ਮਾਮਲਾ ਕੈਸ਼ ਵੈਨ ਲੁੱਟਣ ਦਾ; ਲੁਟੇਰੇ ਦੀ ਸ਼ਨਾਖਤ


ਜਲੰਧਰ (ਸ਼ੈਲੀ ਐਲਬਰਟ)
ਭੋਗਪੁਰ ਨੇੜੇ ਐੱਚ ਡੀ ਐੱਫ ਸੀ ਬੈਂਕ ਦੀ ਕੈਸ਼ ਵੈਨ ਵਿਚ ਇਕ ਕਰੋੜ 18 ਲੱਖ ਰੁਪਏ ਦੀ ਖੋਹ ਦੀ ਵਾਰਦਾਤ 'ਚ ਗ੍ਰਿਫ਼ਤਾਰ ਕੀਤੇ ਗਏ ਲੁਟੇਰੇ ਦੀ ਸ਼ਨਾਖਤ ਕਰ ਲਈ ਗਈ ਹੈ।
ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਜਸਕਰਨ ਸਿੰਘ ਡੀ ਆਈ ਜੀ ਜਲੰਧਰ ਨੇ ਦੱਸਿਆ ਕਿ ਬੈਂਕ ਦੀ ਕੈਸ਼ ਵੈਨ ਏ ਟੀ ਐੱਮਜ਼ ਵਿਚ ਪੈਸੇ ਪਾਉਣ ਲਈ ਜਲੰਧਰ ਤੋਂ ਨਿਕਲੇ। ਜਦ ਉਹ ਭੋਗਪੁਰ ਏਰੀਏ ਵਿਚ ਏ ਟੀ ਐੱਮ ਵਿਚ ਪੈਸੇ ਪਾਉਣ ਲਈ ਜਾ ਰਹੇ ਸਨ ਤਾਂ ਰਸਤੇ ਵਿਚ ਸਰਵਿਸ ਸਟੇਸ਼ਨ ਨੇੜੇ ਦੋ ਮੋਟਰਸਾਇਲਾਂ 'ਤੇ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਗੱਡੀ ਨੂੰ ਘੇਰ ਕੇ ਬੈਂਕ ਗੱਡੀ ਦੇ ਗੰਨਮੈਨ ਤੋਂ ਰਾਇਫਲ ਖੋਹ ਲਈ ਅਤੇ ਕੈਸ਼ ਵੈਨ ਦਾ ਪਿਛਲਾ ਜਿੰਦਰਾ ਤੋੜ ਕੇ 1 ਕਰੋੜ 18 ਲੱਖ 50 ਹਜ਼ਾਰ ਰੁਪਏ ਖੋਹ ਕੇ ਲੈ ਗਏ।ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਇਕ ਇੰਡੀਗੋ ਬਿਨਾਂ ਨੰਬਰੀ ਕਾਰ ਨੂੰ ਕਰਤਾਰਪੁਰ ਏਰੀਏ ਵਿਚ ਘੇਰ ਲਿਆ, ਜਿਥੇ ਪੁਲਸ ਨਾਲ ਮੁਕਾਬਲਾ ਹੋਇਆ ਅਤੇ ਇਕ ਦੋਸ਼ੀ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਲੱਖਣ ਬੋਲੇ ਕਪੂਰਥਲਾ ਨੂੰ 12 ਬੋਰ ਦੀ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ।ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ 6 ਹੋਰ ਦੋਸ਼ੀ ਫਰਾਰ ਹਨ, ਜਿਨ੍ਹਾਂ ਵਿਚ ਸਤਿੰਦਰਪਾਲ ਸਿੰਘ ਹੈਪੀ ਮਾਸਟਰ ਮਾਈਂਡ, ਸੁਖਵਿੰਦਰ ਸਿੰਘ ਉਰਫ ਨਿੰਮਾ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ ਅਤੇ ਹਰਦੀਪ ਸਿੰਘ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਾਕੀ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।