ਧੁੰਦ ਕਾਰਨ ਹਾਦਸੇ 'ਚ 9 ਘਰਾਂ ਦੇ ਚਿਰਾਗ ਬੁਝੇ


ਬਠਿੰਡਾ, (ਬਖਤੌਰ ਢਿੱਲੋਂ)
ਧੁੰਦ ਅਤੇ ਧੂੰਏਂ ਕਾਰਨ ਅੱਜ ਸਵੇਰੇ ਬਠਿੰਡਾ-ਚੰਡੀਗੜ੍ਹ ਸੜਕ 'ਤੇ ਭੁੱਚੋ ਦੇ ਨਜ਼ਦੀਕ ਹੋਏ ਇੱਕ ਭਿਆਨਕ ਹਾਦਸੇ ਵਿੱਚ 10 ਵਿਅਕਤੀਆਂ ਦੀ ਮੌਤ ਹੋ ਗਈ, ਜਿਹਨਾਂ 'ਚੋਂ 9 ਵਿਦਿਆਰਥੀ ਹਨ, ਜਦ ਕਿ ਇੱਕ ਅਧਿਆਪਕਾ। ਪੰਜਾਬ ਸਰਕਾਰ ਨੇ ਮ੍ਰਿਤਕਾਂ ਲਈ ਇੱਕ-ਇੱਕ ਲੱਖ ਰੁਪਏ ਅਤੇ ਜ਼ਖਮੀਆਂ ਵਾਸਤੇ ਪੰਜਾਹ-ਪੰਜਾਹ ਰੁਪਏ ਸਹਾਇਤਾ ਦਾ ਐਲਾਨ ਕੀਤਾ ਹੈ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਭੁੱਚੋ ਮੰਡੀ ਕੋਲ ਸੜਕ ਉਪਰ ਬਣੇ ਇੱਕ ਪੁਲ ਉੱਪਰ ਬਰਨਾਲਾ ਵੱਲ ਨੂੰ ਜਾ ਰਹੀ ਪੀ ਆਰ ਟੀ ਸੀ ਦੀ ਇੱਕ ਬੱਸ ਦੇ ਪਿਛਲੇ ਪਾਸੇ ਬਠਿੰਡਾ ਤੋਂ ਆ ਰਹੀ ਲਿਬੜਾ ਟਰਾਂਸਪੋਰਟ ਦੀ ਬੱਸ ਜਾ ਵੱਜੀ, ਜਿਸ ਨਾਲ ਟਰੈਫਿਕ ਵਿੱਚ ਵਿਘਨ ਪੈ ਗਿਆ। ਇਸੇ ਦੌਰਾਨ ਬਰਨਾਲਾ ਵਾਲੇ ਪਾਸੇ ਤੋਂ ਪੇਂਡੂ ਸਰਵਿਸ ਨਾਲ ਸੰਬੰਧਤ ਪੀ ਆਰ ਟੀ ਸੀ ਦੀ ਇੱਕ ਬੱਸ ਆ ਗਈ, ਹਾਦਸੇ ਨੂੰ ਦੇਖਦਿਆਂ ਡਰਾਈਵਰ ਨੇ ਉਸਨੂੰ ਰੋਕ ਲਿਆ। ਪਿੱਛੋਂ ਆਈ ਇੱਕ ਸੂਮੋ ਗੱਡੀ ਉਕਤ ਬੱਸ ਨਾਲ ਟਕਰਾ ਗਈ, ਕਿਉਂਕਿ ਉਕਤ ਬੱਸ ਦਾ ਇੰਜਨ ਪਿਛਲੇ ਪਾਸੇ ਹੋਣ ਕਾਰਨ ਉਸ ਵਿੱਚ ਗੰਭੀਰ ਨੁਕਸ ਪੈ ਗਿਆ, ਇਸ ਲਈ ਡਰਾਈਵਰ ਨੇ ਇਹ ਕਹਿੰਦਿਆਂ ਸਵਾਰੀਆਂ ਨੂੰ ਹੋਰ ਸਾਧਨਾ ਰਾਹੀਂ ਜਾਣ ਦਾ ਮਸ਼ਵਰਾ ਦੇ ਦਿੱਤਾ ਕਿ ਉਕਤ ਬੱਸ ਦਾ ਜਾਣਾ ਅਸੰਭਵ ਹੈ।
ਲੱਗਭੱਗ ਸਾਰੀਆਂ ਸਵਾਰੀਆਂ ਹੋਰ ਸਾਧਨ ਲੈਣ ਲਈ ਪੁਲ ਦੇ ਖੱਬੇ ਪਾਸੇ ਖਲੋ ਗਈਆਂ, ਰਾਮਪੁਰਾ ਵਾਲੇ ਪਾਸਿਓਂ ਬਹੁਤ ਹੀ ਤੇਜ਼ੀ ਨਾਲ ਆ ਰਹੇ ਇੱਕ ਸੀਮਿੰਟ ਕੰਪਨੀ ਦੇ ਛੋਟੇ ਟਰੱਕ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਸਾਰੇ ਪਾਸੇ ਚੀਕਾਂ, ਰੌਲੀ ਤੇ ਕੁਰਲਾਹਟ ਪੈ ਗਿਆ। ਮੌਕੇ ਦਾ ਫਾਇਦਾ ਉਠਾਉਂਦਿਆਂ ਉਸ ਗੱਡੀ ਦਾ ਡਰਾਈਵਰ ਫਰਾਰ ਹੋਣ ਵਿੱਚ ਸਫ਼ਲ ਹੋ ਗਿਆ। ਧੁੰਦ ਅਤੇ ਧੂੰਏਂ ਦੇ ਮਿਸਰਣ ਨੇ ਇਸ ਕਦਰ ਅੰਧੇਰਾ ਕੀਤਾ ਹੋਇਆ ਸੀ ਕਿ ਇੱਕ ਤੋਂ ਬਾਅਦ ਇੱਕ ਕਈ ਵਾਹਨ ਹਾਦਸੇ ਵਾਲੀਆਂ ਗੱਡੀਆਂ ਨਾਲ ਆ ਟਕਰਾਈਆਂ, ਨਤੀਜੇ ਵਜੋਂ ਪੁਲ ਨੇ ਲਾਸ਼ਾਂ, ਜ਼ਖਮੀਆਂ ਅਤੇ ਨੁਕਸਾਨੀਆਂ ਗੱਡੀਆਂ ਦਾ ਰੂਪ ਧਾਰਨ ਕਰ ਲਿਆ। ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਵਾਲੰਟੀਅਰਾਂ ਨੇ ਜ਼ਖਮੀਆਂ ਨੂੰ ਆਦੇਸ਼ ਮੈਡੀਕਲ ਕਾਲਜ ਦੇ ਹਸਪਤਾਲ ਪਹੁੰਚਾਇਆ, ਜਦ ਕਿ ਮ੍ਰਿਤਕਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾ ਦਿੱਤਾ।
ਮ੍ਰਿਤਕਾਂ ਵਿੱਚ ਦਿਆਲਪੁਰਾ ਭਾਈ ਕਾ ਦਾ 23 ਸਾਲਾ ਰਫ਼ੀ ਮੁਹੰਮਦ, ਰਾਮਪੁਰਾ ਦੀ 17 ਸਾਲਾ ਸਿਖ਼ਾ, 20 ਸਾਲ ਖੁਸਵੀਰ ਕੌਰ ਰਜਿੰਦਰਾ ਕਾਲਜ ਬਠਿੰਡਾ ਦੇ ਵਿਦਿਆਰਥੀ ਸਨ। ਰਾਮਪੁਰਾ ਦਾ ਹੀ 18 ਸਾਲਾ ਵਿਨੋਦ ਕੁਮਾਰ, 18 ਸਾਲਾ ਜਸਪ੍ਰੀਤ ਕੌਰ ਤੇ 19 ਸਾਲਾ ਨੈਨਸੀ ਡੀ ਏ ਵੀ ਕਾਲਜ ਬਠਿੰਡਾ ਵਿਖੇ ਪੜ੍ਹਦੇ ਸਨ। ਲਹਿਰਾ ਖਾਨਾ ਦੀ 23 ਸਾਲ ਮਨਪ੍ਰੀਤ ਕੌਰ ਅਤੇ ਭੁੱਚੋ ਮੰਡੀ ਦਾ ਈਸਵਰ ਕੁਮਾਰ ਬਠਿੰਡਾ ਵਿਖੇ ਕੋਚਿੰਗ ਲੈਂਦੇ ਸਨ। 25 ਸਾਲਾ ਲਵਪ੍ਰੀਤ ਕੌਰ ਫੂਡ ਸਪਲਾਈ ਵਿਭਾਗ ਦੀ ਮੁਲਾਜ਼ਮ ਸੀ, ਜਦ ਕਿ 30 ਸਾਲਾ ਮਨਦੀਪ ਕੌਰ ਜੋ ਲਿਬੜਾ ਬੱਸ ਵਿੱਚ ਸਵਾਰ ਸੀ, ਦੀ ਵੀ ਸੱਟ ਲੱਗਣ ਨਾਲ ਮੌਤ ਹੋ ਗਈ, ਉਹ ਪਿੱਥੋ ਪਿੰਡ ਦੇ ਸਕੂਲ ਦੀ ਅਧਿਆਪਕਾ ਸੀ, ਜਦ ਕਿ ਫੱਟੜਾਂ ਵਿੱਚ ਅਮਨਪ੍ਰੀਤ ਕੌਰ 25 ਵਾਸੀ ਪਿੱਥੋ, ਰਮਨਦੀਪ ਕੌਰ 28 ਵਾਸੀ ਜੇਠੂਕੇ, ਜਗਵਿੰਦਰ ਕੌਰ 34 ਵਾਸੀ ਢਪਾਲੀ, ਅੰਮ੍ਰਿਤਪਾਲ ਕੌਰ 30 ਵਾਸੀ ਬਠਿੰਡਾ, ਗੁਰਪ੍ਰੀਤ ਸਿੰਘ 29 ਲਿਬੜਾ ਬੱਸ ਦਾ ਡਰਾਇਵਰ ਅਤੇ ਵਾਸੀ ਭੁੱਚੋ ਕਲਾਂ, ਹਰਪ੍ਰੀਤ ਕੌਰ 19 ਵਾਸੀ ਭੁੱਚੋ ਕਲਾਂ, ਪ੍ਰਿਯਾ ਗਰਗ 19 ਵਾਸੀ ਰਾਮਪੁਰਾ ਫੂਲ, ਤਾਨੀਆ ਬਾਂਸਲ 18 ਵਾਸੀ ਰਾਮਪੁਰਾ ਫੂਲ, ਸਤਿਆ ਰਾਣੀ 74 ਵਾਸੀ ਬਠਿੰਡਾ, ਮਨਥਨ 21 ਵਾਸੀ ਰਾਮਪੁਰਾ ਫੂਲ ਅਤੇ ਹਰਪ੍ਰੀਤ ਸਿੰਘ ਸ਼ਾਮਲ ਹਨ, ਜਿਹਨਾਂ ਨੂੰ ਆਦੇਸ਼ ਹਸਪਤਾਲ ਬਠਿੰਡਾ ਵਿੱਚ ਦਾਖਲ ਕਰਵਾਇਆ ਗਿਆ ਹੈ। ਸਾਰੇ ਹੀ ਜ਼ਖ਼ਮੀ ਖਤਰੇ ਤੋਂ ਬਾਹਰ ਹਨ। ਖ਼ਬਰ ਮਿਲਦਿਆਂ ਹੀ ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਪ੍ਰੈੱਸ ਕਾਨਫਰੰਸ ਵਿਚਾਲੇ ਛੱਡ ਕੇ ਤੁਰੰਤ ਸਿਵਲ ਹਸਪਤਾਲ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲਿਆ। ਇਸੇ ਦੌਰਾਨ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਦੀਪਰਵਾ ਲਾਕਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸੜਕ ਹਾਦਸੇ ਦੇ ਮ੍ਰਿਤਕਾਂ ਦੇ ਪਰਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਅਤੇ ਜ਼ਖਮੀਆਂ ਨੂੰ ਪੰਜਾਹ-ਪੰਜਾਹ ਹਜ਼ਾਰ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਸ੍ਰੀ ਲਾਕਰਾ ਨੇ ਅਪੀਲ ਕੀਤੀ ਕਿ ਇਸ ਮੌਸਮ 'ਚ ਗੱਡੀਆਂ ਘੱਟ ਰਫ਼ਤਾਰ 'ਤੇ ਚਲਾਉਣ ਅਤੇ ਗੱਡੀਆਂ 'ਤੇ ਰਿਫਲੈਕਟਰ ਲਗਾ ਕੇ ਰੱਖਣ। ਉਹਨਾਂ ਇਹ ਵੀ ਕਿਹਾ ਕਿ ਕੋਈ ਵੀ ਬੱਸ ਜਾਂ ਟਰੱਕ ਕਿਸੇ ਵੀ ਪੁਲ ਉਪਰ ਸਵਾਰੀਆਂ ਲੈਣ ਲਈ ਜਾਂ ਉਤਾਰਨ ਲਈ ਨਾ ਖੜੇ ਕਰਨ।
ਦੂਜੇ ਪਾਸੇ ਧੁੰਦ ਅਤੇ ਧੂੰਏਂ ਦੇ ਅਸਰ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਅਗਲੇ ਹੁਕਮਾਂ ਤੱਕ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਵਧੀਕ ਜ਼ਿਲ੍ਹਾ ਮੈਜਿਸਟਰੇਟ ਸੇਨਾ ਅਗਰਵਾਲ ਨੇ ਹੋਰ ਸਕੂਲਾਂ-ਕਾਲਜਾਂ, ਸਨਅੱਤੀ ਸਿਖਲਾਈ ਸੰਸਥਾਵਾਂ ਸਮੇਤ ਸਾਰੀਆਂ ਹੀ ਵਿੱਦਿਅਕ ਸੰਸਥਾਵਾਂ ਦੇ ਖੁੱਲ੍ਹਣ ਦਾ ਸਮਾਂ ਦਸ ਵਜੇ ਤੋਂ ਕਰਨ ਦਾ ਹੁਕਮ ਵੀ ਜਾਰੀ ਕੀਤਾ ਹੈ।