Latest News
ਬੋਨੀ ਅਜਨਾਲਾ ਨੇ ਮਜੀਠੀਆ 'ਤੇ ਲਾਏ ਝੂਠੇ ਕੇਸ ਦਰਜ ਕਰਾਉਣ ਦੇ ਸੰਗੀਨ ਦੋਸ਼

Published on 07 Nov, 2017 11:03 AM.

ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਅਕਾਲੀ ਦਲ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਕਾਂਗਰਸੀ ਅਤੇ ਅਕਾਲੀ ਵਰਕਰਾਂ 'ਤੇ ਦਹਿਸ਼ਤ ਪਾਉਣ ਲਈ ਝੂਠੇ ਪੁਲਸ ਮਾਮਲੇ ਹੀ ਦਰਜ ਨਹੀਂ ਕਰਵਾਉਂਦਾ ਰਿਹਾ, ਸਗੋਂ ਨਸ਼ੇ ਦੇ ਰਾਸ਼ਟਰੀ ਅਤੇ ਅੰਤਰਾਸ਼ਟਰੀ ਤਸਕਰਾਂ ਦੇ ਨਾਲ ਵੀ ਕਥਿਤ ਤੌਰ 'ਤੇ ਮਜੀਠੀਆ ਦੇ ਡੂੰਘੇ ਸੰਬੰਧ ਰਹੇ ਹਨ। ਮਜੀਠੀਆ ਵੱਡੇ ਤਸਕਰਾਂ ਦਾ ਛੋਟੇ ਤਸਕਰਾਂ ਦੇ ਨਾਲ ਮੇਲ ਕਰਵਾਉਂਦਾ ਰਿਹਾ, ਇਸ ਵਿੱਚ ਮਜੀਠੀਆ ਨੂੰ ਮੋਟੀ ਕਮਿਸ਼ਨ ਮਿਲਦੀ ਸੀ ਅਤੇ ਮਜੀਠੀਆ ਦੇ ਚੋਣ ਪ੍ਰਚਾਰ ਅਤੇ ਉਸ ਦੀਆਂ ਵੱਖ-ਵੱਖ ਰੈਲੀਆਂ ਅਤੇ ਪ੍ਰੈੱਸ ਕਾਨਫਰੰਸਾਂ ਦਾ ਖਰਚ ਕਥਿਤ ਤੌਰ 'ਤੇ ਇਹੀ ਡਰਗ ਮਾਫੀਆ ਚੁੱਕਦਾ ਕਰਦਾ ਰਿਹਾ।
ਇਸ ਗੱਲ ਦਾ ਖੁਲਾਸਾ ਬਿਕਰਮ ਮਜੀਠੀਆ ਦੇ ਹੀ ਨਜ਼ਦੀਕੀ ਰਹੇ ਅਜਨਾਲਾ ਤੋਂ ਅਕਾਲੀ ਵਿਧਾਇਕ ਅਤੇ ਅਕਾਲੀ ਸਰਕਾਰ ਦੌਰਾਨ ਸੰਸਦੀ ਸਕੱਤਰ ਰਹੇ ਅਮਰਪਾਲ ਸਿੰਘ ਬੋਨੀ ਨੇ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਦੇ ਕੋਲ ਦਰਜ ਕੀਤੇ ਇੱਕ ਹਲਫੀਆ ਬਿਆਨ ਵਿੱਚ ਕੀਤਾ ਹੈ। ਮੰਨਾ ਨੇ ਬੋਨੀ ਵੱਲੋਂ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਨੂੰ ਦਿੱਤੇ ਗਏ ਐਫੀਡੇਵਿਟ ਦੀਆਂ ਕਾਪੀਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਰੀ ਕੀਤੀਆਂ। ਇਸ ਦੌਰਾਨ ਮੰਨਾ ਨੇ ਵੱਖ-ਵੱਖ ਤੱਥਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਹੁਣ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਮਜੀਠੀਆ ਕਿਸੇ ਵੀ ਹਾਲਤ ਵਿੱਚ ਕਾਨੂੰਨ ਦੇ ਸ਼ਿਕੰਜੇ ਤੋਂ ਬਚਣਾ ਨਹੀਂ ਚਾਹੀਦਾ। ਇਹ ਮੰਗ ਸਿਰਫ ਪੰਜਾਬ ਦੇ 90 ਵਿਧਾਇਕ ਹੀ ਨਹੀਂ ਕਰ ਰਹੇ, ਬਲਕਿ ਸਾਰਾ ਪੰਜਾਬ ਹੀ ਚਾਹੁੰਦਾ ਹੈ ਕਿ ਬਿਕਰਮ ਮਜੀਠੀਆ ਕਾਨੂੰਨ ਦੇ ਸ਼ਿਕੰਜੇ ਵਿੱਚ ਹੋਣਾ ਚਾਹੀਦਾ ਹੈ। ਮੰਨਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਆਪਣੇ ਚੋਣ ਵਾਅਦੇ ਨੂੰ ਮੁੱਖ ਰੱਖ ਕੇ ਸਥਾਪਤ ਕੀਤਾ ਹੈ, ਤਾਂ ਕਿ ਵਾਪਰੀਆਂ ਘਟਨਾਵਾਂ ਦਾ ਸੱਚ ਸਾਹਮਣੇ ਆ ਸਕੇ। ਅਕਾਲੀ-ਭਾਜਪਾ ਸਰਕਾਰ ਦੌਰਾਨ ਅਕਾਲੀਆਂ ਨੇ ਕਿੰਨੀ ਵੱਡੀ ਗੁੰਡਾਗਰਦੀ ਕਰਦੇ ਹੋਏ ਆਮ ਲੋਕਾਂ ਉਪਰ ਝੂਠੇ ਪੁਲਸ ਕੇਸ ਐਨ ਡੀ ਪੀ ਐੱਸ ਐਕਟ ਤਹਿਤ ਦਰਜ ਕੀਤੇ, ਉਥੇ ਹੀ ਕਿੰਨੇ ਵੱਡੇ ਪੱਧਰ 'ਤੇ ਇਹ ਅਕਾਲੀ ਆਗੂ ਕਥਿਤ ਤੌਰ 'ਤੇ ਨਸ਼ਾ ਤਸਕਰੀ ਦੇ ਗੈਰ-ਕਾਨੂੰਨੀ ਧੰਦੇ ਵਿੱਚ ਸ਼ਾਮਲ ਰਹੇ ਹਨ।
ਮੰਨਾ ਨੇ ਕਿਹਾ ਕਿ ਬੋਨੀ ਨੇ ਆਪਣੇ ਹਲਫੀਆ ਬਿਆਨ ਵਿੱਚ ਖੁਲਾਸਾ ਕੀਤਾ ਹੈ ਕਿ ਬਿੱਟੂ ਔਲਖ ਉਸ ਦਾ ਦੋਸਤ ਸੀ। ਉਨ੍ਹਾ ਦੇ ਪਰਵਾਰ ਨਾਲ ਬਿੱਟੂ ਦੇ ਪਰਵਾਰ ਦੇ ਪੁਰਾਣੇ ਸੰਬੰਧ ਸਨ। ਬੋਨੀ ਨੇ ਲਿਖਿਆ ਹੈ ਕਿ ਬਿੱਟੂ ਔਲਖ ਨੂੰ ਉਸ ਨੇ ਹੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਮਿਲਾਇਆ ਸੀ। ਬਿੱਟੂ ਬੋਨੀ ਦਾ ਵੀ ਚੋਣ ਏਜੰਟ ਸੀ। ਬਾਅਦ ਵਿੱਚ ਬਿਕਰਮ ਦਾ ਵੀ ਚੁਣਾਵੀ ਏਜੰਟ ਬਣ ਗਿਆ।
