ਆਂਗਣਵਾੜੀ ਵਰਕਰਾਂ ਵੱਲੋਂ ਜੇਲ੍ਹ ਭਰੋ ਅੰਦੋਲਨ ਦੀਆਂ ਤਿਆਰੀਆਂ


ਸੰਗਰੂਰ (ਪ੍ਰਵੀਨ ਸਿੰਘ)
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਜ਼ਿਲ੍ਹਾ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਕੌਰ ਬਿੰਜੋਕੀ ਦੀ ਅਗਵਾਈ ਵਿੱਚ 3 ਤੋਂ 6 ਸਾਲ ਦੇ ਬੱਚਿਆਂ ਨੂੰ ਈ.ਸੀ.ਸੀ.ਈ ਪਾਲਸੀ ਤਹਿਤ ਆਂਗਣਵਾੜੀ ਸੈਂਟਰਾਂ ਵਿੱਚ ਹੀ ਰੱਖਿਆ ਜਾਵੇ ਅਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਰੋਜ਼ਗਾਰ ਦੀ ਗਾਰੰਟੀ ਯਕੀਨੀ ਬਣਾਈ ਜਾਵੇ। ਮੰਗਾਂ ਨੂੰ ਲੈ ਕੇ ਜੇਲ੍ਹ ਭਰੋ ਅੰਦੋਲਨ ਦੀਆਂ ਤਿਆਰੀਆਂ ਕਰਨ ਲਈ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਕੈਂਪ ਲਾ ਕੇ ਜੇਲ੍ਹ ਜਾਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰਾਂ ਅਤੇ ਹੈਲਪਰਾਂ ਨੇ ਪ੍ਰਣ ਪੱਤਰ ਭਰਿਆ। ਆਗੂਆਂ ਕਿਹਾ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੇ ਹੋਏ ਉਹਨਾਂ ਦੀ ਰੋਜ਼ੀ ਖੋਹ ਰਹੀ ਹੈ। ਉਨ੍ਹਾਂ ਕਿਹਾ ਸਰਕਾਰ ਦਾ ਵਤੀਰਾ ਆਂਗਣਵਾੜੀ ਵਰਕਰਾਂ ਨਾਲ ਪੱਖਪਾਤ ਵਾਲਾ ਹੈ, ਕਿਉਂਕਿ 52 ਦਿਨਾਂ ਤੋਂ ਪ੍ਰਾਂਤ ਦੀਆਂ 54,000 ਔਰਤਾਂ ਆਪਣੀ ਰੋਜ਼ਗਾਰ ਦੀ ਗਾਰੰਟੀ ਲਈ ਸੜਕਾਂ ਉੱਤੇ ਹਨ, ਪਰ ਮੁੱਖ ਮੰਤਰੀ ਕੋਲ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਕਰਨਾ ਤਾਂ ਦੂਰ ਦੀ ਗੱਲ ਹੈ। ਉਹਨਾਂ ਦੀ ਤਕਲੀਫ ਸੁਣਨ ਦਾ ਵੀ ਸਮਾਂ ਨਹੀਂ ਹੈ। ਉਹਨਾਂ ਕਿਹਾ ਕਿ ਸੰਘਰਸ਼ ਦੇ 52 ਦਿਨਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 4 ਵਾਰ ਮੀਟਿੰਗ ਦੇ ਕੇ ਰੱਦ ਕਰ ਚੁੱਕੇ ਹਨ ਅਤੇ ਕੈਬਨਿਟ ਮੰਤਰੀ ਖਾਤੂਨ ਰਜੀਆਂ ਸੁਲਤਾਨਾਂ ਵੱਲੋਂ 8 ਨਵੰਬਰ ਨੂੰ ਯੂਨੀਅਨ ਆਗੂਆਂ ਨਾਲ ਮੀਟਿੰਗ ਕਰਕੇ ਜੋ ਫੈਸਲੇ ਲਏ ਗਏ ਸਨ, ਉਹ ਹੁਕਮ ਅਜੇ ਤੱਕ ਜਾਰੀ ਨਹੀਂ ਕੀਤੇ ਗਏ, ਜਿਸ ਕਾਰਨ ਆਂਗਣਵਾੜੀ ਮੁਲਾਜ਼ਮਾਂ ਵਿੱਚ ਤਿੱਖਾ ਰੋਸ ਹੈ। ਉਹਨਾਂ ਕਿਹਾ ਕਿ ਇਸ ਰੋਸ ਨੂੰ ਹੋਰ ਵਿਸ਼ਾਲ ਅਤੇ ਤਿੱਖਾ ਰੂਪ ਦਿੰਦਿਆਂ ਜੇਲ੍ਹ ਭਰੋ ਅੰਦੋਲਨ ਸੰਬੰਧੀ ਪ੍ਰਣ ਪੱਤਰ ਭਰ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਅਗਾਊਂ ਸੂਚਿਤ ਕਰ ਬੇਨਤੀ ਪੱਤਰ ਸੌਂਪੇ ਗਏ, ਜਿਸ ਵਿੱਚ 14 ਨਵੰਬਰ ਨੂੰ ਜੇਕਰ ਮੁੱਖ ਮੰਤਰੀ ਵੱਲੋਂ ਯੂਨੀਅਨ ਨਾਲ ਰੱਖੀ ਮੀਟਿੰਗ ਰੱਦ ਕੀਤੀ ਗਈ ਜਾਂ ਬੇਸਿੱਟਾ ਸਾਬਿਤ ਹੁੰਦੀ ਹੈ ਤਾਂ 15 ਨਵੰਬਰ ਤੋਂ ਜੇਲ੍ਹਾਂ ਭਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 3 ਤੋਂ 6 ਸਾਲ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਸੈਂਟਰਾਂ ਵਿੱਚ ਯਕੀਨੀ ਬਣਾਉਣਾ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣਭੱਤੇ ਵਿੱਚ ਵਾਧਾ ਕੀਤਾ ਜਾਵੇ, ਪੈਨਸ਼ਨ ਅਤੇ ਗਰੈਚੂਟੀ ਦੀ ਗਾਰੰਟੀ ਦਿੱਤੀ ਜਾਵੇ, ਆਂਗਣਵਾੜੀ ਕੇਂਦਰਾਂ ਵਿੱਚ ਪੀਣ ਦੇ ਪਾਣੀ, ਪਖਾਨਿਆਂ ਅਤੇ ਬਿਜਲੀ ਦਾ ਪ੍ਰਬੰੰਧ ਕੀਤਾ ਜਾਵੇ। ਇਸ ਪ੍ਰੋਗਰਾਮ ਨੂੰ ਮੁੱਖ ਆਗੂਆਂ ਤੋਂ ਬਿਨਾਂ ਸੁਰਿੰਦਰ ਕੌਰ ਮੰਡੇਰ, ਸ਼ਿੰਦਰ ਕੌਰ ਬੜੀ, ਰਣਜੀਤ ਕੌਰ ਚੰਨੋ, ਛੱਤਰਪਾਲ ਕੌਰ, ਤ੍ਰਿਸ਼ਨਜੀਤ ਕੌਰ, ਕਮਲਜੀਤ ਕੌਰ, ਪਰਮਜੀਤ ਕੌਰ ਖੇੜੀ, ਸਰਬਜੀਤ ਕੌਰ ਸੰਗਰੂਰ, ਆਸ਼ਾ ਧੂਰੀ, ਸਰੋਜ ਧੂਰੀ ਆਦਿ ਨੇ ਸੰਬੋਧਨ ਕੀਤਾ।
ਆਂਗਣਵਾੜੀ ਵਰਕਰਾਂ ਵੱਲੋਂ ਜੇਲ੍ਹ ਜਾਣ ਲਈ ਪ੍ਰਣ ਪੱਤਰ ਭਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਗੇਟਾਂ ਅੱਗੇ ਭਾਰੀ ਇਕੱਠ ਕੀਤਾ, ਜਿਸ ਨੂੰ ਦੇਖਦਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਪ੍ਰੇਮ ਬਸਤੀ ਰੋਡ ਦੇ ਤਿੰਨੇ ਗੇਟਾਂ ਨੂੰ ਜਿੰਦਰੇ ਮਾਰ ਦਿੱਤੇ। ਗੇਟ ਬੰਦ ਕਰਨ ਕਾਰਨ ਪ੍ਰਬੰਧਕੀ ਕੰਪਲੈਕਸ 'ਚ ਆਉਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।