ਕੇਜਰੀਵਾਲ ਪਰਾਲੀ ਸਾੜਨ ਦੇ ਮੁੱਦੇ 'ਤੇ ਸਿਆਸਤ ਕਰ ਰਿਹੈ : ਖੱਟਰ


ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਉਨ੍ਹਾ 'ਤੇ ਪਰਾਲੀ ਸਾੜਨ ਦੇ ਮੁੱਦੇ 'ਤੇ ਸਿਆਸਤ ਕਰਨ ਦਾ ਦੋਸ਼ ਲਾਇਆ ਹੈ। ਖੱਟਰ ਨੇ ਕਿਹਾ ਕਿ ਪਰਾਲੀ ਸਾੜਨ ਦੇ ਮਾਮਲੇ 'ਚ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਮਜਬੂਰੀ ਦੇ ਸੰਬੰਧ 'ਚ ਕੇਜਰੀਵਾਲ ਨੇ ਆਪਣੇ ਪੱਤਰ 'ਚ ਜੋ ਲਿਖਿਆ ਹੈ, ਉਹ ਥੋੜ੍ਹੇ ਸਮੇਂ ਲਈ ਚੋਣ ਫਾਇਦੇ 'ਚੋਂ ਉਪਰ ਉਠਣ ਦੀ ਅਸਮਰੱਥਾ ਪ੍ਰਗਟ ਕਰਦਾ ਹੈ।
ਖੱਟਰ ਨੇ ਕੇਜਰੀਵਾਲ 'ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਆਰਥਕ ਹੱਲ ਲੱਭਣ 'ਚ ਨਾਕਾਮ ਰਹੀਆਂ ਹਨ, ਜਿਸ ਤੋਂ ਸਾਫ਼ ਹੈ ਕਿ ਕੇਜਰੀਵਾਲ ਨੂੰ ਵੀ ਪਤਾ ਹੈ ਕਿ ਉਨ੍ਹਾ ਦੀ ਸਰਕਾਰ ਨੇ ਇਸ ਬਾਰੇ ਕੋਈ ਕਦਮ ਨਹੀਂ ਚੁੱਕਿਆ।
ਖੱਟਰ ਕੇਜਰੀਵਾਲ ਦੇ ਉਸ ਪੱਤਰ ਦਾ ਜੁਆਬ ਦੇ ਰਹੇ ਸਨ, ਜਿਸ ਰਾਹੀਂ ਉਨ੍ਹਾ ਦਿੱਲੀ 'ਚ ਪ੍ਰਦੂਸ਼ਣ ਦੀ ਸਮੱਸਿਆ ਲਈ ਪੰਜਾਬ ਅਤੇ ਹਰਿਆਣਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਹਰਿਆਣਾ ਦੇ ਮੁੱਖ ਮੰਤਰੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਸੀ। ਖੱਟਰ ਨੇ ਕਿਹਾ ਕਿ ਦਿੱਲੀ 'ਚ 40 ਹਜ਼ਾਰ ਕਿਸਾਨ ਹਨ ਅਤੇ ਤਕਰੀਬਨ 40 ਹਜ਼ਾਰ ਹੈਕਟੇਅਰ ਰਕਬੇ 'ਚ ਖੇਤੀ ਕਰਦੇ ਹਨ। ਉਨ੍ਹਾ ਸੁਆਲ ਕੀਤਾ ਕਿ ਦਿੱਲੀ ਸਰਕਾਰ ਨੇ ਉਨ੍ਹਾਂ ਦੀ ਪਰਾਲੀ ਸਾੜਨ ਦੀ ਸਮੱਸਿਆ ਲਈ ਕੀ ਕੀਤਾ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਤੋਂ ਹਰਿਆਣਾ ਨੂੰ ਪਰਾਲੀ ਦੀ ਸਾਂਭ ਲਈ 45 ਕਰੋੜ ਰੁਪਏ ਮਿਲੇ ਅਤੇ ਉਨ੍ਹਾਂ 'ਚੋਂ 33 ਕਰੋੜ ਰੁਪਏ ਖ਼ਰਚੇ ਜਾ ਚੁੱਕੇ ਹਨ, ਜਦ ਕਿ ਪੰਜਾਬ ਨੇ ਕੇਂਦਰ ਤੋਂ ਮਿਲੇ 98 ਕਰੋੜ ਰੁਪਏ 'ਚੋਂ ਇੱਕ ਵੀ ਪੈਸਾ ਖ਼ਰਚ ਨਹੀਂ ਕੀਤਾ। ਉਨ੍ਹਾ ਕਿਹਾ ਕਿ ਸੈਟੇਲਾਈਟ ਤੋਂ ਮਿਲ ਰਹੀਆਂ ਤਸਵੀਰਾਂ ਤੋਂ ਸਾਫ਼ ਹੈ ਕਿ 2014 ਮਗਰੋਂ ਹਰਿਆਣਾ 'ਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ 'ਚ ਕਾਫ਼ੀ ਕਮੀ ਆਈ ਹੈ।