ਕੇਂਦਰ ਦੇ ਦਬਾਅ ਹੇਠ ਲਿਆਂਦਾ ਜਾ ਰਿਹੈ ਪਕੋਕਾ : ਦਿਆਲ


ਜਲੰਧਰ (ਰਜੇਸ਼ ਥਾਪਾ)
ਸੀ ਪੀ ਆਈ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਨਵੇਂ ਕਾਨੂੰਨ ਪਕੋਕਾ ਦਾ ਜ਼ਬਰਦਸਤ ਵਿਰੋਧ ਕਰਦਿਆਂ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਇਸ ਨਵੇਂ ਕਾਨੂੰਨ ਪਕੋਕਾ ਨੂੰ ਕੇਂਦਰ ਸਰਕਾਰ ਦੇ ਦਬਾਅ ਹੇਠ ਲਿਆਂਦਾ ਜਾ ਰਿਹਾ ਹੈ, ਜਿਸ ਦੀ ਦੁਰਵਰਤੋਂ ਸਿਆਸੀ ਵਿਰੋਧੀ ਦੇ ਵਿਰੁੱਧ ਕੀਤੀ ਜਾਵੇਗੀ। ਸੀ ਪੀ ਆਈ ਦੀ ਕੇਂਦਰੀ ਕਮੇਟੀ ਦੇ ਮੈਂਬਰ ਡਾ: ਜੋਗਿੰਦਰ ਦਿਆਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਪਹਿਲਾਂ ਹੀ ਬਣੇ ਕਾਨੂੰਨ ਪੰਜਾਬ ਵਿੱਚ ਗੈਂਗਸਟਰਾਂ ਅਤੇ ਅਪਰਾਧੀਆਂ ਨਾਲ ਨਜਿੱਠਣ ਲਈ ਕਾਫੀ ਹਨ। ਉਨ੍ਹਾ ਕਿਹਾ ਕਿ ਪੁਲਸ ਵਿੱਚ ਵੱਡੇ ਸੁਧਾਰ ਕਰਨ ਦੀ ਲੋੜ ਹੈ ਤੇ ਇਹ ਸੁਧਾਰ ਰਾਜਨੀਤਕ ਇੱਛਾ-ਸ਼ਕਤੀ ਨਾਲ ਹੀ ਹੋ ਸਕਦੇ ਹਨ।
ਡਾਕਟਰ ਦਿਆਲ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਇਹੀ ਕਾਨੂੰਨ ਅਕਾਲੀ-ਭਾਜਪਾ ਸਰਕਾਰ ਨੇ ਲਿਆਂਦਾ ਸੀ ਤਾਂ ਕਾਂਗਰਸ ਇਸ ਦਾ ਵਿਰੋਧ ਕਰ ਰਹੀ ਸੀ, ਪਰ ਹੁਣ ਉਹੀ ਕਾਂਗਰਸ ਇਸ ਦੀ ਡਟ ਕੇ ਹਮਾਇਤ ਕਰ ਰਹੀ ਹੈ। ਉਨ੍ਹਾ ਕਿਹਾ ਕਿ ਪੰਜਾਬ ਵਿੱਚ ਰਾਜਨੀਤਕ ਆਗੂਆਂ, ਅਫਸਰਸ਼ਾਹੀ, ਪੁਲਸ ਅਤੇ ਗੈਂਗਸਟਰਾਂ ਦਾ ਆਪਸ ਵਿੱਚ ਗੱਠਜੋੜ ਹੋ ਚੁੱਕਾ ਹੈ। ਉਨ੍ਹਾ ਕਿਹਾ ਕਿ ਇਸ ਗੱਲ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਮੌਜੂਦ ਹਨ ਕਿ ਇਸ ਦੀ ਦੁਰਵਰਤੋਂ ਰਾਜਨੀਤਕ ਵਿਰੋਧੀਆਂ ਨੂੰ ਨੁੱਕਰੇ ਲਗਾਉਣ ਲਈ ਕੀਤੀ ਜਾਵੇਗੀ।
ਉਹਨਾ ਕਿਹਾ ਕਿ ਸਰਕਾਰ ਸ਼ਾਸਨ ਰਾਜਨੀਤਕ ਤੌਰ 'ਤੇ ਨਹੀਂ ਚਲਾ ਰਹੀ, ਸਗੋਂ ਇਸ ਨੂੰ ਨੌਕਰਸ਼ਾਹੀ ਰਾਹੀਂ ਚਲਾਇਆ ਜਾ ਰਿਹਾ ਹੈ। ਮਹਾਰਸ਼ਟਰ ਵਿੱਚ ਵੀ ਪਕੋਕਾ ਵਰਗਾ ਕਾਨੂੰਨ ਲਿਆਂਦਾ ਗਿਆ ਹੈ, ਪਰ ਉਥੇ ਅਪਰਾਧ ਦੀ ਦਰ ਵਿੱਚ ਕੋਈ ਕਮੀ ਨਹੀਂ ਆਈ। ਮਹਾਂਰਸ਼ਟਰ ਅਪਰਾਧ ਦੇ ਮਾਮਲੇ ਵਿੱਚ ਦੇਸ਼ ਵਿਚੋਂ ਦੂਜੇ ਨੰਬਰ 'ਤੇ ਆਉਂਦਾ ਹੈ।
ਕੈਪਟਨ ਸਰਕਾਰ ਨੂੰ ਅਪੀਲ ਕਰਦਿਆ ਡਾਕਟਰ ਦਿਆਲ ਨੇ ਕਿਹਾ ਕਿ ਉਹ ਪ੍ਰਾਈਵੇਟ ਖੇਤਰ ਵਾਲੀਆਂ ਨੌਕਰੀਆਂ ਵਿੱਚ ਵੀ ਰਾਖਵਾਂਕਰਨ ਦੀ ਨੀਤੀ ਨੂੰ ਲਿਆÀਣ, ਕਿਉਂਕਿ ਸਰਕਾਰੀ ਖੇਤਰ ਵਿੱਚ ਨੌਕਰੀਆਂ ਪਹਿਲਾਂ ਹੀ ਬਹੁਤ ਘਟ ਗਈਆਂ ਹਨ। ਰਾਖਵੇਂਕਰਨ ਦੀ ਨੀਤੀ ਵਿੱਚ ਸੁਧਾਰ ਕਰਨ ਦੀ ਵਕਾਲਤ ਕਰਦਿਆਂ ਉਨ੍ਹਾ ਕਿਹਾ ਕਿ ਜਿਹੜਾ ਦਲਿਤ ਵਰਗ ਦਾ ਹਿੱਸਾ ਰੱਜਿਆ-ਪੁੱਜਿਆ ਹੈ, ਉਸ ਦੀ ਥਾਂ ਸਮਾਜਿਕ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਨੂੰ ਰਾਖਵੇਂਕਰਨ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ। ਪੰਜਾਬ ਵਿੱਚ ਪਰਾਲੀ ਦੇ ਬਣੇ ਵੱਡੇ ਮੁੱਦੇ 'ਤੇ ਟਿੱਪਣੀ ਕਰਦਿਆ ਉਨ੍ਹਾ ਕਿਹਾ ਕਿ ਦੋ-ਤਿੰਨ ਮਹੀਨਾ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਸਰਬ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਸੀ ਤੇ ਸਮੁੱਚੀਆਂ ਪਾਰਟੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਚਾਹੀਦਾ ਸੀ। ਇਸ ਮਾਮਲੇ ਵਿੱਚ ਬਾਦਲ ਤੇ ਮੋਦੀ ਦੀ ਨੇੜਤਾ ਦਾ ਫਾਇਦਾ ਲੈਣਾ ਚਾਹੀਦਾ ਸੀ।
ਡਾ. ਜੋਗਿੰਦਰ ਦਿਆਲ ਨੇ ਦੇਸ਼ ਦੀ ਅਖੰਡਤਾ ਨਾਲ ਸਮਝੌਤਾ ਕੀਤੇ ਬਿਨਾਂ ਜੰਮੂ-ਕਸ਼ਮੀਰ ਨੂੰ ਖੁਦਮੁਖਤਿਆਰੀ ਦੀ ਵਕਾਲਤ ਕੀਤੀ ਹੈ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਜ਼ਾਦੀ ਦਿਹਾੜੇ 'ਤੇ ਕਸ਼ਮੀਰ ਬਾਰੇ ਆਪਣੇ ਭਾਸ਼ਣ ਵਿਚ ਜੋ ਕਿਹਾ ਸੀ, ਉਸ ਨੂੰ ਅਮਲ ਵਿੱਚ ਲਿਆਉਣ ਵਿੱਚ ਦੇਰੀ ਕੀਤੀ ਜਾ ਰਹੀ। ਉਨ੍ਹਾ ਕਿਹਾ ਜੰਮੂ-ਕਸ਼ਮੀਰ ਭਾਰਤ ਵਿੱਚ ਧਾਰਾ 370 ਤਹਿਤ ਹੀ ਸ਼ਾਮਲ ਹੋਇਆ ਸੀ। ਇਸ ਲਈ ਇਸ ਧਾਰਾ ਦਾ ਸਤਿਕਾਰ ਕਰਨਾ ਚਾਹੀਦਾ ਹੈ, ਪਰ ਭਾਜਪਾ ਇਸ ਨੂੰ ਖਤਮ ਕਰਨਾ ਚਾਹੁੰਦੀ ਹੈ।