ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲਾ


ਹਿੰਦੂਤੱਵੀ ਜਥੇਬੰਦੀਆਂ ਦੀ ਮਾਨਸਿਕਤਾ ਤੇ ਕਾਰਵਾਈਆਂ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਇਹ ਮੰਨ ਲਿਆ ਹੈ ਕਿ ਦੇਸ਼ ਹੁਣ ਹਿੰਦੂ ਰਾਸ਼ਟਰ ਦੇ ਨੇੜੇ ਦੀ ਚੀਜ਼ ਬਣ ਚੁੱਕਾ ਹੈ। ਇਸ ਲਈ ਹਿੰਦੂਤੱਵ ਵਿਰੁੱਧ ਉੱਠਦੀ ਕਿਸੇ ਵੀ ਆਵਾਜ਼ ਨੂੰ ਬੰਦ ਕਰਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸ ਲਈ ਉਹ ਵਿਰੋਧੀਆਂ ਨੂੰ ਚੁੱਪ ਕਰਾਉਣ ਲਈ ਗੋਵਿੰਦ ਪਾਂਸਰੇ, ਨਰਿੰਦਰ ਡਾਬੋਲਕਰ, ਕਲਬੁਰਗੀ ਤੇ ਗੌਰੀ ਲੰਕੇਸ਼ ਵਰਗੀਆਂ ਹਸਤੀਆਂ ਵਾਂਗ ਮੌਤ ਦੇ ਘਾਟ ਉਤਾਰ ਸਕਦੇ ਤੇ ਗਊ ਹੱਤਿਆ ਦੇ ਨਾਂਅ ਉੱਤੇ ਘੱਟ-ਗਿਣਤੀ ਭਾਈਚਾਰਿਆਂ ਨੂੰ ਭੀੜ ਤੰਤਰ ਦਾ ਸ਼ਿਕਾਰ ਬਣਾ ਸਕਦੇ ਹਨ।
ਇਹਨਾਂ ਹਿੰਦੂਤੱਵੀ ਲੋਕਾਂ ਨੂੰ ਕਨੂੰਨ ਦਾ ਕੋਈ ਡਰ ਵੀ ਨਹੀਂ ਰਿਹਾ। ਉਹ ਸਮਝਦੇ ਹਨ ਕਿ ਜਦੋਂ ਰਾਜ ਆਪਣਾ ਹੈ ਤਾਂ ਫਿਰ ਡਰ ਕਿਸ ਗੱਲ ਦਾ! ਅਸਲ ਵਿੱਚ ਉਨ੍ਹਾਂ ਦੀ ਸੋਚ ਗ਼ਲਤ ਵੀ ਨਹੀਂ, ਕਿਉਂਕਿ ਇਹੋ ਜਿਹੀਆਂ ਅਣਮਨੁੱਖੀ ਕਾਰਵਾਈਆਂ ਕਰਨ ਵਾਲਿਆਂ ਨੂੰ ਸੱਤਾ ਪੱਖ ਵੱਲੋਂ ਸ਼ਹਿ ਤੇ ਛਤਰ-ਛਾਇਆ ਮਿਲ ਰਹੀ ਹੈ।
ਦਾਦਰੀ ਵਿੱਚ ਹਿੰਦੂਤੱਵੀ ਅਨਸਰਾਂ ਦੀ ਭੀੜ ਭੜਕਾ ਕੇ ਮੁਹੰਮਦ ਅਖਲਾਕ ਨੂੰ ਗਊ ਮਾਸ ਰੱਖਣ ਦਾ ਦੋਸ਼ ਲਾ ਕੇ ਕਤਲ ਕਰਨ ਵਾਲੇ ਦੋਸ਼ੀਆਂ ਵਿੱਚੋਂ ਇੱਕ ਦੀ ਜਦੋਂ ਅਚਾਨਕ ਮੌਤ ਹੋ ਗਈ ਤਾਂ ਭਾਜਪਾ ਦੇ ਸਥਾਨਕ ਵਿਧਾਇਕ ਵੱਲੋਂ ਉਸ ਦੀ ਦੇਹ ਨੂੰ ਤਿਰੰਗੇ ਝੰਡੇ ਵਿੱਚ ਵਲ੍ਹੇਟ ਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸੇ ਤਰ੍ਹਾਂ ਚਾਹੇ ਰਾਜਸਥਾਨ ਵਿੱਚ ਗਊ ਪਾਲਕ ਪਹਿਲੂ ਖ਼ਾਨ ਦਾ ਕਤਲ ਹੋਵੇ ਜਾਂ ਹਰਿਆਣੇ ਵਿੱਚ ਨਾਬਾਲਗ ਲੜਕੇ ਜੁਨੈਦ ਖ਼ਾਨ ਦਾ, ਹਰ ਘਟਨਾ ਵਿੱਚ ਦੋਸ਼ੀਆਂ ਵਿਰੁੱਧ ਨਰਮ ਧਾਰਾਵਾਂ ਲਾ ਕੇ ਕੇਸ ਬਣਾਏ ਗਏ, ਤਾਂ ਜੁ ਉਹ ਜ਼ਮਾਨਤ ਉੱਤੇ ਬਾਹਰ ਆ ਸਕਣ।
