ਹਾਰਦਿਕ ਦੀ ਇੱਕ ਹੋਰ ਸੀ ਡੀ ਆਈ ਸਾਹਮਣੇ


ਅਹਿਮਦਾਬਾਦ (ਨਵਾਂ ਜ਼ਮਾਨਾ ਸਰਵਿਸ)
ਗੁਜਰਾਤ ਚੋਣਾਂ ਤੋਂ ਪਹਿਲਾਂ ਪਾਟੀਦਾਰ ਨੇਤਾ ਹਾਰਦਿਕ ਪਟੇਲ ਸੈਕਸ ਸੀ ਡੀ ਮਾਮਲੇ 'ਚ ਫਸਦੇ ਜਾ ਰਹੇ ਹਨ। ਅੱਜ ਹਾਰਦਿਕ ਪਟੇਲ ਦੀ ਇੱਕ ਹੋਰ ਸੈਕਸ ਸੀ ਡੀ ਸਾਹਮਣੇ ਆਈ ਹੈ। ਇਹ ਵੀਡੀਓ 22 ਮਈ ਦਾ ਦੱਸਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਵੀ ਹਾਰਦਿਕ ਪਟੇਲ ਦਾ ਇੱਕ ਵੀਡੀਓ ਨੀਕ ਹੋਇਆ ਸੀ। ਤਾਜ਼ਾ ਸੀ ਡੀ 'ਚ ਹਾਰਦਿਕ ਪਟੇਲ ਆਪਣੇ ਕਈ ਸਾਥੀਆਂ ਅਤੇ ਇੱਕ ਮਹਿਲਾ ਸਾਥੀ ਨਾਲ ਦਿਖਾਈ ਦੇ ਰਹੇ ਹਨ।
ਕੱਲ੍ਹ ਪੂਰੇ ਮਾਮਲੇ 'ਤੇ ਸਫਾਈ ਦਿੰਦਿਆਂ ਹਾਰਦਿਕ ਪਟੇਲ ਨੇ ਕਿਹਾ ਸੀ ਕਿ ਮੈਂ ਮਰਦ ਹਾਂ ਨਾਮਰਦ ਨਹੀਂ, ਜੋ ਕਰਾਂਗਾ ਠੋਕ ਵਾਜੇ ਕੇ ਕਰਾਂਗਾ। ਉਨ੍ਹਾ ਇਸ ਨੂੰ ਗੰਦੀ ਸਿਆਸਤ ਦੱਸਦਿਆਂ ਕਿਹਾ ਕਿ ਉਹਨਾ ਦੀ ਜਿਹੜੀ ਸੀ ਡੀ ਆਈ ਹੈ, ਉਹ ਫਰਜੀ ਹੈ ਅਤੇ ਭਾਜਪਾ ਦੀ ਗੰਦੀ ਸਿਆਸਤ ਦਾ ਹਿੱਸਾ ਹੈ। ਭਾਜਪਾ ਨੇ ਮੇਰੀ ਨਿੱਜੀ ਜ਼ਿੰਦਗੀ 'ਤੇ ਹਮਲਾ ਕੀਤਾ ਹੈ। ਉਨ੍ਹਾ ਕਿਹਾ ਕਿ ਭਾਜਪਾ 'ਚ ਅਜਿਹਾ ਕਰਨ ਵਾਲੇ ਕਈ ਲੋਕ ਹਨ। ਉਨ੍ਹਾ ਕਿਹਾ ਕਿ ਭਾਜਪਾ ਵਾਲੇ ਬਦਨਾਮ ਕਰਨ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਅਜਿਹਾ ਕਰਕੇ ਭਾਜਪਾ ਵੱਲੋਂ ਗੁਜਰਾਤ ਦੀਆਂ ਔਰਤਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ।
ਮਗਰੋਂ ਇੱਕ ਟਵੀਟ ਰਾਹੀਂ ਹਾਰਦਿਕ ਪਟੇਲ ਨੇ ਕਿਹਾ, 'ਜਿਸ ਨੇ ਜੋ ਕਰਨਾ ਹੈ ਕਰ ਲਵੇ, ਮੈਂ ਪਿੱਛੇ ਹਟਣ ਵਾਲਾ ਨਹੀਂ ਅਤੇ ਜੰਮ ਕੇ ਲੜਣ ਵਾਲਾ ਆਦਮੀ ਹਾਂ। 23 ਸਾਲ ਦਾ ਹਾਰਦਿਕ ਹੁਣ ਵੱਡਾ ਹੋ ਰਿਹਾ ਹੈ। ਮੈਨੂੰ ਬਦਨਾਮ ਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ।'