ਮਹਿੰਗਾਈ ਦਰ 'ਚ ਭਾਰੀ ਵਾਧਾ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪਰਚੂਨ ਮਹਿੰਗਾਈ ਦਰ ਦੇ 7 ਮਹੀਨਿਆਂ ਦੇ ਉੱਚੇ ਪੱਧਰ 'ਤੇ ਪੁੱਜਣ ਮਗਰੋਂ ਥੋਕ ਮਹਿੰਗਾਈ ਦਰ 'ਚ ਭਾਰੀ ਵਾਧਾ ਹੋਇਆ ਹੈ। ਅਕਤੂਬਰ ਮਹੀਨੇ ਥੋਕ ਮਹਿੰਗਾਈ ਦਰ 6 ਮਹੀਨੇ ਦੇ ਸਰਬ ਉੱਚ ਪੱਧਰ 'ਤੇ ਪੁੱਜ ਗਈ ਹੈ। ਅਕਤੂਬਰ ਮਹੀਨੇ ਥੋਕ ਮਹਿੰਗਾਈ ਦਰ 3.54 ਫੀਸਦੀ ਰਹੀ, ਜਦ ਕਿ ਸਤੰਬਰ 'ਚ ਇੱਕ ਅੰਕੜਾ 2.6 ਫੀਸਦੀ ਸੀ। ਥੋਕ ਮਹਿੰਗਾਈ ਦਰ 'ਚ ਵਾਧੇ ਲਈ ਖੁਰਾਕ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਵਾਧੇ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਵਪਾਰ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਖੁਰਾਕੀ ਉਤਪਾਦਾਂ ਦੀ ਦਰ ਵਧ ਕੇ 3.23 ਫੀਸਦੀ 'ਤੇ ਪਹੁੰਚ ਗਈ ਹੈ, ਜਦ ਕਿ ਸਤੰਬਰ 'ਚ ਇਹ ਦਰ 1.99 ਫੀਸਦੀ ਸੀ। ਅਕਤੂਬਰ ਮਹੀਨੇ 'ਚ ਸਬਜ਼ੀਆਂ ਦਾ ਸੂਚਕ ਅੰਕ ਵੀ 19.9 ਦੇ ਪੱਧਰ 'ਤੇ ਪੁੱਜ ਗਿਆ ਹੈ।
ਥੋਕ ਮਹਿੰਗਾਈ ਸੂਚਕ ਅੰਕ ਦੇ ਪ੍ਰਮੁੱਖ ਉਤਪਾਦ ਅਕਤੂਬਰ ਮਹੀਨੇ 3.33 ਫੀਸਦੀ 'ਤੇ ਪੁੱਜ ਗਏ, ਜਦ ਕਿ ਸਤੰਬਰ ਮਹੀਨੇ ਇਹ ਦਰ 0.15 ਫੀਸਦੀ ਸੀ। ਇਸ ਤੋਂ ਪਹਿਲਾਂ ਮੰਤਰਾਲੇ ਨੇ ਪਰਚੂਨ ਮਹਿੰਗਾਈ ਦਰ ਦੇ ਅੰਕੜੇ ਪੇਸ਼ ਕੀਤੇ ਸਨ। ਅਕਤੂਬਰ ਮਹੀਨੇ ਪਰਚੂਨ ਮਹਿੰਗਾਈ ਦਰ ਵੀ 7 ਮਹੀਨਿਆਂ ਦੇ ਸਰਬ ਉੱਚ ਪੱਧਰ 'ਤੇ ਪੁੱਜ ਗਈ ਸੀ। ਮਾਹਰਾਂ ਅਨੁਸਾਰ ਮਹਿੰਗਾਈ 'ਚ ਵਾਧੇ ਨੂੰ ਦੇਖਦਿਆਂ ਰਿਜ਼ਰਵ ਬੈਂਕ ਵੱਲੋਂ ਅਗਲੇ ਮਹੀਨੇ ਮੁਦਰਾ ਸਮੀਖਿਆ ਦੌਰਾਨ ਵਿਆਜ ਦਰਾਂ 'ਚ ਕਟੌਤੀ ਦੀ ਸੰਭਾਵਨਾ ਘਟ ਗਈ ਹੈ।