ਚੌਕਸੀ ਦੀ ਜ਼ਰੂਰਤ ਹਾਲੇ ਵੀ ਹੈ


ਪਿਛਲੇ ਦਿਨਾਂ ਤੋਂ ਜਿਹੜੀ ਚਰਚਾ ਹੋ ਰਹੀ ਸੀ ਕਿ ਅਮਨ-ਕਾਨੂੰਨ ਦੇ ਪੱਖ ਤੋਂ ਸਰਕਾਰ ਕੋਲੋਂ ਪੰਜਾਬ ਸਾਂਭਿਆ ਹੀ ਨਹੀਂ ਜਾ ਰਿਹਾ, ਏਥੇ ਕਤਲ ਬੜੇ ਹੋ ਰਹੇ ਹਨ, ਉਹ ਕੱਲ੍ਹ ਦੀ ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ ਨਾਲ ਇਹ ਚਰਚਾ ਠੱਲ੍ਹਣ ਦਾ ਸਬੱਬ ਬਣ ਸਕਦਾ ਹੈ। ਜਿਹੜੇ ਵੱਡੇ ਕਤਲਾਂ ਦੀ ਬਹੁਤੀ ਚਰਚਾ ਹੋ ਰਹੀ ਸੀ, ਉਨ੍ਹਾਂ ਵਿੱਚ ਕਿਉਂਕ ਬਹੁਤਾ ਕਰ ਕੇ ਹਿੰਦੂ ਆਗੂਆਂ ਦੀ ਮੌਤ ਹੋਈ ਸੀ, ਇਸ ਲਈ ਇਹ ਗੱਲ ਵੀ ਕਹੀ ਜਾ ਰਹੀ ਸੀ ਕਿ ਪੰਜਾਬ ਵਿੱਚ ਪੁਰਾਣੇ ਦਿਨ ਮੋੜ ਲਿਆਉਣ ਲਈ ਕੁਝ ਤਾਕਤਾਂ ਸਰਗਰਮ ਜਾਪਦੀਆਂ ਹਨ। ਰਾਜ ਸਰਕਾਰ ਉੱਤੇ ਇਸ ਪੱਖੋਂ ਕਾਫੀ ਦਬਾਅ ਪੈ ਰਿਹਾ ਸੀ। ਮੁੱਖ ਮੰਤਰੀ ਤੇ ਪੰਜਾਬ ਪੁਲਸ ਦੇ ਮੁਖੀ ਨੇ ਕੱਲ੍ਹ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਪ੍ਰਮੁੱਖ ਘਟਨਾਵਾਂ ਦੇ ਦੋਸ਼ੀ ਫੜੇ ਗਏ ਹਨ।
ਅਖਬਾਰਾਂ ਵਿੱਚ ਜਿਹੜੀ ਕਹਾਣੀ ਆਈ ਹੈ, ਉਸ ਦੇ ਮੁਤਾਬਕ ਪੁਲਸ ਨੂੰ ਕਾਮਯਾਬੀ ਦੀ ਜੜ੍ਹ ਜੇਲ੍ਹ ਅੰਦਰ ਬੈਠੇ ਹੋਏ ਇੱਕ ਵੱਡੇ ਗੈਂਗਸਟਰ ਦੀ ਪੁੱਛਗਿੱਛ ਤੋਂ ਲੱਭੀ ਹੈ। ਇਸ ਗੱਲ ਨੂੰ ਮੰਨਿਆ ਜਾ ਸਕਦਾ ਹੈ। ਅੰਮ੍ਰਿਤਸਰ ਵਿੱਚ ਮਾਰੇ ਗਏ ਹਿੰਦੂ ਨੇਤਾ ਵਿਪਿਨ ਸ਼ਰਮਾ ਦੇ ਮਾਮਲੇ ਵਿੱਚ ਗੈਂਗਾਂ ਦੀ ਲੜਾਈ ਦੀ ਚਰਚਾ ਪਹਿਲਾਂ ਤੋਂ ਚੱਲ ਰਹੀ ਸੀ। ਓਥੇ ਦੋ ਵੱਡੇ ਗੈਂਗਾਂ ਦੇ ਮੁਖੀਆਂ ਦੇ ਬਾਪ ਮਾਰੇ ਗਏ ਸਨ। ਪਹਿਲਾਂ ਇੱਕ ਜਣੇ ਦਾ ਬਾਪ ਮਾਰਿਆ ਗਿਆ ਤੇ ਫਿਰ ਮ੍ਰਿਤਕ ਦੇ ਪੁੱਤਰ ਨੇ ਕਾਤਲ ਦੇ ਬਾਪ ਨੂੰ ਮਾਰ ਦਿੱਤਾ ਸੀ। ਲੜਾਈ ਗੈਂਗਾਂ ਦੇ ਲੀਡਰਾਂ ਦੀ ਸੀ, ਮਰੇ ਦੋਵਾਂ ਦੇ ਬਾਪ ਸਨ। ਓਦੋਂ ਇਹ ਕਿਹਾ ਗਿਆ ਸੀ ਕਿ ਮ੍ਰਿਤਕ ਹਿੰਦੂ ਆਗੂ ਵਿਪਿਨ ਸ਼ਰਮਾ ਉਨ੍ਹਾਂ ਵਿੱਚੋਂ ਇੱਕ ਵੱਡੇ ਗੈਂਗਸਟਰ ਦੇ ਜ਼ਿਆਦਾ ਨੇੜੇ ਸੀ ਤੇ ਜਦੋਂ ਵਿਪਿਨ ਸ਼ਰਮਾ ਦਾ ਅੰਤਮ ਸੰਸਕਾਰ ਹੋਇਆ ਤਾਂ ਉਸ ਗੈਂਗਸਟਰ ਦੇ ਆਪਣੇ ਤੇ ਉਸ ਦੇ ਜੋੜੀਦਾਰਾਂ ਦੇ ਪਰਵਾਰਾਂ ਦੇ ਲੋਕ ਵੀ ਸ਼ਮਸ਼ਾਨ ਘਾਟ ਪਹੁੰਚੇ ਹੋਏ ਸਨ। ਆਖਰ ਤਫਤੀਸ਼ ਦੀ ਤੰਦ ਵੀ ਪੁਲਸ ਨੂੰ ਉਨ੍ਹਾਂ ਗੈਂਗਾਂ ਦੀ ਪੁੱਛਗਿੱਛ ਤੋਂ ਹੀ ਲੱਭੀ ਸੁਣੀਂਦੀ ਹੈ।
ਦੂਸਰਾ ਪਾਸਾ ਇਹ ਹੈ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦੇ ਆ ਰਹੇ ਸਨ ਕਿ ਪੰਜਾਬ ਦੇ ਅਮਨ ਨੂੰ ਅੱਗ ਲਾਉਣ ਲਈ ਕੁਝ ਤਾਕਤਾਂ ਵਿਦੇਸ਼ ਤੋਂ ਸਰਗਰਮ ਹਨ। ਇਨ੍ਹਾਂ ਕਤਲਾਂ ਦੇ ਪਿੱਛੇ ਏਦਾਂ ਦੀ ਕਿਸੇ ਧਿਰ ਦੀ ਚਰਚਾ ਦਿੱਲੀ ਤੱਕ ਵੀ ਚੱਲ ਰਹੀ ਸੀ। ਹੁਣ ਜਦੋਂ ਪਿਛਲੇ ਦਿਨੀਂ ਹੋਏ ਕਤਲਾਂ ਦੇ ਦੋਸ਼ੀ ਫੜੇ ਗਏ ਹਨ ਤਾਂ ਇਹ ਸਿਰਫ ਗੈਂਗਾਂ ਦੇ ਲੀਡਰਾਂ ਦਾ ਕੰਮ ਨਹੀਂ ਨਿਕਲਿਆ, ਇਸ ਵਿੱਚ ਯੂਰਪੀ ਦੇਸ਼ਾਂ ਵਿੱਚੋਂ ਚਾਬੀਆਂ ਘੁੰਮਾਉਣ ਤੇ ਕਾਰੇ ਕਰਵਾਉਣ ਦੀ ਗੱਲ ਵੀ ਨਿਕਲੀ ਹੈ। ਕੁਝ ਬੰਦੇ ਇਹੋ ਜਿਹੇ ਫੜੇ ਗਏ ਹਨ, ਜਿਹੜੇ ਇੱਕ ਖਾਸ ਸੋਚ ਨਾਲ ਜੁੜੇ ਹੋਏ ਸਨ। ਵਿਦੇਸ਼ ਤੋਂ ਆਇਆ ਇੱਕ ਇਹੋ ਜਿਹਾ ਮੁੰਡਾ, ਜਿਸ ਦਾ ਜਨਮ ਵੀ ਵਿਦੇਸ਼ ਵਿੱਚ ਹੋਇਆ ਸੀ, ਜਿਸ ਤਰ੍ਹਾਂ ਏਥੇ ਹੋਏ ਕਤਲਾਂ ਨਾਲ ਸੰਬੰਧਤ ਨਿਕਲਿਆ ਹੈ, ਉਸ ਤੋਂ ਮੁੱਖ ਮੰਤਰੀ ਦਾ ਇਹ ਕਥਨ ਸਹੀ ਸਾਬਤ ਹੁੰਦਾ ਹੈ ਕਿ ਵਿਦੇਸ਼ 'ਚ ਪੈਦਾ ਹੋਈ ਨਵੀਂ ਪੀੜ੍ਹੀ ਦੇ ਮਨਾਂ ਵਿੱਚ ਵੀ ਪੰਜਾਬ ਅਤੇ ਭਾਰਤ ਲਈ ਬੇਗਾਨਗੀ ਅਤੇ ਦੁਸ਼ਮਣੀ ਦੀ ਭਾਵਨਾ ਭਰੀ ਜਾ ਰਹੀ ਹੈ।
ਮਾਮਲਾ ਇਹ ਕਾਫੀ ਨਾਜ਼ਕ ਹੈ, ਇਸ ਲਈ ਅਸੀਂ ਇਸ ਬਾਰੇ ਬਹੁਤਾ ਕੁਝ ਕਹਿਣ ਦੀ ਥਾਂ ਪੁਲਸ ਪੜਤਾਲ ਵਿੱਚੋਂ ਨਿਕਲੇ ਸਿੱਟਿਆਂ ਨੂੰ ਉਡੀਕਣਾ ਵੱਧ ਠੀਕ ਸਮਝਦੇ ਹਾਂ। ਇਹ ਗੱਲ ਨੋਟ ਕੀਤੀ ਗਈ ਹੈ ਕਿ ਅੱਜ ਕੱਲ੍ਹ ਜਦੋਂ ਏਦਾਂ ਦੀ ਹਰ ਕਿਸੇ ਪ੍ਰਾਪਤੀ ਬਾਰੇ ਕਿੰਤੂ ਕੀਤੇ ਜਾਂਦੇ ਹਨ, ਓਦੋਂ ਮੁੱਖ ਮੰਤਰੀ ਦੇ ਇਸ ਦਾਅਵੇ ਉੱਤੇ ਕਿਸੇ ਕਿਸਮ ਦਾ ਕਿੰਤੂ ਨਹੀਂ ਕੀਤਾ ਗਿਆ। ਮਾਰੇ ਗਏ ਹਿੰਦੂ ਆਗੂ ਜਾਂ ਭਾਜਪਾ ਤੇ ਆਰ ਐੱਸ ਐੱਸ ਨਾਲ ਜੁੜੇ ਹੋਏ ਸਨ ਜਾਂ ਉਨ੍ਹਾਂ ਨਾਲ ਨੇੜ ਵਾਲੇ ਸਨ। ਇਸ ਲਈ ਭਾਜਪਾ ਦੇ ਆਗੂ ਸਭ ਤੋਂ ਵੱਧ ਜ਼ੋਰ ਦੇਂਦੇ ਸਨ ਕਿ ਕਾਤਲ ਛੇਤੀ ਫੜਨੇ ਚਾਹੀਦੇ ਹਨ ਤੇ ਜਦੋਂ ਪ੍ਰੈੱਸ ਕਾਨਫਰੰਸ ਵਿੱਚ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੁਲਸ ਨੂੰ ਕਾਤਲ ਫੜਨ ਦੀ ਸਫਲਤਾ ਮਿਲ ਗਈ ਹੈ ਤਾਂ ਪੰਜਾਬ ਭਾਜਪਾ ਦੇ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਇਸ ਦਾ ਸਵਾਗਤ ਕੀਤਾ ਹੈ। ਉਹ ਇੱਕ ਤਰ੍ਹਾਂ ਇਨ੍ਹਾਂ ਕਤਲਾਂ ਤੋਂ ਪੀੜਤ ਪਰਵਾਰਾਂ ਦੇ ਨੇੜੇ ਦੀ ਧਿਰ ਹੋਣ ਕਾਰਨ ਮੁਦੱਈ ਧਿਰ ਬਣ ਜਾਂਦੇ ਹਨ ਤੇ ਜਦੋਂ ਉਨ੍ਹਾ ਨੇ ਕਾਤਲ ਫੜੇ ਜਾਣ ਦੇ ਦਾਅਵੇ ਦੀ ਤਾਈਦ ਵੀ ਕਰ ਦਿੱਤੀ ਤੇ ਇਸ ਦਾ ਸਵਾਗਤ ਵੀ ਕਰ ਦਿੱਤਾ ਹੈ ਤਾਂ ਇਸ ਦਾਅਵੇ ਬਾਰੇ ਕੋਈ ਸ਼ੱਕ ਨਹੀਂ ਰਹਿ ਜਾਂਦਾ। ਇਹ ਕੇਸ ਹੱਲ ਹੋਣ ਨਾਲ ਪੰਜਾਬ ਦੇ ਲੋਕਾਂ ਦਾ ਸਰਕਾਰ ਵਿੱਚ ਕੁਝ ਭਰੋਸਾ ਵਧ ਸਕਦਾ ਹੈ।
ਫਿਰ ਵੀ ਇਹ ਗੱਲ ਕਿਸੇ ਤਰ੍ਹਾਂ ਅੱਖੋਂ ਓਹਲੇ ਨਹੀਂ ਕਰਨੀ ਚਾਹੀਦੀ ਕਿ ਪੰਜਾਬ ਦੇ ਅਮਨ ਨੂੰ ਅੱਗ ਲਾਉਣ ਲਈ ਗਵਾਂਢੀ ਦੇਸ਼ ਦੀ ਖੁਫੀਆ ਏਜੰਸੀ ਅਤੇ ਉਸ ਦੇ ਹੱਥੀਂ ਚੜ੍ਹੇ ਹੋਏ ਲੋਕ ਸਰਗਰਮ ਹਨ ਤਾਂ ਉਹ ਕਿਸੇ ਵੀ ਵਕਤ ਕਿਤੇ ਵੀ ਕੋਈ ਕਾਰਾ ਕਰਨ ਦਾ ਯਤਨ ਕਰ ਸਕਦੇ ਹਨ। ਪਿਛਲਾ ਤਜਰਬਾ ਇਹ ਹੈ ਕਿ ਜਦੋਂ ਕੋਈ ਕੇਸ ਹੱਲ ਕਰਨ ਦੀ ਕਾਮਯਾਬੀ ਮਿਲ ਜਾਵੇ ਤਾਂ ਆਮ ਕਰ ਕੇ ਪੁਲਸ ਅਤੇ ਪ੍ਰਸ਼ਾਸਨ ਦੇ ਲੋਕ ਇਹ ਸਮਝ ਕੇ ਅਵੇਸਲੇ ਹੋ ਜਾਂਦੇ ਹਨ ਕਿ ਹੁਣ ਖਤਰੇ ਵਾਲੀ ਕੋਈ ਗੱਲ ਨਹੀਂ ਰਹੀ। ਜਦੋਂ ਇਹ ਮਾਨਸਿਕਤਾ ਭਾਰੂ ਹੁੰਦੀ ਹੈ, ਓਦੋਂ ਕੋਈ ਨਾ ਕੋਈ ਵਾਰਦਾਤ ਹੋ ਜਾਂਦੀ ਹੈ। ਪੰਜਾਬ ਵਿੱਚ ਅਮਨ ਸੌਖਾ ਕਾਇਮ ਨਹੀਂ ਸੀ ਹੋ ਗਿਆ। ਇਸ ਦੇ ਲਈ ਪੰਝੀ ਹਜ਼ਾਰ ਪੰਜਾਬੀਆਂ ਨੇ ਜਾਨਾਂ ਦਿੱਤੀਆਂ ਸਨ। ਜਿਹੜਾ ਮਾੜਾ ਦੌਰ ਪੰਜਾਬ ਦੇ ਲੋਕ ਵੇਖ ਚੁੱਕੇ ਹਨ ਅਤੇ ਮੁੜ ਕੇ ਨਹੀਂ ਵੇਖਣਾ ਚਾਹੁੰਦੇ, ਉਸ ਤੋਂ ਬਚਣ ਦਾ ਇੱਕੋ ਠੀਕ ਰਾਹ ਇਹ ਹੈ ਕਿ ਕੇਸ ਹੱਲ ਕਰਨ ਦੀ ਕਾਮਯਾਬੀ ਤੋਂ ਬਾਅਦ ਹੋਰ ਵੀ ਸੁਚੇਤ ਰਿਹਾ ਜਾਵੇ, ਵਰਨਾ ਕਦੇ ਵੀ ਕੁਝ ਵਾਪਰ ਸਕਦਾ ਹੈ।