ਹਵਾ ਪ੍ਰਦੂਸ਼ਣ ਦਾ ਕਹਿਰ

ਅਸੀਂ ਹੁਣੇ-ਹੁਣੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ, ਦਾ ਗੁਰਪੁਰਬ ਮਨਾ ਕੇ ਹਟੇ ਹਾਂ। ਉਨ੍ਹਾ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦੇ ਕੇ ਨਿਵਾਜਿਆ ਸੀ। ਕੀ ਅਸੀਂ ਉਨ੍ਹਾ ਵੱਲੋਂ ਦਿੱਤੇ ਇਸ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਸਕੇ ਹਾਂ? ਇਸ ਦਾ ਜੁਆਬ ਸਾਨੂੰ ਨਾਂਹ ਵਿੱਚ ਹੀ ਮਿਲੇਗਾ, ਕਿਉਂਕਿ ਅੱਜ ਕੁਦਰਤੀ ਸੋਮਿਆਂ ਵਿੱਚ ਜ਼ਹਿਰ ਪੂਰੀ ਤਰ੍ਹਾਂ ਘੁਲ ਚੁੱਕਾ ਹੈ। ਸਿੱਟੇ ਵਜੋਂ ਪਾਣੀ ਪੀਣ ਦੇ ਯੋਗ ਨਹੀਂ ਰਿਹਾ, ਹਵਾ ਵਿੱਚ ਸਾਹ ਲੈਣਾ ਔਖਾ ਹੋ ਰਿਹਾ ਹੈ ਤੇ ਧਰਤੀ ਦੇ ਪ੍ਰਦੂਸ਼ਣ ਕਾਰਨ ਉਸ ਦੀ ਉਪਜਾਊ ਸ਼ਕਤੀ ਘਟ ਰਹੀ ਹੈ।
ਅੱਜ ਸਿਰਫ਼ ਹਵਾ ਦੇ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ। ਖ਼ੁਦ ਸਾਡੇ ਆਪਣੇ ਰਾਜ ਪੰਜਾਬ ਵਿੱਚ ਇਸ ਕਾਰਨ ਵਾਤਾਵਰਣ ਵਿੱਚ ਫੈਲੀ ਧੁਆਂਖੀ ਧੁੰਦ ਕਰ ਕੇ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਥਾਂਈਂ ਵਾਪਰਨ ਵਾਲੇ ਸੜਕੀ ਹਾਦਸਿਆਂ ਵਿੱਚ ਕੀਮਤੀ ਜਾਨਾਂ ਜਾਣ ਦਾ ਦੁਖਾਂਤ ਜਾਰੀ ਹੈ। ਬੀਤੇ ਦਿਨ ਬਠਿੰਡੇ ਵਿੱਚ ਵਾਪਰੇ ਦਰਦਨਾਕ ਹਾਦਸੇ ਨੇ ਤਾਂ ਅੰਤਾਂ ਦਾ ਕਹਿਰ ਹੀ ਵਰਤਾ ਦਿੱਤਾ ਹੈ। ਬਠਿੰਡਾ-ਬਰਨਾਲਾ ਕੌਮੀ ਸ਼ਾਹ-ਰਾਹ ਉੱਤੇ ਪੈਂਦੇ ਪਿੰਡ ਭੁੱਚੋ ਖੁਰਦ ਦੇ ਨੇੜੇ ਓਵਰ ਬ੍ਰਿਜ ਉੱਪਰ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦਰਜਨ ਤੋਂ ਵੱਧ ਗੱਡੀਆਂ ਆਪਸ ਵਿੱਚ ਭਿੜ ਗਈਆਂ। ਇਹਨਾਂ ਗੱਡੀਆਂ ਵਿੱਚੋਂ ਉੱਤਰ ਕੇ ਆਪਣੀ ਮੰਜ਼ਿਲ 'ਤੇ ਅੱਪੜਨ ਲਈ ਸੜਕ ਕਿਨਾਰੇ ਕਿਸੇ ਹੋਰ ਬੱਸ ਦੀ ਉਡੀਕ ਕਰ ਰਹੀਆਂ ਦਸ ਸਵਾਰੀਆਂ ਨੂੰ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਕੰਕਰੀਟ ਮਿਕਸਰ ਟਿਪਰ ਨੇ ਏਨੀ ਬੁਰੀ ਤਰ੍ਹਾਂ ਕੁਚਲ ਦਿੱਤਾ ਕਿ ਉਹਨਾਂ ਦੀ ਪਛਾਣ ਕੇਵਲ ਉਹਨਾਂ ਦੇ ਕੱਪੜਿਆਂ ਤੋਂ ਹੀ ਹੋ ਸਕੀ। ਇਹਨਾਂ ਮ੍ਰਿਤਕਾਂ ਵਿੱਚ ਛੇ ਵਿਦਿਆਰਥਣਾਂ, ਤਿੰਨ ਵਿਦਿਆਰਥੀ ਤੇ ਇੱਕ ਅਧਿਆਪਕਾ ਸ਼ਾਮਲ ਹੈ।
ਰਾਜਧਾਨੀ ਦਿੱਲੀ ਵਿੱਚ ਵੀ ਇਸ ਜ਼ਹਿਰੀਲੀ ਧੁੰਦ ਕਾਰਨ ਕਈ ਥਾਂਈਂ ਸੜਕ ਹਾਦਸੇ ਵਾਪਰ ਗਏ। ਦਿੱਲੀ ਤੋਂ ਆਗਰੇ ਜਾਣ ਵਾਲੀ ਜਮਨਾ ਐਕਸਪ੍ਰੈੱਸ ਹਾਈਵੇ ਉੱਤੇ ਚਾਲੀ ਗੱਡੀਆਂ ਆਪਸ ਵਿੱਚ ਟਕਰਾ ਗਈਆਂ, ਜਿਸ ਕਾਰਨ ਕਈ ਵਿਅਕਤੀ ਜ਼ਖਮੀ ਹੋ ਗਏ। ਇਸੇ ਧੁੰਦ ਦੀ ਵਜ੍ਹਾ ਕਰ ਕੇ ਰੇਲ ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਇਹੋ ਨਹੀਂ, ਕਈ ਹਵਾਈ ਉਡਾਣਾਂ ਰੱਦ ਕਰਨੀਆਂ ਪਈਆਂ ਹਨ।
ਸਾਡੇ ਸਮੇਤ ਨਾਲ ਲੱਗਦੇ ਰਾਜਾਂ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਚੌਤੀ ਕਰੋੜ ਦੇ ਕਰੀਬ ਲੋਕ ਪਿਛਲੇ ਕਈ ਦਿਨਾਂ ਤੋਂ ਜ਼ਹਿਰੀਲੀ ਹਵਾ ਵਿੱਚ ਸਾਹ ਲੈਣ ਲਈ ਮਜਬੂਰ ਹਨ। ਹਾਲਾਤ ਏਨੇ ਖ਼ਰਾਬ ਹੋ ਗਏ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੂੰ ਐੱਨ ਸੀ ਆਰ (ਕੌਮੀ ਰਾਜਧਾਨੀ ਦੇ ਨਾਲ ਲੱਗਦੇ ਇਲਾਕੇ) ਵਿੱਚ ਪਬਲਿਕ ਹੈੱਲਥ ਐਮਰਜੈਂਸੀ ਦਾ ਐਲਾਨ ਕਰਨ ਲਈ ਕਹਿਣਾ ਪਿਆ। ਏਮਜ਼ ਦੇ ਡਾਇਰੈਕਟਰ ਪਦਮਸ੍ਰੀ ਡਾਕਟਰ ਰਣਦੀਪ ਗੁਲੇਰੀਆ, ਜਿਹੜੇ ਛਾਤੀ ਤੇ ਸਾਹ ਦੇ ਰੋਗਾਂ ਬਾਰੇ ਕੌਮਾਂਤਰੀ ਪੱਧਰ ਦੇ ਮਾਹਰ ਹਨ, ਨੇ ਇਹ ਖ਼ਦਸ਼ਾ ਜਤਾਇਆ ਹੈ ਕਿ ਜੇ ਇਹ ਜ਼ਹਿਰੀਲੀ ਧੁੰਦ ਇਸੇ ਤਰ੍ਹਾਂ ਬਣੀ ਰਹਿੰਦੀ ਹੈ ਤਾਂ ਪੰਝੀ ਤੋਂ ਤੀਹ ਹਜ਼ਾਰ ਤੱਕ ਲੋਕਾਂ ਦੀਆਂ ਜਾਨਾਂ ਜਾ ਸਕਦੀਆਂ ਹਨ। ਉਹਨਾ ਕਿਹਾ ਕਿ ਇਸ ਜ਼ਹਿਰੀਲੀ ਧੁੰਦ ਤੋਂ ਬਚਾਅ ਲਈ ਲੋਕਾਂ ਨੂੰ ਸਵੇਰੇ ਤੇ ਸ਼ਾਮ ਨੂੰ ਘਰੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਉੱਤਰੀ ਭਾਰਤ ਦੇ ਗਿਆਰਾਂ ਵੱਡੇ ਸ਼ਹਿਰਾਂ ਦਿੱਲੀ, ਫ਼ਰੀਦਾਬਾਦ, ਗਾਜ਼ੀਆਬਾਦ, ਗੁੜਗਾਉਂ, ਜੋਧਪੁਰ, ਕਾਨਪੁਰ, ਲਖਨਊ, ਲੁਧਿਆਣਾ, ਮੁਰਾਦਾਬਾਦ, ਨੋਇਡਾ ਤੇ ਰੋਹਤਕ ਵਿੱਚ ਬੀਤੇ ਦਿਨ ਏਅਰ ਕੁਆਲਟੀ ਇੰਡੈਕਸ ਤਿੰਨ ਸੌ ਤੋਂ ਲੈ ਕੇ ਪੰਜ ਸੌ ਤੱਕ ਰਿਕਾਰਡ ਕੀਤਾ ਗਿਆ, ਜੋ ਆਮ ਤੌਰ ਉੱਤੇ ਸੌ ਤੋਂ ਪਾਰ ਨਹੀਂ ਜਾਣਾ ਚਾਹੀਦਾ। ਪੰਜਾਬ ਸਮੇਤ ਦਿੱਲੀ ਵਿੱਚ ਹਾਲਾਤ ਏਨੇ ਖ਼ਰਾਬ ਹੋ ਗਏ ਹਨ ਕਿ ਸਰਕਾਰਾਂ ਨੂੰ ਸਕੂਲਾਂ ਨੂੰ ਬੰਦ ਰੱਖਣ ਦਾ ਆਦੇਸ਼ ਜਾਰੀ ਕਰਨਾ ਪਿਆ ਹੈ।
ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਇਸ ਹੱਦ ਤੱਕ ਵਧ ਜਾਣ ਤੋਂ ਬਾਅਦ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਦਿੱਲੀ ਸਰਕਾਰ ਦੀ ਖਿਚਾਈ ਕੀਤੀ ਹੈ। ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਸਵਤੰਤਰ ਕੁਮਾਰ ਨੇ ਸੂਬਾ ਸਰਕਾਰਾਂ ਨੂੰ ਝਾੜ ਪਾਉਂਦੇ ਹੋਏ ਕਿਹਾ ਹੈ ਕਿ ਇਹਨਾਂ ਰਾਜਾਂ ਵਿੱਚ ਹਵਾ ਏਨੀ ਦੂਸ਼ਤ ਹੋ ਚੁੱਕੀ ਹੈ ਕਿ ਬੱਚੇ ਤੇ ਬਜ਼ੁਰਗ ਸਾਹ ਤੱਕ ਨਹੀਂ ਲੈ ਪਾ ਰਹੇ।
