ਲੁਧਿਆਣਾ ਰੈਲੀ, ਮੋਗਾ 'ਚ ਜਨਰਲ ਬਾਡੀ ਮੀਟਿੰਗ ਅੱਜ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਲੁਧਿਆਣਾ ਰੈਲੀ ਦੀਆਂ ਤਿਆਰੀਆਂ ਅੰਤਿਮ ਪੜਾਵਾਂ 'ਤੇ ਹੋਰ ਵੀ ਵਧੇਰੇ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਇਸ ਵਾਸਤੇ ਮੋਗਾ, ਫਰੀਦਕੋਟ, ਮੁਕਤਸਰ ਜ਼ਿਲ੍ਹਿਆਂ ਦੇ ਸਾਥੀਆਂ ਨੂੰ ਲਾਮਬੰਦ ਕਰਨ ਲਈ ਅੱਜ 15 ਨਵੰਬਰ ਨੂੰ ਮੋਗਾ 'ਚ ਸ਼ਹੀਦ ਬਾਈ ਨਛੱਤਰ ਭਵਨ ਵਿਖੇ ਭਰਵੀਂ ਸਾਂਝੀ ਜਨਰਲ ਬਾਡੀ ਮੀਟਿੰਗ ਵਿਚ ਕੌਮੀ ਸਕੱਤਰੇਤ ਦੀ ਮੈਂਬਰ ਕਾਮਰੇਡ ਅਮਰਜੀਤ ਕੌਰ ਸੰਬੋਧਨ ਕਰਨਗੇ।
ਇਹ ਜਾਣਕਾਰੀ ਦਿੰਦਿਆਂ ਸੀ ਪੀ ਆਈ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਗੁਰਨਾਮ ਕੰਵਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਲੱਗਭੱਗ ਸਾਰੇ ਜ਼ਿਲ੍ਹਿਆਂ ਦੀਆਂ ਜ਼ਿਲ੍ਹਾ ਕੌਂਸਲਾਂ ਅਤੇ ਜਨਰਲ ਬਾਡੀ ਮੀਟਿੰਗਾਂ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਕੇਂਦਰੀ ਆਗੂ ਸਰਵਸਾਥੀ ਸ਼ਮੀਮ ਫੈਜ਼ੀ, ਅਤੁਲ ਕੁਮਾਰ ਅਣਜਾਣ ਅਤੇ ਅਮਰਜੀਤ ਕੌਰ, ਕੌਮੀ ਕਾਰਜਕਾਰਨੀ ਮੈਂਬਰ ਡਾਕਟਰ ਜੋਗਿੰਦਰ ਦਿਆਲ ਅਤੇ ਸੂਬਾ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਅਤੇ ਦੂਜੇ ਕੌਮੀ ਕੌਂਸਲ ਮੈਂਬਰ ਸਾਥੀ ਭੂਪਿੰਦਰ ਸਾਂਬਰ, ਸਾਥੀ ਬੰਤ ਸਿੰਘ ਬਰਾੜ, ਸਾਥੀ ਜਗਰੂਪ ਸਿੰਘ, ਸਾਥੀ ਨਿਰਮਲ ਸਿੰਘ ਧਾਲੀਵਾਲ ਸੰਬੋਧਨ ਕਰ ਚੁੱਕੇ ਹਨ। ਮਾਲਵੇ ਦੇ ਮਹੱਤਵਪੂਰਨ ਜ਼ਿਲ੍ਹਿਆਂ ਮੋਗਾ, ਫਰੀਦਕੋਟ, ਮੁਕਤਸਰ, ਜਿਨ੍ਹਾਂ ਦੀ ਕੁੱਲ ਮੈਂਬਰਸ਼ਿਪ 3000 ਤੋਂ ਵੱਧ ਹੈ, ਦੀ ਸਾਂਝੀ ਮੀਟਿੰਗ ਨੂੰ ਬੀਬੀ ਅਮਰਜੀਤ ਕੌਰ ਤੋਂ ਇਲਾਵਾ ਸਾਥੀ ਹਰਦੇਵ ਸਿੰਘ ਅਰਸ਼ੀ ਅਤੇ ਸਾਥੀ ਜਗਰੂਪ ਸਿੰਘ ਵੀ ਸੰਬੋਧਨ ਕਰਨਗੇ।