ਤਾਜ਼ਾ ਮਾਮਲਾ ਦੱਖਣ ਦੀਆਂ ਫ਼ਿਲਮਾਂ ਦੇ ਸੁਪਰ ਸਟਾਰ ਕਮਲ ਹਸਨ ਦਾ ਹੈ। ਕਮਲ ਹਸਨ ਨੇ ਆਪਣੇ ਇੱਕ ਲੇਖ ਵਿੱਚ ਕਿਹਾ ਸੀ, 'ਪਹਿਲਾਂ ਕਟੜਪੰਥੀ ਹਿੰਦੂ ਲੋਕ ਹਿੰਸਾ ਵਿੱਚ ਸ਼ਾਮਲ ਨਹੀਂ ਹੁੰਦੇ ਸਨ, ਉਹ ਆਪਣੇ ਵਿਰੋਧੀਆਂ ਦਾ ਦਲੀਲ ਨਾਲ ਟਾਕਰਾ ਕਰਦੇ ਸਨ, ਪਰ ਇਹ ਪੁਰਾਣੀ ਰਾਜਨੀਤੀ ਹੁਣ ਹਾਰ ਗਈ ਤੇ ਉਹ ਜੋ ਕਰਦੇ ਹਨ, ਉਸ ਵਿੱਚ ਬਲ ਪ੍ਰਯੋਗ ਹੁੰਦਾ ਹੈ।' ਕਮਲ ਹਸਨ ਨੇ ਅੱਗੇ ਕਿਹਾ, 'ਹੁਣ ਉਨ੍ਹਾਂ ਹਿੰਸਾ ਫੈਲਾਉਣੀ ਸ਼ੁਰੂ ਕਰ ਦਿੱਤੀ ਹੈ। ਹਿੰਦੂ ਦਹਿਸ਼ਤਵਾਦ ਦੀ ਗੱਲ ਕਹਿਣ ਵਾਲੇ ਲੋਕਾਂ ਨੂੰ ਕੱਟੜਪੰਥੀ ਚੈਲੰਜ ਨਹੀਂ ਕਰ ਸਕਦੇ, ਕਿਉਂਕਿ ਦਹਿਸ਼ਤਵਾਦ ਹਿੰਦੂ ਕੈਂਪ ਵਿੱਚ ਪਹੁੰਚ ਗਿਆ ਹੈ। ਇਸ ਤਰ੍ਹਾਂ ਦੀਆਂ ਦਹਿਸ਼ਤੀ ਕਾਰਵਾਈਆਂ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਮਦਦ ਕਰਨ ਵਾਲੀਆਂ ਨਹੀਂ ਹਨ।'
ਕਮਲ ਹਸਨ ਨੇ ਜੋ ਸੱਚ ਕਿਹਾ ਹੈ ਉਸ ਨੂੰ ਕਿਸੇ ਤਰ੍ਹਾਂ ਵੀ ਝੁਠਲਾਇਆ ਨਹੀਂ ਜਾ ਸਕਦਾ। ਉਸ ਦੇ ਇਸ ਲੇਖ ਦਾ ਸਮੱਰਥਨ ਕਰਦਿਆਂ ਮੰਨੇ-ਪ੍ਰਮੰਨੇ ਫ਼ਿਲਮ ਅਦਾਕਾਰ ਪ੍ਰਕਾਸ਼ ਰਾਜ ਨੇ ਕਿਹਾ ਹੈ ਕਿ 'ਜੇ ਮੇਰੇ ਦੇਸ਼ ਦੀਆਂ ਸੜਕਾਂ ਉੱਤੇ ਨੌਜਵਾਨ ਜੋੜਿਆਂ ਨੂੰ ਗਾਲੀਆਂ ਕੱਢਣਾ ਤੇ ਮਾਰਕੁੱਟ ਕਰਨੀ ਆਤੰਕ ਨਹੀਂ ਹੈ, ਅਗਰ ਕਾਨੂੰਨ ਹੱਥ ਵਿੱਚ ਲੈ ਕੇ ਗਊ ਹੱਤਿਆ ਦੇ ਸ਼ੱਕ ਵਿੱਚ ਭੀੜ ਵੱਲੋਂ ਕਿਸੇ ਨੂੰ ਕੁੱਟ-ਕੁੱਟ ਕੇ ਮਾਰ ਦੇਣਾ ਆਤੰਕ ਨਹੀਂ, ਅਗਰ ਲੋਕਾਂ ਨੂੰ ਗਾਲ੍ਹਾਂ ਦੇਣਾ, ਟਰੋਲ ਕਰਨਾ, ਧਮਕਾਉਣਾ, ਵਿਰੋਧੀ ਵਿਚਾਰਾਂ ਨੂੰ ਸਖ਼ਤੀ ਨਾਲ ਦਬਾਉਣਾ ਆਤੰਕ ਨਹੀਂ ਤਾਂ ਫਿਰ ਮੈਨੂੰ ਦੱਸੋ, ਆਤੰਕ ਕੀ ਹੈ?'
ਭਾਜਪਾ ਤੇ ਇਸ ਦੀਆਂ ਹਮਾਇਤੀ ਹਿੰਦੂਤੱਵੀ ਜਥੇਬੰਦੀਆਂ ਨੂੰ ਇਹ ਸੱਚ ਕਿਵੇਂ ਹਜ਼ਮ ਹੋ ਸਕਦਾ ਸੀ? ਕਮਲ ਹਸਨ ਉੱਤੇ ਇਸ ਲੇਖ ਲਈ ਵਾਰਾਣਸੀ ਵਿੱਚ ਮਾਮਲਾ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਭਾਜਪਾ ਆਗੂ ਤੇ ਪਾਰਲੀਮੈਂਟ ਮੈਂਬਰ ਸੁਬਰਾਮਨੀਅਮ ਸਵਾਮੀ ਤੇ ਪਾਰਲੀਮੈਂਟ ਮੈਂਬਰ ਵਿਨੈ ਕਟਿਆਰ ਨੇ ਕਮਲ ਹਸਨ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਤੇ ਉਸ ਨੂੰ ਦਿਮਾਗੀ ਪੱਖੋਂ ਬਿਮਾਰ ਤੱਕ ਕਿਹਾ। ਗੱਲ ਇੱਥੇ ਹੀ ਨਹੀਂ ਰੁਕੀ। ਹੁਣ ਹਿੰਦੂ ਮਹਾਂ ਸਭਾ ਨੇ ਕਮਲ ਹਸਨ ਵਿਰੁੱਧ ਫਤਵਾ ਜਾਰੀ ਕਰ ਦਿੱਤਾ ਹੈ ਕਿ ਉਸ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ, ਤਾਂ ਜੁ ਬਾਕੀ ਲੋਕ ਵੀ ਸਬਕ ਸਿੱਖ ਸਕਣ। ਹਿੰਦੂ ਮਹਾਂ ਸਭਾ ਦੇ ਉੱਪ ਪ੍ਰਧਾਨ ਅਸ਼ੋਕ ਸ਼ਰਮਾ ਨੇ ਇੱਥੋਂ ਤੱਕ ਕਿਹਾ ਹੈ ਕਿ 'ਜੋ ਵਿਅਕਤੀ ਹਿੰਦੂ ਧਰਮ ਨਾਲ ਸੰਬੰਧਤ ਵਿਅਕਤੀਆਂ ਵਿਰੁੱਧ ਅੱਪ ਸ਼ਬਦ ਬੋਲਦਾ ਹੈ, ਉਸ ਨੂੰ ਇਸ ਧਰਤੀ ਉੱਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਤੇ ਅੱਪ ਸ਼ਬਦਾਂ ਲਈ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ।'‘
ਇਹ ਸ਼ਬਦ ਸਾਡੇ ਲੋਕਤੰਤਰੀ ਸੰਵਿਧਾਨ ਵਿੱਚ ਮਿਲੀ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਸਿੱਧਾ ਹਮਲਾ ਹਨ। ਇਸ ਨੂੰ ਕਿਸੇ ਤਰ੍ਹਾਂ ਵੀ ਸਹਿਣ ਨਹੀਂ ਕੀਤਾ ਜਾਣਾ ਚਾਹੀਦਾ। ਇਹਨਾਂ ਵਧ ਰਹੇ ਵਰਤਾਰਿਆਂ ਵਿਰੁੱਧ ਸਮੂਹਿਕ ਜਨਤਕ ਆਵਾਜ਼ ਉੱਠਣੀ ਚਾਹੀਦੀ ਹੈ, ਤਾਂ ਜੁ ਅਜਿਹੇ ਮਨੁੱਖਤਾ-ਵਿਰੋਧੀ ਅਨਸਰਾਂ ਨੂੰ ਲੋਕਾਂ ਵਿੱਚੋਂ ਨਿਖੇੜਿਆ ਜਾ ਸਕੇ।