Latest News
ਦਿੱਲੀ 'ਚ ਹਵਾ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ

Published on 13 Nov, 2017 12:31 PM.


ਪਟਿਆਲਾ, (ਨਵਾਂ ਜ਼ਮਾਨਾ ਸਰਵਿਸ)
ਦਿੱਲੀ 'ਚ ਵਧ ਰਹੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਲੀ ਦੇ ਇਸ ਦੋਸ਼ ਨੂੰ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਦੀ ਰਿਪੋਰਟ ਦੇ ਮੁਤਾਬਕ ਦਿੱਲੀ ਦੀ ਹਵਾ ਵਿਚ ਫੈਲਿਆ ਪ੍ਰਦੂਸ਼ਣ ਅਤੇ ਅਸਮਾਨ ਵਿਚ ਛਾਈ ਕਾਲੀ ਧੁੰਦ ਲਈ ਪੰਜਾਬ ਜ਼ਿੰਮੇਵਾਰ ਨਹੀਂ, ਉਲਟਾ ਪੰਜਾਬ ਨੂੰ ਦਿੱਲੀ ਦੀ ਜ਼ਹਿਰੀਲੀ ਹਵਾ ਤੋਂ ਖਤਰਾ ਹੈ। ਅਸਲ 'ਚ ਸਚਾਈ ਇਹ ਨਿਕਲੀ ਕਿ ਪੰਜਾਬ ਦੀ ਹਵਾ ਦੀ ਮਿਆਰ ਦਰ 200 ਤੋਂ 300 ਦੇ ਦਰਮਿਆਨ ਹੈ, ਜਦੋਂਕਿ ਦਿੱਲੀ ਵਿੱਚ ਇਹ ਅੰਕੜਾ 500 ਤੱਕ ਪਹੁੰਚ ਗਿਆ ਹੈ। ਜੇਕਰ ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਪੰਜਾਬ ਵਿਚ ਸਾੜੀ ਗਈ ਪਰਾਲੀ ਹੀ ਜ਼ਿੰਮੇਵਾਰ ਹੁੰਦੀ ਤਾਂ ਪੰਜਾਬ ਦੀ ਹਵਾ ਦੀ ਮਿਆਰੀ ਦਰ ਦਿੱਲੀ ਤੋਂ ਕਿਤੇ ਜ਼ਿਆਦਾ ਹੋਣੀ ਚਾਹੀਦੀ ਸੀ। ਪੰਜਾਬ 'ਚ ਜਿੱਥੇ ਪਰਾਲੀ ਸਾੜੇ ਜਾਣ ਦੌਰਾਨ ਇਹ ਅੰਕੜਾ ਵਧ ਕੇ 320 ਤੋਂ 350 ਤੱਕ ਗਿਆ ਹੈ, ਉਥੇ ਪੂਰੇ ਸੂਬੇ 'ਚ ਔਸਤ ਹਵਾ ਦਾ ਪੱਧਰ 200 ਤੋਂ 300 ਦੇ 'ਚ ਹੀ ਬਣਿਆ ਹੋਇਆ ਹੈ, ਜਦੋਂਕਿ ਦਿੱਲੀ 'ਚ ਹਵਾ ਦੇ ਮਿਆਰ ਦੀ ਦਰ 450 ਤੋਂ ਲੈ ਕੇ 490 ਤੱਕ ਹੈ। ਇੱਥੋਂ ਸਾਫ ਹੋ ਜਾਂਦਾ ਹੈ ਕਿ ਦਿੱਲੀ ਦੀ ਗੰਧਲੀ ਹਵਾ ਅਤੇ ਕਾਲੇ ਬੱਦਲਾਂ ਲਈ ਪੰਜਾਬ ਜ਼ਿੰਮੇਵਾਰ ਨਹੀਂ।
ਜ਼ਿਕਰਯੋਗ ਹੈ ਕਿ ਪਿਛਲੇ 1 ਮਹੀਨੇ ਦੌਰਾਨ ਨਾ ਤਾਂ ਪੰਜਾਬ ਤੋਂ ਹਵਾ ਦਿੱਲੀ ਵਾਲੇ ਪਾਸੇ ਨੂੰ ਚੱਲੀ ਹੈ ਅਤੇ ਨਾ ਹੀ ਕੋਈ ਹਨੇਰੀ-ਝੱਖੜ ਆਏ ਹਨ ਕਿ ਪੰਜਾਬ ਦੀ ਪਰਾਲੀ ਸੜਨ ਕਾਰਨ ਧੂੰਏਂ ਵਾਲੀ ਹਵਾ 250 ਤੋਂ ਲੈ ਕੇ 400 ਕਿਲੋਮੀਟਰ ਦੂਰ ਦਿੱਲੀ ਤੱਕ ਅੱਪੜ ਸਕੇ। ਦਿੱਲੀ ਜਿਹੜਾ ਖੁਦ ਗੰਦਗੀ ਦੇ ਢੇਰ ਉਤੇ ਬੈਠਾ ਹੈ, ਦਿੱਲੀ ਜਿਹੜਾ ਅੱਗ ਦੀ ਭੱਠੀ ਵਰਗਾ ਬਣਿਆ ਹੋਇਆ ਹੈ, ਫੈਕਟਰੀਆਂ-ਕਾਰਖਾਨਿਆਂ ਦੇ ਧੂੰਏਂ ਵਿੱਚ ਔਖੇ ਸਾਹ ਲੈ ਰਿਹਾ ਹੈ, ਗੱਡੀਆਂ-ਵਾਹਨਾਂ 'ਚ ਘਿਰਿਆ ਪਿਆ ਹੈ, ਉਹ ਕਿਸ ਮੂੰਹ ਨਾਲ ਪੰਜਾਬ ਅਤੇ ਪੰਜਾਬ ਦੇ ਕਿਸਾਨ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ ਕਿ ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਖ਼ਦਸ਼ਾ ਪ੍ਰਗਟਾਇਆ ਹੈ ਕਿ ਪੰਜਾਬ ਦੀ ਆਬੋ-ਹਵਾ ਨੂੰ ਦਿੱਲੀ ਦੀ ਗੰਦੀ ਹਵਾ ਤੋਂ ਖਤਰਾ ਹੈ। ਬੇਸ਼ੱਕ ਪੰਜਾਬ ਇਨ੍ਹਾਂ ਦੋਸ਼ਾਂ ਤੋਂ ਮੁਕਤ ਦਿਖ ਰਿਹਾ ਹੈ, ਪਰ ਫਿਰ ਵੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਹੱਲ ਕੱਢਣਾ ਪਵੇਗਾ ਕਿ ਪੰਜਾਬ ਦੇ ਨਾਲ-ਨਾਲ ਦੇਸ਼ ਦਾ ਕਿਸਾਨ ਪਰਾਲੀ ਸਾੜਨ ਲਈ ਮਜਬੂਰ ਨਾ ਹੋਵੇ, ਪਰ ਦਿੱਲੀ ਸਮੇਤ ਦੇਸ਼ ਦੀ ਹਵਾ 'ਚ ਫੈਲ ਰਹੇ ਪ੍ਰਦੂਸ਼ਣ ਅਤੇ ਕਾਲੀ ਧੁੰਦ ਰੂਪੀ ਛਾਏ ਬੱਦਲਾਂ ਲਈ ਸਿਰਫ ਕਿਸਾਨਾਂ ਨੂੰ ਅਤੇ ਪੰਜਾਬ ਨੂੰ ਜ਼ਿੰਮੇਵਾਰ ਠਹਿਰਾ ਦੇਣਾ ਜਾਇਜ਼ ਨਹੀਂ।

277 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper