ਈਰਾਨ-ਇਰਾਕ ਸਰਹੱਦ 'ਤੇ ਭਿਆਨਕ ਭੁਚਾਲ, 328 ਮੌਤਾਂ

ਤਹਿਰਾਨ/ਬਗ਼ਦਾਦ, (ਨਵਾਂ ਜ਼ਮਾਨਾ ਸਰਵਿਸ)
ਇਰਾਕ-ਈਰਾਨ ਸਰਹੱਦ 'ਤੇ ਐਤਵਾਰ ਰਾਤ ਆਏ ਜ਼ਬਰਦਸਤ ਭੂਚਾਲ 'ਚ 328 ਵਿਅਕਤੀਆਂ ਦੀ ਮੌਤ ਹੋ ਗਈ ਅਤੇ 1700 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਇੱਕ ਸਰਕਾਰੀ ਤਰਜਮਾਨ ਨੇ ਦੱਸਿਆ ਕਿ ਰਾਤ 9.15 'ਤੇ ਆਏ ਇਸ ਸ਼ਕਤੀਸ਼ਾਲੀ ਭੁਚਾਲ ਦੀ ਤੀਬਰਤਾ 7.2 ਸੀ। ਉਨ੍ਹਾ ਕਿਹਾ ਕਿ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਗਿਣਤੀ 'ਚ ਵਾਧੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸਰਕਾਰੀ ਤਰਜਮਾਨ ਨੇ ਦੱਸਿਆ ਕਿ ਭੁਚਾਲ ਨਾਲ ਦੋਵਾਂ ਦੇਸ਼ਾਂ 'ਚ ਭਾਰੀ ਨੁਕਸਾਨ ਹੋਇਆ ਹੈ। ਭੁਚਾਲ ਦਾ ਕੇਂਦਰ ਇਰਾਕ ਦੇ ਕਸਬੇ ਹਲਬਜਾ ਤੋਂ ਦੱਖਣ-ਪੱਛਮ 'ਚ 32 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਸੀ। ਭੁਚਾਲ ਦੇ ਝਟਕੇ ਤੁਰਕੀ, ਇਜ਼ਰਾਈਲ ਅਤੇ ਕੁਵੈਤ 'ਚ ਵੀ ਮਹਿਸੂਸ ਕੀਤੇ ਗਏ। ਤਰਜਮਾਨ ਨੇ ਦੱਸਿਆ ਕਿ ਭੁਚਾਲ 'ਚ ਈਰਾਨ 'ਚ 20 ਤੋਂ ਜ਼ਿਆਦਾ ਪਿੰਡ ਤਬਾਹ ਹੋ ਗਏ ਅਤੇ ਉਨ੍ਹਾਂ ਪਿੰਡਾਂ 'ਚ ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਹੋ ਗਈ। ਇਰਾਕ ਦੇ ਐਮਰਜੈਂਸੀ ਵਿਭਾਗ ਦੀ ਟੀਮ ਨੇ ਤੁਰੰਤ ਹੈਲੀਕਾਪਟਰਾਂ ਰਾਹੀਂ ਭੁਚਾਲ ਤੋਂ ਪ੍ਰਭਾਵਤ ਖੇਤਰਾਂ 'ਚ ਲੋਕਾਂ ਦੀਆਂ ਬੁਨਿਆਦੀ ਲੋੜਾਂ ਦਾ ਸਾਮਾਨ ਭੇਜਣਾ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਉਨ੍ਹਾ ਦੱਸਿਆ ਕਿ ਭੁਚਾਲ ਕਾਰਣ ਢਿਗਾਂ ਡਿੱਗਣ ਨਾਲ ਰਾਹਤ ਅਤੇ ਬਚਾਅ ਕਾਰਜਾਂ 'ਚ ਰੁਕਾਵਟ ਆ ਰਹੀ ਹੈ। ਟਵਿੱਟਰ 'ਤੇ ਭੁਚਾਲ ਦੇ ਸੰਬੰਧ 'ਚ ਪੋਸਟ ਇੱਕ ਫੁਟੇਜ 'ਚ ਘਬਰਾਏ ਹੋਏ ਲੋਕ ਉਤਰੀ ਇਰਾਕ 'ਚ ਸੁਲੇਮਾਨੀਆ 'ਚ ਇਮਾਰਤਾਂ 'ਚੋਂ ਬਾਹਰ ਨਿਕਲਦੇ ਦਿਖਾਈ ਦੇ ਰਹੇ ਹਨ। ਭੁਚਾਲ ਆਉਂਦਿਆਂ ਹੀ ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲ ਕੇ ਸੜਕਾਂ 'ਤੇ ਆ ਗਏ ਅਤੇ ਬਹੁਤਿਆਂ ਨੇ ਡਰ ਕਾਰਨ ਸੜਕਾਂ 'ਤੇ ਹੀ ਸਾਰੀ ਰਾਤ ਗੁਜ਼ਾਰ ਦਿੱਤਾ। ਦਰਬੰਦੀ ਖਾਨ ਕਸਬੇ 'ਚ ਭੁਚਾਲ ਨਾਲ ਭਾਰੀ ਨੁਕਸਾਨ ਹੋਇਆ। ਬਹੁਤ ਸਾਰੀਆਂ ਇਮਾਰਤਾਂ ਦੀਆਂ ਕੰਧਾਂ 'ਚ ਤਰੇੜਾਂ ਆ ਗਏ ਅਤੇ ਬਹੁਤ ਸਾਰੇ ਮਕਾਨ ਢਹਿ-ਢੇਰੀ ਹੋ ਗਏ।
ਈਰਾਨ ਦੇ ਕਰਮਾਨਸ਼ਾਹ ਸੂਬੇ ਦੇ ਡਿਪਟੀ ਗਵਰਨਰ ਮੋਜਤਬਾ ਨਿਕਰਦਰ ਨੇ ਕਿਹਾ ਕਿ ਭੁਚਾਲ ਪ੍ਰਭਾਵਤ ਇਲਾਕਿਆਂ 'ਚ ਐਮਰਜੈਂਸੀ ਰਾਹਤ ਕੈਂਪ ਖੋਲ੍ਹੇ ਜਾ ਰਹੇ ਹਨ।
ਅਮਰੀਕੀ ਜਿਊਲਾਜੀਕਲ ਸਰਵੇ ਦਾ ਕਹਿਣਾ ਹੈ ਕਿ ਭੁਚਾਲ ਦਾ ਕੇਂਦਰ ਇਰਾਕ ਦੇ ਕਸਬੇ ਹਿਲਬਜਾ ਤੋਂ ਦੱਖਣ-ਪੱਛਮ 'ਚ 32 ਕਿਲੋਮੀਟਰ ਦੂਰ ਸੀ।
ਉਧਰ ਕੁਰਦਿਸ਼ ਟੈਲੀਵਿਜ਼ਨ ਦਾ ਕਹਿਣਾ ਹੈ ਕਿ ਈਰਾਨੀ ਕੁਰਦਿਸ਼ਤਾਨ 'ਚ ਵੀ ਭੁਚਾਲ ਕਾਰਨ ਬਹੁਤ ਸਾਰੇ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਗਏ। ਉਨ੍ਹਾ ਕਿਹਾ ਕਿ ਇਸ ਇਲਾਕੇ 'ਚੋਂ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਈਰਾਨ ਤੇ ਇਰਾਕ 'ਚ 5 ਸਾਲ ਪਹਿਲਾਂ 2012 'ਚ ਵੀ ਦੋ ਵੱਡੇ ਭੁਚਾਲ ਆਏ ਸਨ, ਜਿਨ੍ਹਾਂ 'ਚ ਸੈਂਕੜੇ ਲੋਕ ਮਾਰੇ ਗਏ ਸਨ ਅਤੇ 1300 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ।