ਪਲਾਸਟਿਕ ਦੇ ਡਰੰਮ ਸਹਾਰੇ ਬੰਗਲਾਦੇਸ਼ ਪੁੱਜ ਗਿਆ 13 ਸਾਲਾ ਨਬੀ


ਸ਼ਾਹਪੁਰੀਰ ਟਾਪੂ (ਬੰਗਲਾਦੇਸ਼), (ਨਵਾਂ ਜ਼ਮਾਨਾ ਸਰਵਿਸ)-ਨਬੀ ਹੁਸੈਨ ਨੇ ਜ਼ਿੰਦਾ ਰਹਿਣ ਲਈ ਆਪਣੀ ਸਭ ਤੋਂ ਵੱਡੀ ਜੰਗ ਪੀਲੇ ਰੰਗ ਦੇ ਪਲਾਸਟਿਕ ਦੇ ਡਰੰਮ ਸਹਾਰੇ ਜਿੱਤ ਲਈ। ਰੋਹਿੰਗਿਆ ਭਾਈਚਾਰੇ ਨਾਲ ਸੰਬੰਧਤ ਨਬੀ ਦੀ ਉਮਰ ਸਿਰਫ਼ 13 ਸਾਲ ਹੈ ਅਤੇ ਉਹ ਤੈਰ ਵੀ ਨਹੀਂ ਸਕਦਾ ਅਤੇ ਮਿਆਂਮਾਰ 'ਚ ਆਪਣੇ ਪਿੰਡੋਂ ਭੱਜਣ ਤੋਂ ਪਹਿਲਾਂ ਉਸ ਨੇ ਕਦੇ ਨੇੜਿਉਂ ਵੀ ਸਮੁੰਦਰ ਨਹੀਂ ਦੇਖਿਆ ਸੀ, ਪਰ ਉਹ ਜ਼ਿੰਦਗੀ ਦੀ ਜੰਗ ਲੜਦਿਆਂ ਸਮੁੰਦਰ ਕਿਵੇਂ ਪਾਰ ਕਰ ਗਿਆ, ਇਸ ਦਾ ਉਸ ਨੂੰ ਵੀ ਯਕੀਨ ਨਹੀਂ ਹੈ। ਉਸ ਨੇ ਮਿਆਂਮਾਰ ਤੋਂ ਬੰਗਲਾਦੇਸ਼ ਤੱਕ ਦਾ ਸਮੁੰਦਰ ਦਾ ਸਫ਼ਰ ਪੀਲੇ ਰੰਗ ਦੇ ਪਲਾਸਟਿਕ ਦੇ ਖਾਲੀ ਡਰੰਮ 'ਤੇ ਆਪਣੀ ਮਜ਼ਬੂਤ ਪਕੜ ਦੇ ਸਹਾਰੇ ਲਹਿਰਾਂ ਨੂੰ ਮਾਤ ਦੇ ਕੇ ਪੂਰਾ ਕੀਤਾ। ਤਕਰੀਬਨ ਢਾਈ ਮੀਲ ਦੀ ਇਸ ਦੂਰੀ ਦੌਰਾਨ ਉਸ ਨੇ ਪਲਾਸਟਿਕ ਦੇ ਡਰੰਮ 'ਤੇ ਆਪਣੀ ਪਕੜ ਕਮਜ਼ੋਰ ਨਾ ਪੈਣ ਦਿੱਤੀ ਅਤੇ ਆਖਰ ਬੰਗਲਾਦੇਸ਼ ਪੁੱਜਣ 'ਚ ਸਫ਼ਲ ਹੋ ਗਿਆ। ਜ਼ਿਕਰਯੋਗ ਹੈ ਕਿ ਮਿਆਂਮਾਰ 'ਚ ਹਿੰਸਾ ਕਾਰਨ ਸਹਿਮੇ ਰੋਹਿੰਗਿਆ ਮੁਸਲਮਾਨ ਨਿਰਾਸ਼ਾ 'ਚ ਆਪਣਾ ਸਭ ਕੁਝ ਛੱਡ ਕੇ ਉਥੋਂ ਬੰਗਲਾਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।
ਬੰਗਲਾਦੇਸ਼ ਪੁੱਜਣ 'ਤੇ ਪਤਲੇ-ਦੁਬਲੇ ਨਬੀ ਹੁਸੈਨ ਨੇ ਕਿਹਾ ਕਿ ਮੈਂ ਮੌਤ ਤੋਂ ਬੇਹੱਦ ਡਰਿਆ ਹੋਇਆ ਸੀ ਅਤੇ ਮੈਨੂੰ ਲੱਗਦਾ ਸੀ ਕਿ ਇਹ ਮੇਰਾ ਆਖਰੀ ਦਿਨ ਹੋ ਸਕਦਾ ਹੈ, ਪਰ ਮੈਂ ਮਿਆਂਮਾਰ 'ਚ ਤਸ਼ੱਦਦ ਨਾਲ ਮਰਨ ਦੀ ਬਜਾਏ ਸਮੁੰਦਰੀ ਲਹਿਰਾਂ ਨਾਲ ਮਰਨਾ ਬੇਹਤਰ ਸਮਝਿਆ ਅਤੇ ਘਰੋਂ ਤੁਰ ਪਿਆ। ਨਬੀ ਨੇ ਕਿਹਾ ਕਿ ਉਹ ਇਸ ਦੇਸ਼ 'ਚ ਕਿਸੇ ਨੂੰ ਨਹੀਂ ਜਾਣਦਾ ਅਤੇ ਮਿਆਂਮਾਰ 'ਚ ਮੇਰੇ ਮਾਤਾ-ਪਿਤਾ ਨੂੰ ਇਹ ਵੀ ਨਹੀਂ ਪਤਾ ਕਿ ਮੈਂ ਜ਼ਿੰਦਾ ਵੀ ਹਾਂ ਕਿ ਨਹੀਂ।