ਇਹ ਕਿੱਦਾਂ ਦਾ ਕਲਿਆਣਕਾਰੀ ਰਾਜ ਹੋਇਆ!

ਕੋਈ ਤੇਈ ਸਾਲ ਪਹਿਲਾਂ 2-3 ਦਸੰਬਰ 1984 ਦੀ ਵਿਚਕਾਰਲੀ ਰਾਤ ਨੂੰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਵਿੱਚ ਸਥਿਤ ਕੀਟ-ਨਾਸ਼ਕ ਬਣਾਉਣ ਵਾਲੀ ਅਮਰੀਕਨ ਕੰਪਨੀ ਯੂਨੀਅਨ ਕਾਰਬਾਈਡ ਵਿੱਚ ਜ਼ਹਿਰੀਲੀ ਗੈਸ ਮਿਥਾਈਲ ਆਈਸੋਸਾਈਨਾਈਟ ਦੇ ਰਿਸਣ ਕਾਰਨ ਭਿਆਨਕ ਹਾਦਸਾ ਵਾਪਰਿਆ ਸੀ। ਇਸ ਹਾਦਸੇ ਦੇ ਵਾਪਰਨ ਕਰ ਕੇ ਹਜ਼ਾਰਾਂ ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ ਸਨ ਤੇ ਇਹਨਾਂ ਤੋਂ ਕਿਤੇ ਵੱਧ ਗਿਣਤੀ ਵਿੱਚ ਸਰੀਰਕ ਅੰਗਹੀਣਤਾ ਤੋਂ ਲੈ ਕੇ ਅੰਨ੍ਹੇਪਣ ਦਾ ਸ਼ਿਕਾਰ ਹੋ ਗਏ ਸਨ। ਲੰਮਾ ਸਮਾਂ ਬੀਤ ਜਾਣ ਪਿੱਛੋਂ ਇਸ ਜ਼ਹਿਰੀਲੀ ਗੈਸ ਦੇ ਪ੍ਰਭਾਵ ਅੱਜ ਵੀ ਲੋਕਾਂ ਵਿੱਚ ਦੇਖੇ ਜਾ ਸਕਦੇ ਹਨ।
ਭੁਪਾਲ ਗੈਸ ਤਰਾਸਦੀ ਨੂੰ ਮਨੁੱਖੀ ਭਾਈਚਾਰੇ ਅਤੇ ਵਾਤਾਵਰਣ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਤ ਕਰਨ ਵਾਲੀਆਂ ਸਨਅਤੀ ਦੁਰਘਟਨਾਵਾਂ ਵਿੱਚ ਗਿਣਿਆ ਜਾਂਦਾ ਹੈ। ਇਸ ਦੁਖਾਂਤ ਦੇ ਵਾਪਰਨ ਦੇ ਕਾਰਨਾਂ ਵਿੱਚ ਮੁੱਖ ਇਹ ਦੱਸਿਆ ਗਿਆ ਸੀ ਕਿ ਇਸ ਕਾਰਖਾਨੇ ਵਿੱਚ ਲੱਗੇ ਸਾਰੇ ਗੈਸ ਪਾਈਪ ਤੇ ਟੈਂਕ ਖਸਤਾ ਹਾਲਤ ਵਿੱਚ ਸਨ। ਇੱਕ ਟੈਂਕ ਵਿੱਚ ਤਾਪਮਾਨ ਦੋ ਸੌ ਡਿਗਰੀ ਤੱਕ ਪਹੁੰਚ ਗਿਆ, ਜਿਸ ਦੇ ਫਟਣ ਨਾਲ ਤੀਹ ਮੀਟਰਿਕ ਟਨ ਗੈਸ ਦਾ ਰਿਸਾਓ ਹੋ ਗਿਆ ਸੀ।
ਏਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਇਹ ਕਾਰਖਾਨਾ ਬ੍ਰਾਜ਼ੀਲ ਤੋਂ ਪੁੱਟ ਕੇ ਭੁਪਾਲ ਵਿਖੇ ਸਥਾਪਤ ਕੀਤਾ ਗਿਆ ਸੀ। ਬ੍ਰਾਜ਼ੀਲ ਦੀ ਸਰਕਾਰ ਨੇ ਇਸ ਕਾਰਖਾਨੇ ਨੂੰ ਲੋਕਾਂ ਦੀ ਸੁਰੱਖਿਆ ਦੇ ਮੱਦੇ-ਨਜ਼ਰ ਬੰਦ ਕਰਵਾ ਦਿੱਤਾ ਸੀ। ਉਸ ਸਮੇਂ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਕਾਰਖਾਨੇ ਦੇ ਕਈ ਸੁਰੱਖਿਆ ਉੱਪਕਰਣ ਨਾ ਠੀਕ ਹਾਲਤ ਵਿੱਚ ਸਨ ਅਤੇ ਨਾ ਸੁਰੱਖਿਆ ਦੇ ਦੂਜੇ ਮਾਪਦੰਡਾਂ ਦੀ ਪਾਲਣਾ ਕੀਤੀ ਗਈ ਸੀ। ਇਹੋ ਨਹੀਂ, ਕਾਰਖਾਨੇ ਵਿੱਚ ਸੁਰੱਖਿਆ ਲਈ ਰੱਖੇ ਗਏ ਸਾਰੇ ਮੈਨੂਅਲ ਅੰਗਰੇਜ਼ੀ ਵਿੱਚ ਸਨ, ਜਦੋਂ ਕਿ ਉੱਥੇ ਕੰਮ ਕਰਨ ਵਾਲੇ ਵਧੇਰੇ ਕਿਰਤੀਆਂ ਨੂੰ ਇਸ ਭਾਸ਼ਾ ਦਾ ਬਿਲਕੁਲ ਗਿਆਨ ਨਹੀਂ ਸੀ। ਇਸ ਤੋਂ ਵੀ ਵੱਧ ਇਹ ਕਿ ਕਾਰਖਾਨੇ ਵਿੱਚ ਤਾਪਮਾਨ ਦੇ ਪੱਧਰ ਨੂੰ ਕਾਇਮ ਰੱਖਣ ਲਈ ਲਾਇਆ ਗਿਆ ਫਰੀਜ਼ਿੰਗ ਪਲਾਂਟ ਵੀ ਬਿਜਲੀ ਦਾ ਬਿੱਲ ਘੱਟ ਕਰਨ ਲਈ ਬੰਦ ਕਰ ਦਿੱਤਾ ਗਿਆ ਸੀ।
ਚਾਹੇ ਇਹ ਹਾਦਸਾ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੀ ਅਰਜਨ ਸਿੰਘ ਸਰਕਾਰ ਸਮੇਂ ਵਾਪਰਿਆ ਸੀ, ਪਰ ਉਸ ਤੋਂ ਮਗਰੋਂ ਆਈਆਂ ਭਾਜਪਾ ਦੀਆਂ ਸਰਕਾਰਾਂ ਨੇ ਵੀ ਗੈਸ ਪੀੜਤਾਂ ਪ੍ਰਤੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਈ। ਹੋਰ ਤਾਂ ਹੋਰ, ਉਨ੍ਹਾਂ ਨੇ ਇਸ ਦੁਖਾਂਤ ਤੋਂ ਕੋਈ ਸਬਕ ਵੀ ਨਹੀਂ ਸਿੱਖਿਆ।
ਪਿਛਲੇ ਬੁੱਧਵਾਰ ਦੇ ਦਿਨ ਭਾਜਪਾ ਸ਼ਾਸਤ ਰਾਜ ਉੱਤਰ ਪ੍ਰਦੇਸ਼ ਦੇ ਊਂਚਾਹਾਰ ਵਿਖੇ ਸਥਿਤ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਦੇ ਪਲਾਂਟ ਵਿੱਚ ਬੁਆਇਲਰ ਦੇ ਫਟਣ ਨਾਲ ਧਮਾਕਾ ਹੋ ਗਿਆ। ਇਸ ਹਾਦਸੇ ਕਾਰਨ ਢਾਈ ਦਰਜਨ ਦੇ ਕਰੀਬ ਕਿਰਤੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਅਤੇ ਦੋ ਸੌ ਦੇ ਕਰੀਬ ਲੋਕ ਜ਼ਖ਼ਮੀ ਹੋਣ ਕਾਰਨ ਇਲਾਜ ਅਧੀਨ ਹਨ। ਜਿਸ ਯੂਨਿਟ ਨੰਬਰ ਛੇ ਵਿੱਚ ਇਹ ਧਮਾਕਾ ਹੋਇਆ, ਉਸ ਨੂੰ ਕੋਈ ਵੀਹ ਦਿਨ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਯੂਨਿਟ ਨੂੰ ਉੱਪਰੋਂ ਪਏ ਦਬਾਅ ਦੇ ਤਹਿਤ ਬਿਨਾਂ ਲੋੜੀਂਦੀ ਤਿਆਰੀ ਦੇ ਸ਼ੁਰੂ ਕਰ ਦਿੱਤਾ ਗਿਆ ਸੀ। ਨਤੀਜੇ ਵਜੋਂ ਬੁਆਇਲਰ ਨੇ ਠੀਕ ਢੰਗ ਨਾਲ ਕੰਮ ਨਹੀਂ ਕੀਤਾ ਤੇ ਉਸ ਦੀ ਸਟੀਮ ਪਾਈਪ ਵਿੱਚ ਰਾਖ ਜਮ੍ਹਾਂ ਹੋ ਗਈ, ਜਿਸ ਕਾਰਨ ਧਮਾਕੇ ਨਾਲ ਉਹ ਫਟ ਗਿਆ।
ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਦੇ ਪਲਾਂਟ ਵਿੱਚ ਵਾਪਰੇ ਇਸ ਹਾਦਸੇ ਨੇ ਇਹ ਗੱਲ ਜ਼ਾਹਰ ਕਰ ਦਿੱਤੀ ਹੈ ਕਿ ਸਨਅਤੀ ਅਦਾਰਿਆਂ ਵਿੱਚ ਮਜ਼ਦੂਰਾਂ ਦੀ ਸੁਰੱਖਿਆ ਪ੍ਰਤੀ ਘੋਰ ਅਣਗਹਿਲੀ ਤੋਂ ਕੰਮ ਲਿਆ ਜਾਂਦਾ ਹੈ। ਸਨਅਤੀ ਹਾਦਸਿਆਂ ਦੇ ਮਾਮਲੇ ਵਿੱਚ ਭਾਰਤ ਦਾ ਰਿਕਾਰਡ ਚੰਗਾ ਨਹੀਂ ਹੈ। ਕੌਮੀ ਅਪਰਾਧ ਰਿਕਾਰਡ ਬਿਊਰੋ ਦੀ ਸਾਲ 2015 ਦੀ ਰਿਪੋਰਟ ਮੁਤਾਬਕ ਇਸ ਵਰ੍ਹੇ ਦੇਸ ਵਿੱਚ ਕੁੱਲ ਦੋ ਸੌ ਨੜਿੰਨਵੇਂ ਸਨਅਤੀ ਹਾਦਸੇ ਹੋਏ, ਜਿਨ੍ਹਾਂ ਵਿੱਚ ਦੋ ਸੌ ਉਨੱਤੀ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਤੋਂ ਇੱਕ ਸਾਲ ਪਹਿਲਾਂ ਅਜਿਹੇ ਹਾਦਸਿਆਂ ਵਿੱਚ ਦੋ ਸੌ ਲੋਕਾਂ ਦੀ ਮੌਤ ਹੋਈ ਸੀ।
ਇਹ ਉਹੋ ਰਾਜ ਉੱਤਰ ਪ੍ਰਦੇਸ਼ ਹੈ, ਜਿੱਥੋਂ ਦੇ ਸਰਕਾਰ ਦੁਆਰਾ ਚਲਾਏ ਜਾਂਦੇ ਬਾਬਾ ਰਾਘਵ ਦਾਸ ਮੈਡੀਕਲ ਕਾਲਜ-ਹਸਪਤਾਲ ਵਿੱਚ ਬੱਚਿਆਂ ਦੀਆਂ ਉੱਤੋ-ੜਿੱਤੀ ਮੌਤਾਂ ਹੁੰਦੀਆਂ ਰਹੀਆਂ। ਦੁੱਖ ਵਾਲੀ ਗੱਲ ਇਹ ਕਿ ਇਹਨਾਂ ਮੌਤਾਂ ਬਾਰੇ ਜ਼ਿੰਮੇਵਾਰ ਅਹੁਦਿਆਂ 'ਤੇ ਬੈਠੇ ਲੋਕਾਂ ਦੇ ਅਜੀਬੋ-ਗ਼ਰੀਬ ਬਿਆਨ ਆਉਂਦੇ ਰਹੇ। ਹੁਣ ਪਿਛਲੇ ਪੰਜਾਂ ਦਿਨਾਂ ਦੇ ਅੰਦਰ-ਅੰਦਰ ਸੱਤਰ ਬੱਚਿਆਂ ਦੀ ਮੌਤ ਹੋ ਗਈ ਹੈ। ਹਾਂ, ਇਹੋ ਰਾਜ ਉੱਤਰ ਪ੍ਰਦੇਸ਼ ਹੈ, ਜਿੱਥੋਂ ਦੀ ਸਰ ਸ਼ਾਦੀ ਲਾਲ ਸ਼ੂਗਰ ਮਿੱਲ 'ਚੋਂ ਜ਼ਹਿਰੀਲੀ ਗੈਸ ਰਿਸਣ ਕਾਰਨ ਨੇੜਲੇ ਦੋ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਵਿੱਚੋਂ ਤਿੰਨ ਸੌ ਤੋਂ ਵੱਧ ਬੱਚੇ ਬੇਹੋਸ਼ ਹੋ ਗਏ ਸਨ।
ਗੋਰਖਪੁਰ ਵਿੱਚ ਬੱਚਿਆਂ ਦੀ ਮੌਤ ਨਾਲ ਸੰਬੰਧਤ ਇੱਕ ਰਿਪੋਰਟ ਵੱਲ ਇਸ਼ਾਰਾ ਕਰਦੇ ਹੋਏ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਕੀ ਕਹਿੰਦੇ ਹਨ ਭਲਾ? 'ਇਸ ਨਾਲ ਨਾ ਕੇਂਦਰ ਸਰਕਾਰ ਉੱਤੇ, ਨਾ ਯੂ ਪੀ ਦੀ ਸਰਕਾਰ ਉੱਤੇ ਕੋਈ ਪ੍ਰਭਾਵ ਪੈ ਰਿਹਾ ਹੈ। ਇਸ ਨਾਲ ਕਿਸੇ ਦਾ ਦਿਲ ਨਹੀਂ ਪਸੀਜ ਰਿਹਾ। ...ਇਹਨਾਂ ਲੋਕਾਂ ਲਈ ਵਾਰਾਣਸੀ ਵਿੱਚ ਦੀਵਾਲੀ ਦੇ ਦੀਵੇ ਜਗਾਉਣਾ ਅਤੇ ਆਪਣੇ ਹਿੰਦੂਤੱਵੀ ਦਰਸ਼ਨ ਨੂੰ ਪੇਸ਼ ਕਰਦੇ ਹੋਏ ਇੱਕ ਮੰਦਰ ਦਾ ਨਿਰਮਾਣ ਕਰਨਾ ਹੀ ਬੱਚੇ-ਮਾਤਾ ਦੀ ਮੌਤ, ਕੁਪੋਸ਼ਣ ਜਾਂ ਭੁੱਖ-ਮਰੀ ਤੋਂ ਵੱਧ ਮਹੱਤਵ ਪੂਰਨ ਹੈ।'
ਸਾਡੇ ਸ਼ਾਸਕ ਇਹ ਦਾਅਵਾ ਅਕਸਰ ਕਰਦੇ ਰਹਿੰਦੇ ਹਨ ਕਿ ਭਾਰਤੀ ਰਾਜ ਵਿਵਸਥਾ ਕਲਿਆਣਕਾਰੀ ਰਾਜ ਵਿਵਸਥਾ ਹੈ, ਪਰ ਅਮਲ ਵਿੱਚ ਹੋ ਕੀ ਰਿਹਾ ਹੈ? ਅੱਜ ਸਨਅਤੀ ਤੇ ਰੇਲਾਂ ਦੇ ਹਾਦਸਿਆਂ ਦੇ ਨਾਲ-ਨਾਲ ਸੜਕੀ ਹਾਦਸਿਆਂ ਵਿੱਚ ਵਾਧਾ ਹੋਈ ਜਾ ਰਿਹਾ ਹੈ, ਜਿਨ੍ਹਾਂ ਵਿੱਚ ਅਣਗਿਣਤ ਕੀਮਤੀ ਜਾਨਾਂ ਅੰਞਾਈਂ ਜਾ ਰਹੀਆਂ ਹਨ। ਹਸਪਤਾਲਾਂ ਵਿੱਚ ਲੋਕਾਂ ਤੇ ਖ਼ਾਸ ਕਰ ਕੇ ਬੱਚਿਆਂ ਦਾ ਸਹੀ ਇਲਾਜ ਨਾ ਹੋਣ ਕਾਰਨ ਮਰਨ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨ। ਲੋਕ ਭੁੱਖ ਨਾਲ ਦਮ ਤੋੜ ਰਹੇ ਹਨ। ਬੇਰੁਜ਼ਗਾਰੀ ਕਾਰਨ ਪੜ੍ਹੇ-ਲਿਖੇ ਨੌਜੁਆਨ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਅੰਨਦਾਤਾ ਖ਼ੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ।
ਸਾਡੇ ਸ਼ਾਸਕ ਹਨ ਕਿ ਉਹ ਜਦੋਂ ਵੀ ਕੋਈ ਭਿਆਨਕ ਤਰਾਸਦੀ ਵਾਪਰਦੀ ਹੈ ਤਾਂ ਮੌਕੇ ਦਾ ਦੌਰਾ ਕਰਨ ਤੋਂ ਬਾਅਦ ਮ੍ਰਿਤਕਾਂ ਤੇ ਜ਼ਖ਼ਮੀਆਂ ਲਈ ਮੁਆਵਜ਼ੇ ਦਾ ਐਲਾਨ ਕਰਨ ਤੇ ਉਨ੍ਹਾਂ ਦੇ ਵਾਰਸਾਂ ਨਾਲ ਹਮਦਰਦੀ ਪ੍ਰਗਟ ਤੋਂ ਬਾਅਦ ਵਾਪਰੀ ਤਰਾਸਦੀ ਦੇ ਕਾਰਨਾਂ ਦੀ ਜਾਂਚ ਕਰਵਾਉਣ ਦੀ ਗੱਲ ਕਹਿ ਕੇ ਤੁਰਦੇ ਬਣਦੇ ਹਨ। ਇਹਨਾਂ ਜਾਂਚਾਂ ਦਾ ਜੋ ਹਸ਼ਰ ਹੁੰਦਾ ਹੈ, ਉਹ ਸਾਡੇ ਸਾਹਮਣੇ ਹੈ। ਭੁਪਾਲ ਗੈਸ ਕਾਂਡ ਤੋਂ ਲੈ ਕੇ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਦੇ ਪਲਾਂਟ ਵਿੱਚ ਵਾਪਰੇ ਹਾਦਸੇ ਅਤੇ ਹੁਣ ਹਰਿਆਣੇ ਦੇ ਹਿਸਾਰ ਵਿੱਚ ਸਥਿਤ ਇੱਕ ਤੇਲ ਮਿੱਲ ਵਿੱਚ ਵਾਪਰੇ ਹਾਦਸੇ, ਜਿਸ ਵਿੱਚ ਤਿੰਨ ਮਜ਼ਦੂਰ ਮਾਰੇ ਗਏ ਹਨ ਤੇ ਅਠਾਰਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਦੱਸੇ ਜਾਂਦੇ ਹਨ, ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਸਾਡਾ ਰਾਜ ਬੇਸ਼ੱਕ ਆਖਣ ਨੂੰ ਕਲਿਆਣਕਾਰੀ ਹੈ, ਪਰ ਲੋਕਾਂ ਦੇ ਕਲਿਆਣ ਪ੍ਰਤੀ ਕਿੰਨੀ ਕੁ ਸੰਜੀਦਗੀ ਤੋਂ ਕੰਮ ਲਿਆ ਜਾਂਦਾ ਹੈ, ਇਸ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਰਹਿ ਜਾਂਦੀ।