ਇਹ ਗੱਲ ਠੀਕ ਹੈ ਕਿ ਹਵਾ ਦੇ ਵਧਦੇ ਪ੍ਰਦੂਸ਼ਣ ਲਈ ਵਾਹਨਾਂ, ਜੈਨਰੇਟਰਾਂ, ਭੱਠਿਆਂ, ਕਾਰਖਾਨਿਆਂ ਤੇ ਕਿਸਾਨਾਂ ਦੁਆਰਾ ਜਲਾਈ ਜਾਂਦੀ ਪਰਾਲੀ ਰਾਹੀਂ ਪੈਦਾ ਹੁੰਦਾ ਜ਼ਹਿਰੀਲਾ ਧੂੰਆਂ ਮੁੱਖ ਕਾਰਨ ਹੈ, ਪਰ ਸਾਡੇ ਦੇਸ ਵਿੱਚ ਹਰ ਸਾਲ ਮਨਾਏ ਜਾਂਦੇ ਤਿਉਹਾਰਾਂ ਮੌਕੇ ਚਲਾਏ ਜਾਣ ਵਾਲੇ ਪਟਾਕੇ ਵੀ ਘੱਟ ਨਹੀਂ ਗੁਜ਼ਾਰ ਰਹੇ। ਕੌਮੀ ਰਾਜਧਾਨੀ ਦਿੱਲੀ ਵਿੱਚ ਇਸ ਵਰ੍ਹੇ ਪਟਾਕਿਆਂ ਉੱਤੇ ਮੁਕੰਮਲ ਪਾਬੰਦੀ ਲੱਗੀ ਹੋਣ ਦੇ ਬਾਵਜੂਦ ਦੇਰ ਰਾਤ ਤੱਕ ਪਟਾਕੇ ਚੱਲਦੇ ਰਹੇ, ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਗਿਆ।
ਦਿੱਲੀ ਸਰਕਾਰ ਦੇ ਕਰਤੇ-ਧਰਤੇ ਪੰਜਾਬ ਤੇ ਹਰਿਆਣੇ ਦੇ ਸਿਰ ਇਹ ਦੋਸ਼ ਮੜ੍ਹਦੇ ਰਹਿੰਦੇ ਹਨ ਕਿ ਉਨ੍ਹਾਂ ਦੀਆਂ ਸਰਕਾਰਾਂ ਗਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਨਾ ਸਾੜਨ ਦੇ ਦਿੱਤੇ ਆਦੇਸ਼ ਦੇ ਬਾਵਜੂਦ ਕਿਸਾਨਾਂ ਨੂੰ ਪਰਾਲੀ ਖੇਤਾਂ ਵਿੱਚ ਸਾੜੇ ਜਾਣ ਤੋਂ ਰੋਕ ਨਹੀਂ ਸਕੀਆਂ, ਪਰ ਦਿੱਲੀ ਸਰਕਾਰ ਦੇ ਸੰਚਾਲਕਾਂ ਦਾ ਇਸ ਮਾਮਲੇ ਵਿੱਚ ਆਪਣਾ ਕਿਰਦਾਰ ਕੀ ਹੈ? ਦਿੱਲੀ ਵਿੱਚ ਇਸ ਸਮੇਂ ਤਿੰਨ ਵੱਡੇ ਕੂੜੇ ਦੇ ਡੰਪ ਹਨ, ਜੋ ਪੰਜਾਹ-ਪੰਜਾਹ ਮੀਟਰ ਉੱਚੇ ਤੇ ਕਈ-ਕਈ ਏਕੜਾਂ ਵਿੱਚ ਫੈਲੇ ਹੋਏ ਹਨ। ਉਨ੍ਹਾਂ ਵਿੱਚੋਂ ਨਿਰੰਤਰ ਨਿਕਲਦੀ ਰਹਿੰਦੀ ਜ਼ਹਿਰੀਲੀ ਮੀਥੇਨ ਗੈਸ ਨੂੰ ਅੱਗ ਲੱਗੀ ਰਹਿੰਦੀ ਹੈ, ਜਿਸ ਕਾਰਨ ਪ੍ਰਦੂਸ਼ਣ ਦਾ ਫ਼ੈਲਣਾ ਜਾਰੀ ਹੈ। ਕੂੜੇ ਦੇ ਇਹਨਾਂ ਢੇਰਾਂ ਨੂੰ ਗਰੀਨ ਟ੍ਰਿਬਿਊਨਲ ਨੇ ਬਿਲੇ ਲਾਉਣ ਦਾ ਹੁਕਮ ਦਿੱਤਾ ਸੀ, ਪਰ ਇਸ 'ਤੇ ਅਮਲ ਅੱਜ ਤੱਕ ਨਹੀਂ ਹੋਇਆ।
ਇਸ ਦੇ ਨਾਲ ਹੀ ਦਿੱਲੀ ਵਿੱਚ ਜਨਤਕ ਟਰਾਂਸਪੋਰਟ ਦੀ ਲੋੜ ਮੁਤਾਬਕ ਵਿਵਸਥਾ ਨਾ ਹੋਣ ਕਾਰਨ ਲੋਕਾਂ ਨੂੰ ਆਪਣੇ ਕੰਮਾਂ-ਕਾਰਾਂ 'ਤੇ ਜਾਣ ਲਈ ਨਿੱਜੀ ਵਾਹਨਾਂ ਦੀ ਵਰਤੋਂ ਕਰਨੀ ਪੈ ਰਹੀ ਹੈ। ਇਹਨਾਂ ਵਾਹਨਾਂ ਵਿੱਚੋਂ ਬਹੁਤੇ ਡੀਜ਼ਲ ਨਾਲ ਚੱਲਣ ਵਾਲੇ ਹਨ, ਜਿਹੜੇ ਵਾਧੂ ਪ੍ਰਦੂਸ਼ਣ ਪੈਦਾ ਕਰਨ ਦਾ ਕਾਰਨ ਬਣ ਰਹੇ ਹਨ। ਇਸ ਸਮੇਂ ਰਾਜਧਾਨੀ ਵਿੱਚ ਦੋ ਕਰੋੜ ਦੀ ਵੱਸੋਂ ਹੈ ਤੇ ਵਹੀਕਲਾਂ ਦੀ ਗਿਣਤੀ ਕਲਕੱਤੇ, ਮੁੰਬਈ, ਚੇਨੱਈ, ਬੰਗਲੌਰ ਵਿਚਲੇ ਕੁੱਲ ਵਾਹਨਾਂ ਨਾਲੋਂ ਕਿਤੇ ਵੱਧ ਹੈ ਤੇ ਹਰ ਮਹੀਨੇ ਇਹਨਾਂ ਵਿੱਚ ਭਾਰੀ ਵਾਧਾ ਹੋਈ ਜਾ ਰਿਹਾ ਹੈ।
ਅੱਜ ਜਦੋਂ ਸਨਅਤੀ ਵਿਕਾਸ ਦੇ ਮਾਮਲੇ ਵਿੱਚ ਵੱਡੀ ਆਰਥਕ ਤਾਕਤ ਬਣਨ ਵਾਲਾ ਚੀਨ ਵਾਤਾਵਰਣ ਨੂੰ ਨੁਕਸਾਨ ਪੁਚਾਉਣ ਵਾਲੀਆਂ ਸਨਅਤੀ ਇਕਾਈਆਂ ਦੇ ਮਾਲਕਾਂ ਵਿਰੁੱਧ ਕਾਰਵਾਈ ਕਰ ਰਿਹਾ ਹੈ ਤੇ ਦੁਨੀਆ ਦਾ ਸਭ ਤੋਂ ਮਹਿੰਗਾ ਦੇਸ ਕਹਾਉਂਦਾ ਸਿੰਘਾਪੁਰ ਅਗਲੇ ਸਾਲ ਫ਼ਰਵਰੀ ਮਹੀਨੇ ਤੋਂ ਗੱਡੀਆਂ ਦੀ ਗਿਣਤੀ ਘੱਟ ਕਰਨ ਦੀ ਗੱਲ ਕਹਿ ਰਿਹਾ ਹੈ ਤਾਂ ਸਾਡੇ ਦੇਸ ਦੇ ਸ਼ਾਸਕਾਂ ਦਾ ਵਿਹਾਰ ਕੀ ਹੈ? ਬੇਸ਼ੱਕ ਉਹ ਭਾਰਤ ਦੇ ਅਗਲੇ ਦਹਾਕੇ ਤੱਕ ਮਹਾਨ ਆਰਥਕ ਤਾਕਤ ਬਣਨ ਦੇ ਦਾਅਵੇ ਕਰ ਰਹੇ ਹਨ, ਪਰ ਜੇ ਪ੍ਰਦੂਸ਼ਣ ਦੀ ਵਿਕਰਾਲ ਹੁੰਦੀ ਸਮੱਸਿਆ ਨੂੰ ਨਾ ਰੋਕਿਆ ਗਿਆ ਤਾਂ ਇਸ ਦੇ ਸੋਚ ਤੋਂ ਬਾਹਰੇ ਨਤੀਜੇ ਨਿਕਲ ਸਕਦੇ ਹਨ।