ਭਾਰਤ-ਅਮਰੀਕਾ ਮਿਲ ਕੇ ਬਦਲ ਸਕਦੇ ਹਨ ਦੁਨੀਆ ਦਾ ਭਵਿੱਖ : ਮੋਦੀ

ਮਨੀਲਾ, (ਨਵਾਂ ਜ਼ਮਾਨਾ ਸਰਵਿਸ)
ਆਸਿਆਨ ਸਿਖਰ ਸੰਮੇਲਨ ਤੋਂ ਪਹਿਲਾਂ ਅੱਜ ਮਨੀਲਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਮੁਲਾਕਾਤ ਹੋਈ। ਦੁਵੱਲੀ ਗੱਲਬਾਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗੱਲਬਾਤ ਵਧੀਆ ਮਾਹੌਲ 'ਚ ਹੋਈ। ਉਨ੍ਹਾ ਕਿਹਾ ਕਿ ਅਸੀਂ ਪੂਰੀ ਦੁਨੀਆ ਅਤੇ ਅਮਰੀਕਾ ਦੀਆਂ ਆਸਾਂ 'ਤੇ ਪੂਰਾ ਉਤਰਨ ਦਾ ਯਤਨ ਕਰਾਂਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੀਟਿੰਗ 'ਚ ਉਨ੍ਹਾਂ ਏਸ਼ੀਆ ਦੇ ਭਵਿੱਖ ਅਤੇ ਸੰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਮਿਲ ਕੇ ਪੂਰੀ ਦੁਨੀਆ ਦੇ ਭਵਿੱਖ ਨੂੰ ਬਦਲ ਸਕਦੇ ਹਨ। ਉਨ੍ਹਾ ਕਿਹਾ ਕਿ ਅਮਰੀਕਾ ਨੇ ਜਦੋਂ ਵੀ ਭਾਰਤ ਦਾ ਜ਼ਿਕਰ ਕੀਤਾ ਹੈ ਤਾਂ ਬਹੁਤ ਗਰਮਜੋਸ਼ੀ ਨਾਲ ਕੀਤਾ ਹੈ। ਉਨ੍ਹਾ ਨੇ ਭਾਰਤ ਦੀ ਪ੍ਰਸੰਸਾ ਕਰਨ ਲਈ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕੀਤਾ।
ਦੋਹਾਂ ਆਗੂਆਂ ਵਿਚਕਾਰ 6 ਮਹੀਨਿਆਂ ਅੰਦਰ ਇਹ ਦੂਜੀ ਮੁਲਾਕਾਤ ਹੈ ਅਤੇ ਕੂਟਨੀਤਕ ਹਲਕਿਆਂ ਵੱਲੋਂ ਇਸ ਮੀਟਿੰਗ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਕੂਟਨੀਤਕ ਸੂਤਰਾਂ ਅਨੁਸਾਰ ਮੀਟਿੰਗ ਰਾਹੀਂ ਟਰੰਪ ਨੇ ਇਹ ਸੰਕੇਤ ਦੇਣ ਦਾ ਯਤਨ ਕੀਤਾ ਕਿ ਅਮਰੀਕਾ ਲਈ ਭਾਰਤ ਦੀ ਅਹਿਮੀਅਤ ਕਿਸੇ ਵੀ ਤਰ੍ਹਾਂ ਚੀਨ ਤੋਂ ਘੱਟ ਨਹੀਂ। ਬੀਤੇ ਸਾਲਾਂ ਦੌਰਾਨ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ 'ਚ ਲਗਾਤਾਰ ਸੁਧਾਰ ਆਇਆ ਹੈ ਅਤੇ ਚੀਨ ਦੇ ਵਨ ਬੈੱਲਟ ਵਨ ਰੋਡ ਪ੍ਰਾਜੈਕਟ ਦੇ ਮੁਕਾਬਲੇ 'ਚ ਭਾਰਤ, ਆਸਟਰੇਲੀਆ, ਜਪਾਨ ਅਤੇ ਅਮਰੀਕਾ ਦੀ ਜੁਗਲਬੰਦੀ ਨਾਲ ਇਸ ਦੇ ਸੰਕੇਤ ਮਿਲੇ ਹਨ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਫ਼ਤ ਕਰਦਿਆਂ ਟਰੰਪ ਨੇ ਕਿਹਾ ਸੀ ਕਿ ਮੋਦੀ ਨੇ ਭਾਰਤ ਦੇ ਲੋਕਾਂ ਨੂੰ ਇੱਕ ਕੀਤਾ ਹੈ ਅਤੇ ਭਾਰਤ 'ਚ ਵਿਕਾਸ ਦੀ ਰਫ਼ਤਾਰ 'ਚ ਵੀ ਵਾਧਾ ਹੋਇਆ ਹੈ।