ਪੈਰਾਡਾਈਜ਼ ਪੇਪਰਜ਼ ਨੇ ਕੀਤਾ ਕਾਲੇ ਧਨ ਧਾਰਕਾਂ ਬਾਰੇ ਖੁਲਾਸਾ : ਰੈਡੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੀ ਪੀ ਆਈ ਦੇ ਜਨਰਲ ਸਕੱਤਰ ਸੁਧਾਕਰ ਰੈਡੀ ਨੇ ਕਿਹਾ ਹੈ ਕਿ ਪੈਰਾਡਾਈਜ਼ ਪੇਪਰਜ਼ ਵੱਲੋਂ ਕਾਲਾ ਧਨ ਧਾਰਕਾਂ ਦੀ ਸੂਚੀ ਜਾਰੀ ਕਰਨ ਨਾਲ ਕਾਲੇ ਧਨ ਬਾਰੇ ਸਰਕਾਰੀ ਏਜੰਸੀਆਂ ਦੀ ਜਾਂਚ ਦਾ ਦੀਵਾਲੀਆਪਨ ਸਾਹਮਣੇ ਆ ਗਿਆ ਹੈ, ਕਿਉਂਕਿ ਇਸ ਸੂਚੀ 'ਚ 714 ਭਾਰਤੀਆਂ ਦੇ ਨਾਂਅ ਸ਼ਾਮਲ ਹਨ। ਉਨ੍ਹਾ ਕਿਹਾ ਕਿ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਸੀ ਬੀ ਡੀ ਟੀ ਦੇ ਚੇਅਰਮੈਨ ਦੀ ਅਗਵਾਈ ਹੇਠ ਮਲਟੀ ਏਜੰਸੀ ਗਰੁੱਪ ਕਾਇਮ ਕੀਤਾ ਹੈ, ਜਦਕਿ ਪਨਾਮਾ ਪੇਪਰਜ਼ ਵੱਲੋਂ 18 ਮਹੀਨੇ ਪਹਿਲਾਂ ਲੀਕ ਕੀਤੀ ਗਈ ਸੂਚੀ 'ਚ ਸ਼ਾਮਲ ਭਾਰਤੀਆਂ ਵਿਰੁੱਧ ਜਾਂਚ 'ਚ ਅਜੇ ਤੱਕ ਕੋਈ ਪ੍ਰਗਤੀ ਨਹੀਂ ਹੋਈ। ਉਨ੍ਹਾ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਾਲਾ ਧਨ ਧਾਰਕਾਂ ਦਾ ਨਾਂਅ ਮੋਹਰਬੰਦ ਲਿਫ਼ਾਫ਼ਿਆਂ 'ਚ ਗੁਪਤ ਰੱਖਿਆ ਜਾਂਦਾ ਹੈ, ਜਦਕਿ ਵਿਰੋਧੀਆਂ ਅਤੇ ਅਧਿਕਾਰੀਆਂ ਵਿਰੁੱਧ ਜਾਂਚ ਦਾ ਸ਼ੁਰੂ ਤੋਂ ਹੀ ਵੀਡੀਉ ਰਾਹੀਂ ਖੁਲਾਸਾ ਕੀਤਾ ਜਾਂਦਾ ਹੈ, ਜਿਸ ਤੋਂ ਸ਼ੰਕਾ ਪੈਦਾ ਹੁੰਦਾ ਹੈ ਕਿ ਨਰਿੰਦਰ ਮੋਦੀ ਸਰਕਾਰ ਕੁਝ ਅਹਿਮ ਸ਼ਖਸੀਅਤਾਂ ਨੂੰ ਬੇਨਕਾਬ ਹੋਣ ਤੋਂ ਬਚਾਉਣਾ ਚਾਹੁੰਦੀ ਹੈ। ਉਨ੍ਹਾ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਉਣ 'ਚ ਨਾਕਾਮ ਰਹੀ।
ਸ੍ਰੀ ਰੈਡੀ ਨੇ ਮੰਗ ਕੀਤੀ ਕਿ ਸਰਕਾਰ ਪਨਾਮਾ ਪੇਪਰ ਲੀਕ ਅਤੇ ਪੈਰਾਡਾਈਜ਼ ਪੇਪਰਜ਼ 'ਚ ਸ਼ਾਮਲ ਭਾਰਤੀਆਂ ਦੇ ਨਾਂਅ ਸਮੇਤ ਹੁਣ ਤੱਕ ਦੀ ਜਾਂਚ ਬਾਰੇ ਵ੍ਹਾਈਟ ਪੇਪਰ ਜਾਰੀ ਕਰੇ। ਉਨ੍ਹਾ ਕਿਹਾ ਕਿ ਸੁਪਰੀਮ ਕੋਰਟ ਨੂੰ ਵਿਦੇਸ਼ੀ ਬੈਂਕਾਂ 'ਚ ਜਮ੍ਹਾਂ ਕਾਲੇ ਧਨ ਦੀ ਜਾਂਚ ਟੀਮ ਦਾ ਗਠਨ ਕਰਨਾ ਚਾਹੀਦਾ ਹੈ।