ਬਿਕਰਮ ਦੇ ਪ੍ਰੋਗਰਾਮਾਂ 'ਤੇ ਬਿੱਟੂ ਫਾਇਨਾਂਸ ਵੀ ਕਰਦਾ ਸੀ। ਬਿਕਰਮ ਦੇ ਕਹਿਣ 'ਤੇ ਬਿੱਟੂ ਹੋਰ ਅਕਾਲੀ ਨੇਤਾਵਾਂ ਦੇ ਵੀ ਕੰਮ ਕਰਦਾ ਸੀ। ਬਿਕਰਮ ਨੇ ਬਿੱਟੂ ਨੂੰ ਕਿਹਾ ਸੀ ਕਿ ਉਹ ਅਜਨਾਲਾ ਪਰਵਾਰ ਦਾ ਸਾਥ ਹਮੇਸ਼ਾ ਲਈ ਛੱਡ ਕੇ ਉਸ ਦੇ ਨਾਲ ਮਿਲ ਜਾਣ। ਜਦੋਂ ਬਿੱਟੂ ਨੇ ਅਜਨਾਲਾ ਪਰਵਾਰ ਦਾ ਸਾਥ ਨਾ ਛੱਡਣ ਦੀ ਗੱਲ ਕੀਤੀ ਤਾਂ ਮਜੀਠੀਆ ਨੇ ਬਿੱਟੂ ਦੇ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਬਿੱਟੂ ਨੂੰ ਨਸ਼ਾ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਝੂਠੇ ਮਾਮਲੇ ਵਿੱਚ ਫਸਾ ਦਿੱਤਾ।
ਬੋਨੀ ਨੇ ਲਿਖਿਆ ਹੈ ਕਿ ਬਿੱਟੂ ਕਿਸੇ ਵੀ ਤਰ੍ਹਾਂ ਦੇ ਨਸ਼ਾ ਕਾਰੋਬਾਰ ਵਿੱਚ ਸ਼ਾਮਿਲ ਨਹੀਂ ਸੀ, ਉਸ ਨੂੰ ਬਿਕਰਮ ਮਜੀਠੀਆ ਨੇ ਝੂਠਾ ਫਸਾਇਆ ਹੈ। ਬਿਕਰਮ ਦੀ ਸਾਡੇ ਪਰਵਾਰ ਦੇ ਨਾਲ ਰੰਜਿਸ਼ ਦੇ ਚਲਦੇ ਹੀ ਉਹਨਾ ਦੇ ਪਿਤਾ ਡਾ. ਰਤਨ ਸਿੰਘ ਅਜਨਾਲਾ ਨੂੰ ਲੋਕ ਸਭਾ ਦੀ ਟਿਕਟ ਨਹੀਂ ਦਿੱਤੀ ਸੀ, ਜਦੋਂ ਕਿ ਉਸ ਦੇ ਪਿਤਾ ਚਾਰ ਵਾਰ ਵਿਧਾਇਕ ਰਹੇ ਤੇ ਇੱਕ ਵਾਰੀ ਸੰਸਦ ਮੈਂਬਰ ਅਤੇ ਲੰਮੇ ਸਮੇਂ ਤੱਕ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਹਨ।
ਮਨਦੀਪ ਸਿੰਘ ਮੰਨਾ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਰਾਜ ਦੇ ਲੋਕਾਂ ਵੱਲੋਂ ਮਿਲੀ ਜਾਣਕਾਰੀ ਅਤੇ ਕੁਝ ਗੁਪਤਚਰ ਏਜੰਸੀਆਂ ਵੱਲੋਂ ਕੀਤੀ ਗਈ ਜਾਂਚ ਦੇ ਬਾਅਦ ਅਤੇ ਬੋਨੀ ਦੇ ਦਿੱਤੇ ਐਫੀਡੇਵਿਟ ਦੇ ਬਾਅਦ ਉਨ੍ਹਾ ਨੂੰ ਸੂਤਰਾਂ ਤੋਂ ਜਾਣਕਾਰੀ ਹਾਸਲ ਹੋਈ ਹੈ ਕਿ ਜਦੋਂ ਅੰਤਰਾਸ਼ਟਰੀ ਨਸ਼ਾ ਤਸਕਰ ਸੱਤਾ ਭਾਰਤ ਆਉਂਦਾ ਸੀ ਤਾਂ ਮਜੀਠੀਆ ਦੇ ਕੋਲ ਹੀ ਠਹਿਰਦਾ ਸੀ। ਬਿਕਰਮ ਦੀਆਂ ਗੱਡੀਆਂ 'ਚ ਬੈਠ ਕੇ ਘੁੰਮਦਾ ਸੀ । ਬਿਕਰਮ ਹੀ ਉਸ ਨੂੰ ਏਅਰਪੋਰਟ ਵੱਲੋਂ ਐਸਕਾਰਟ ਪੁਲਸ ਗੱਡੀਆਂ ਪ੍ਰਦਾਨ ਕਰਦਾ ਸੀ। ਇਹ ਵੀ ਚਰਚਾ ਪੰਜਾਬ ਵਿੱਚ ਹੈ ਕਿ ਸੱਤਾ ਸਿੰਥੈਟਿਕ ਡਰੱਗ ਭਾਰਤ ਤੋਂਂ ਕੈਨੇਡਾ ਲੈ ਕੇ ਜਾਣਾ ਚਾਹੁੰਦਾ ਸੀ। ਇਹ ਸਿੰਥੈਟਿਕ ਡਰੱਗ ਚਾਹਲ ਦੀ ਬੱਦੀ ਸਥਿਤ ਦਵਾਈਆਂ ਦੀ ਫੈਕਟਰੀ ਵਿੱਚ ਉਪਲੱਬਧ ਸੀ। ਚਾਹਲ ਦੀ ਬਿੱਟੂ ਔਲਖ ਦੇ ਨਾਲ ਦੋਸਤੀ ਸੀ। ਚਰਚਾ ਇਹ ਵੀ ਹੈ ਕਿ ਸੱਤਾ ਦੇ ਕਹਿਣ 'ਤੇ ਬਿਕਰਮ ਮਜੀਠੀਆ ਨੇ ਬਿੱਟੂ 'ਤੇ ਦਬਾਅ ਬਣਾਇਆ ਕਿ ਉਹ ਸੱਤਾ ਦੀ ਚਾਹਲ ਦੇ ਨਾਲ ਮੁਲਾਕਾਤ ਕਰਵਾਏ ਅਤੇ ਦੋਵਾਂ ਵਿੱਚ ਸਿੰਥੈਟਿਕ ਡਰੱਗ ਦੀ ਡੀਲ ਕਰਵਾਏ। ਇਹ ਡੀਲ ਕਰਵਾਉਣ ਵਿੱਚ ਮਜੀਠੀਆ ਨੇ ਬਿੱਟੂ ਨੂੰ ਕਮਿਸ਼ਨ ਦੇਣ ਦਾ ਵੀ ਲਾਲਚ ਦਿੱਤਾ ਸੀ। ਇਸ ਦੇ ਚਲਦੇ ਬਿੱਟੂ ਨੇ ਸੱਤੇ ਦੇ ਨਾਲ ਚਾਹਲ ਦੀ ਡੀਲ ਕਰਵਾਈ। ਇਸ ਡੀਲ ਵਿੱਚ ਚਰਚਾ ਹੈ ਕਿ ਬਿੱਟੂ ਨੂੰ 12 ਤੋਂ 15 ਲੱਖ ਤੱਕ ਦਾ ਕਮਿਸ਼ਨ ਵੀ ਮਿਲਿਆ ਸੀ। ਚਰਚਾ ਇਹ ਵੀ ਹੈ ਕਿ ਡੀਲ ਦੇ ਬਾਅਦ ਅੱਧਾ ਸਿੰਥੈਟਿਕ ਡਰੱਗ ਸੱਤਾ ਨੂੰ ਸਪਲਾਈ ਕਰ ਦਿੱਤਾ ਗਿਆ। ਦੂਜਾ ਅੱਧਾ ਡਰੱਗ ਮਿਲਾਵਟ ਕਰਕੇ ਸੱਤਾ ਨੂੰ ਬਾਅਦ ਵਿੱਚ ਸਪਲਾਈ ਕੀਤਾ ਗਿਆ, ਜਿਸ 'ਤੇ ਸੱਤਾ ਨੇ ਬਿੱਟੂ ਦੇ ਨਾਲ ਲੜਾਈ ਕੀਤੀ ਅਤੇ ਸੱਤਾ ਨੇ ਕਮਿਸ਼ਨ ਦੇ ਪੈਸੇ ਵੀ ਬਿੱਟੂ ਨੂੰ ਵਾਪਸ ਦੇਣ ਲਈ ਮਜੀਠੀਆ ਦੇ ਮਾਧਿਅਮ ਨਾਲ ਦਬਾਅ ਬਣਾਇਆ ਸੀ।
ਉਹਨਾ ਕਿਹਾ ਕਿ ਜਾਂਚ ਨਾਲ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਦੌਰਾਨ ਜਗਦੀਸ਼ ਭੋਲਾ ਫੜਿਆ ਗਿਆ ਅਤੇ ਉਸ ਨੇ ਵੀ ਚਾਹਲ ਅਤੇ ਸੱਤਾ ਦਾ ਜ਼ਿਕਰ ਕੀਤਾ ਸੀ।

299 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper