ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦਾ ਡੈਲੀਗੇਟ ਅਜਲਾਸ


ਅੰਮ੍ਰਿਤਸਰ (ਜਸਬੀਰ ਸਿੰਘ)
ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦਾ 10 ਅਤੇ 11 ਨਵੰਬਰ ਨੂੰ 37ਵਾਂ ਡੈਲੀਗੇਟ ਅਜਲਾਸ ਰਾਜ ਪੈਲੇਸ ਅੰਮ੍ਰਿਤਸਰ ਵਿਖੇ ਕੀਤਾ ਗਿਆ। ਇਸ ਅਜਲਾਸ ਦੀ ਸ਼ੁਰੂਆਤ ਸੀਨੀਅਰ ਆਗੂ ਜਸਵੰਤ ਸਿੰਘ ਨੇ ਜਥੇਬੰਦੀ ਦਾ ਝੰਡਾ ਝੁਲਾ ਕੇ ਕੀਤੀ। ਇਸ ਡੈਲੀਗੇਟ ਅਜਲਾਸ ਦੀ ਪ੍ਰਧਾਨਗੀ ਮੰਡਲ ਵਿੱਚ ਗੁਰਦੀਪ ਸਿੰਘ ਮੋਤੀ, ਗੁਰਦੇਵ ਸਿੰਘ ਰੋਪੜ, ਅਵਤਾਰ ਸਿੰਘ ਤਾਰੀ ਜਲੰਧਰ, ਗੁਰਚਰਨ ਸਿੰਘ ਬਟਾਲਾ, ਪ੍ਰਦੀਪ ਕੁਮਾਰ ਜਲੰਧਰ ਸ਼ਾਮਲ ਸਨ। ਇਸ ਡੈਲੀਗੇਟ ਅਜਲਾਸ ਵਿੱਚ 375 ਡੈਲੀਗੇਟਾਂ ਨੇ ਪੰਜਾਬ ਦੇ 18 ਡਿਪੂਆਂ ਤੋਂ ਸ਼ਮੂਲੀਅਤ ਕੀਤੀ। ਕਾਨਫਰੰਸ ਦਾ ਉਦਘਾਟਨ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਨੇ ਕੀਤਾ। ਉਨ੍ਹਾ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਸਮਾਜ ਵਿੱਚ ਵੱਖ-ਵੱਖ ਸਮੱਸਿਆਵਾਂ ਦੀ ਜ਼ਿੰਮੇਵਾਰ ਇੱਕ ਮੁੱਖ ਸਮੱਸਿਆ ਹੁੰਦੀ ਹੈ। ਜਦੋਂ ਅਸੀਂ ਅੰਸ਼ਿਕ ਸਮੱਸਿਆ ਨੂੰ ਹੱਲ ਕਰਨ ਲੱਗਦੇ ਹਾਂ ਤਾਂ ਸਮਾਜ ਦੀ ਮੁੱਖ ਸਮੱਸਿਆ ਉਸਦਾ ਰਾਹ ਰੋਕ ਲੈਂਦੀ ਹੈ। ਪਬਲਿਕ ਸੈਕਟਰ ਸੇਵਾਵਾਂ ਦੇਣ ਲਈ ਹੁਣ ਤੱਕ ਦਾ ਸਭ ਤੋਂ ਬਿਹਤਰ ਅਦਾਰਾ ਸਾਬਤ ਹੋਇਆ ਹੈ। ਲੋਕਾਂ ਨੂੰ ਚੰਗੀਆਂ ਤੇ ਸਸਤੀਆਂ ਸੇਵਾਵਾਂ ਦੇਣ ਲਈ ਟਰਾਂਸਪੋਰਟ ਦਾ ਕੌਮੀਕਰਨ ਕੀਤਾ ਜਾਵੇ, ਇਸੇ ਤਰ੍ਹÎਾਂ ਵਿੱਦਿਆ ਅਤੇ ਸਿਹਤ ਦੀ ਵੀ ਸਭ ਲਈ ਮੁਫਤ ਗਾਰੰਟੀ ਕੀਤੀ ਜਾਵੇ। ਉਨ੍ਹਾ ਨੇ ਟਰਾਂਸਪੋਰਟ ਕਾਮਿਆਂ ਦੀ ਸਮਾਜ ਵਿੱਚ ਚੱਲ ਰਹੇ ਜਮਾਤੀ ਸੰਘਰਸ਼ ਵਿੱਚ ਪਾਏ ਜਾਣ ਵਾਲੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਉਪਰੰਤ ਜਥੇਬੰਦੀ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਵੱਲੋਂ ਜਥੇਬੰਦੀ ਦੇ ਪਿਛਲੇ ਤਿੰਨ ਸਾਲਾਂ ਦੀ ਸਰਗਰਮੀ ਦੀ ਰਿਪੋਰਟ ਪੇਸ਼ ਕੀਤੀ ਗਈ।
ਇਸ ਰਿਪੋਰਟ 'ਤੇ 18 ਡਿਪੂਆਂ ਤੋਂ 5 ਸਾਥੀਆਂ ਨੇ ਬੋਲਦਿਆਂ ਬਹਿਸ 'ਚ ਹਿੱਸਾ ਲਿਆ। ਕੁਝ-ਕੁਝ ਵਾਧਿਆਂ ਉਪਰੰਤ ਰਿਪੋਰਟ ਨੂੰ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ। ਇਕ ਵਿਸ਼ੇਸ਼ ਸ਼ੋਕ ਮਤੇ ਰਾਹੀਂ ਪਿਛਲੇ ਸਮੇਂ ਵਿੱਚ ਵਿਛੜੇ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਪੇਸ਼ ਕੀਤੇ ਗਏ ਵੱਖ-ਵੱਖ ਮਤਿਆਂ ਰਾਹੀਂ ਠੇਕੇ ਅਤੇ ਆਊਟ ਸੋਰਸ 'ਤੇ ਰੱਖੇ ਮੁਲਾਜ਼ਮਾਂ ਨੂੰ ਪੱਕੇ ਕਰਨ, 1990 ਵਾਲੀ ਟਰਾਂਸਪੋਰਟ ਨੀਤੀ ਲਾਗੂ ਕੀਤੀ ਜਾਵੇ, ਨਜਾਇਜ਼ ਪ੍ਰਾਈਵੇਟ ਅਪ੍ਰੇਸ਼ਨ ਬੰਦ ਕੀਤੇ ਜਾਣ, ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਬੱਜਟ ਵਿੱਚ ਫੰਡ ਰੱਖ ਕੇ ਰੋਡਵੇਜ਼ ਦੇ ਫਲੀਟ ਵਿੱਚ ਬੱਸਾਂ ਪਾਈਆਂ ਜਾਣ, ਕਿਲੋਮੀਟਰ ਸਕੀਮ ਬੱਸਾਂ ਨੂੰ ਬੰਦ ਕੀਤਾ ਜਾਵੇ, ਵਿਭਾਗਾਂ ਵਿੱਚ ਪਈਆਂ ਖਾਲੀ ਅਸਾਮੀਆਂ ਨੂੰ ਭਰਿਆ ਜਾਵੇ, ਮਹਿਕਮੇ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ।
ਇਸ ਮੌਕੇ ਪੈਨਸ਼ਨਰ ਯੂਨੀਅਨ ਪੰਜਾਬ ਦੇ ਪ੍ਰਧਾਨ ਸਕੱਤਰ ਕੁਲਦੀਪ ਸਿੰਘ ਹੁਸ਼ਿਆਰਪੁਰ, ਗੁਰਮੇਲ ਸਿੰਘ ਮੈਡਲੇ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਮੁਲਾਜ਼ਮਾਂ-ਪੈਨਸ਼ਨਰਾਂ ਤੇ ਆਮ ਲੋਕਾਂ ਲਈ ਘਾਤਕ ਹਨ। ਪੰਜਾਬ ਸਰਕਾਰ ਆਪਣੇ ਕੀਤੇ ਹੋਏ ਸਾਰੇ ਹੀ ਵਾਅਦਿਆਂ ਤੋਂ ਭੱਜ ਚੁੱਕੀ ਹੈ। ਪੇ-ਕਮਿਸ਼ਨ ਦੀ ਸਥਾਪਨਾ ਕਰਨ, ਡੀ ਏ ਦੀਆਂ ਕਿਸ਼ਤਾਂ ਜਾਰੀ ਕਰਨ, ਖਜ਼ਾਨੇ 'ਚ ਰੁਕੇ ਹੋਏ ਬਿੱਲਾਂ ਦੀ ਪੂਰਤੀ ਕਰਨ ਵਰਗੀਆਂ ਮੰਗਾਂ ਲੰਮੇ ਸਮੇਂ ਤੋਂ ਲ਼ਟਕ ਰਹੀਆਂ ਹਨ। ਇਸ ਮੌਕੇ ਪੰਜਾਬ ਸਰਕਾਰ ਦੁਆਰਾ 800 ਪ੍ਰਾਇਮਰੀ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੀ ਨੀਤੀ ਅਤੇ ਆਂਗਣਵਾੜੀ ਵਰਕਰਾਂ 'ਤੇ ਕੀਤੇ ਅੱਤਿਆਚਾਰ ਦੀ ਸਖਤ ਨਿਖੇਧੀ ਕੀਤੀ ਗਈ।
ਆਖੀਰ ਵਿੱਚ ਕੁਲਦੀਪ ਸਿੰਘ ਹੁਸ਼ਿਆਰਪੁਰ ਨੇ ਜਥੇਬੰਦੀ ਦੇ ਚੁਣੇ ਜਾਣ ਵਾਲੇ ਅਹੁਦੇਦਾਰਾਂ ਦਾ ਪੈਨਲ ਪੇਸ਼ ਕੀਤਾ, ਜਿਸ ਵਿੱਚ ਪ੍ਰਧਾਨ ਗੁਰਦੀਪ ਸਿੰਘ ਮੋਤੀ, ਜਸਦੀਸ਼ ਸਿੰਘ ਚਾਹਲ ਜਨਰਲ ਸਕੱਤਰ, ਸੀਨੀਅਰ ਵਾਈਸ ਪ੍ਰਧਾਨ ਗੁਰਦੇਵ ਸਿੰਘ ਰੋਪੜ, ਕੈਸ਼ੀਅਰ ਗੁਰਜੰਟ ਸਿੰਘ ਬਣੇ। ਜਥੇਬੰਦੀ ਵੱਲੋਂ ਪੇਸ਼ ਕੀਤਾ ਪੈਨਲ ਸਰਬ-ਸੰਮਤੀ ਨਾਲ ਹਾਊਸ ਵੱਲੋਂ ਪਾਸ ਕੀਤਾ ਗਿਆ। ਇਸ ਅਜਲਾਸ ਨੂੰ ਕਾਮਰੇਡ ਅਵਤਾਰ ਸਿੰਘ ਤਾਰੀ, ਬਲਕਰਨ ਮੋਗਾ, ਪ੍ਰਦੀਪ ਸਿੰਘ, ਬਲਰਾਜ ਭੰਗੂ, ਇਕਬਾਲ ਸਿੰਘ ਪਠਾਨਕੋਟ, ਮਨਜੀਤ ਸਿੰਘ ਲੁਧਿਆਣਾ, ਤਰਲੋਚਨ ਸਿੰਘ, ਗੁਰਚਰਨ ਸਿੰਘ, ਬਿਕਰਮਜੀਤ ਸਿੰਘ ਛੀਨਾ ਆਦਿ ਸਾਥੀਆਂ ਨੇ ਸੰਬੋਧਨ ਕੀਤਾ।