾ ਕੇਸ ਪੇਸ਼ ਕਰ ਦਿੱਤਾ। ਅਕਾਲੀ ਦਲ ਦੀ ਏਨੀ ਮਾੜੀ ਹਾਲਤ ਨਹੀਂ ਕਿ ਮੈਦਾਨ ਛੱਡ ਕੇ ਭੱਜਣ ਦੀ ਨੌਬਤ ਆ ਜਾਵੇ। ਦਿਆਲ ਸਿੰਘ ਕੋਲਿਆਂ ਵਾਲੀ ਦੇ ਹੱਕ ਵਿੱਚ ਅਕਾਲੀ ਦਲ ਨੇ ਲਾਮਬੰਦੀ ਵੀ ਕੀਤੀ ਸੀ। ਇਸ ਦੇ ਬਾਵਜੂਦ ਉਸ ਦਾ ਪੁੱਤਰ ਇੱਕ ਦਿਨ ਹਸਪਤਾਲ ਵਿੱਚੋਂ ਚੁੱਪ-ਚੁਪੀਤਾ ਇਸ ਤਰ੍ਹਾਂ ਖਿਸਕ ਗਿਆ, ਜਿਸ ਤੋਂ ਲੋਕਾਂ ਵਿੱਚ ਇਹੋ ਜਿਹਾ ਪ੍ਰਭਾਵ ਗਿਆ ਕਿ ਇਸ ਵਿੱਚ ਕੋਈ ਕਾਣ ਹੋਵੇਗੀ, ਜਿਸ ਤੋਂ ਡਰਦਾ ਦੌੜ ਗਿਆ ਹੈ।
ਫਿਰ ਗੁਰਦਾਸਪੁਰ ਜ਼ਿਲੇ ਦੇ ਬੱਬੇਹਾਲੀ ਪਿੰਡ ਤੋਂ ਕਾਂਗਰਸੀ ਤੇ ਅਕਾਲੀ ਵਰਕਰਾਂ ਦੇ ਵਿਚਾਲੇ ਭੇੜ ਦੀ ਖਬਰ ਆ ਗਈ। ਓਥੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੇ ਪੁੱਤਰ ਉੱਤੇ ਹਮਲਾ ਕੀਤੇ ਜਾਣ ਦਾ ਦੋਸ਼ ਲਾਇਆ ਗਿਆ ਹੈ। ਦੂਸਰੇ ਪਾਸੇ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਸਾਰਾ ਪਿੰਡ ਓਥੇ ਇੱਕ ਦੀ ਥਾਂ ਦੋ ਪੰਚਾਇਤਾਂ ਬਣਾਉਣ ਦਾ ਮਤਾ ਪਾਸ ਕਰਨ ਲਈ ਜੁੜਿਆ ਸੀ ਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੇ ਪੁੱਤਰ ਨੇ ਆ ਕੇ ਰੇੜਕਾ ਪਾ ਦਿੱਤਾ। ਸਚਾਈ ਜਿੱਦਾਂ ਵੀ ਹੋਵੇ, ਉਹ ਉਸ ਪਿੰਡ ਵਾਲੇ ਲੋਕ ਜਾਣਦੇ ਹੋਣਗੇ ਜਾਂ ਫਿਰ ਅਕਾਲੀ ਦਲ ਅਤੇ ਕਾਂਗਰਸ ਦੇ ਲੀਡਰਾਂ ਨੂੰ ਪਤਾ ਹੋ ਸਕਦਾ ਹੈ, ਪਰ ਬਾਕੀ ਪੰਜਾਬ ਵਿੱਚ ਦੋਵਾਂ ਧਿਰਾਂ ਬਾਰੇ ਚੰਗਾ ਪ੍ਰਭਾਵ ਨਹੀਂ ਗਿਆ। ਕੇਸ ਦੋਵਾਂ ਧਿਰਾਂ ਉੱਤੇ ਬਣੇ ਹਨ।
ਇਸ ਸਮੇਂ ਦੌਰਾਨ ਕੁਝ ਹੋਰ ਥਾਂਵਾਂ ਉੱਤੋਂ ਵੀ ਸਥਾਨਕ ਪੱਧਰ ਦੀਆਂ ਟੱਕਰਾਂ ਦੀਆਂ ਖਬਰਾਂ ਆਈਆਂ ਹਨ। ਪੰਜਾਬ ਵਿੱਚ ਚੋਣਾਂ ਪਹਿਲੀ ਵਾਰ ਨਹੀਂ ਹੋਈਆਂ, ਆਜ਼ਾਦੀ ਤੋਂ ਪਿੱਛੋਂ ਲਗਾਤਾਰ ਹੁੰਦੀਆਂ ਰਹੀਆਂ ਹਨ। ਪਹਿਲਾਂ ਕਦੇ ਵੀ ਇਸ ਤਰ੍ਹਾਂ ਦੇ ਸਥਾਨਕ ਪੱਧਰ ਦੇ ਟਕਰਾਅ ਦੀਆਂ ਖਬਰਾਂ ਏਨੀਆਂ ਨਹੀਂ ਸੀ ਆਈਆਂ, ਜਿੰਨੀਆਂ ਇਸ ਵਾਰ ਆਏ ਦਿਨ ਪੜ੍ਹਨ ਲਈ ਮਿਲ ਰਹੀਆਂ ਹਨ। ਇਸ ਨਾਲ ਕਿਸੇ ਇੱਕ ਧਿਰ ਦਾ ਨਹੀਂ, ਦੋਵਾਂ ਦਾ ਅਕਸ ਖਰਾਬ ਹੁੰਦਾ ਹੈ। ਸਿਰਫ ਪੰਜਾਬ ਦਾ ਮੀਡੀਆ ਨਹੀਂ, ਇਨ੍ਹਾਂ ਖਬਰਾਂ ਨੂੰ ਹੁਣ ਕੌਮੀ ਪੱਧਰ ਦੇ ਮੀਡੀਆ ਚੈਨਲ ਵੀ ਚੁੱਕਣ ਲੱਗ ਪਏ ਹਨ ਤੇ ਉਹ ਜਦੋਂ ਖਬਰ ਦੇਂਦੇ ਹਨ ਕਿ ਪੰਜਾਬ ਵਿੱਚ ਇੱਕ ਹੋਰ ਪਿੰਡ ਜਾਂ ਇੱਕ ਸ਼ਹਿਰ ਵਿਚਲੇ ਦੋਵਾਂ ਮੁੱਖ ਧਿਰਾਂ ਦੇ ਵਰਕਰ ਆਪੋ ਵਿੱਚ ਲੜ ਪਏ ਤਾਂ ਇਸ ਨਾਲ ਸਮੁੱਚੇ ਪੰਜਾਬੀ ਲੋਕਾਂ ਨੂੰ ਸ਼ਰਮ ਦਾ ਅਹਿਸਾਸ ਹੁੰਦਾ ਹੈ। ਇਹ ਅਹਿਸਾਸ ਸਿਆਸੀ ਲੀਡਰਾਂ ਨੂੰ ਨਹੀਂ ਹੁੰਦਾ ਜਾਪਦਾ। ਉਨ੍ਹਾਂ ਨੂੰ ਲੋਕਤੰਤਰੀ ਮਰਿਆਦਾ ਦੀ ਹੱਦ ਰੱਖਣੀ ਤੇ ਇਹੋ ਜਿਹੀਆਂ ਟੱਕਰਾਂ ਰੋਕਣ ਵਾਸਤੇ ਯਤਨ ਕਰਨਾ ਚਾਹੀਦਾ ਹੈ।