ਬਜ਼ੁਰਗ ਕਮਿਊਨਿਸਟ ਅਜਮੇਰ ਸਿੰਘ ਦਾ ਦੇਹਾਂਤ


ਬਰੇਟਾ (ਰੀਤਵਾਲ)
ਮੁਜਾਰਾ ਲਹਿਰ ਵਿੱਚ ਸਰਗਰਮੀ ਨਾਲ ਕੰਮ ਕਰਨ ਵਾਲੇ ਬਜ਼ੁਰਗ ਕਾਮਰੇਡ ਅਜਮੇਰ ਸਿੰਘ (ਬਿਜਲਾ ਸਿੰਘ) 90 ਦਾ ਦੇਹਾਂਤ ਹੋ ਗਿਆ ਅਤੇ ਉਨ੍ਹਾਂ ਦਾ ਅੰਤਮ ਸੰਸਕਾਰ ਜੱਦੀ ਪਿੰਡ ਬਖਸ਼ੀਵਾਲਾ ਵਿਖੇ ਕੀਤਾ ਗਿਆ। ਇਸ ਸਮੇਂ ਸੀ.ਪੀ.ਆਈ ਦੇ ਸੂਬਾ ਕਾਰਜਕਾਰਨੀ ਮੈਂਬਰ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਅਤੇ ਸਹਾਇਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਦੀ ਅਗਵਾਈ ਹੇਠ ਪਾਰਟੀ ਦਾ ਲਾਲ ਝੰਡਾ ਪਾ ਕੇ ਉਨ੍ਹਾਂ ਨੂੰ ਅੰਤਮ ਵਿਦਾਇਗੀ ਦਿੱਤੀ ਗਈ ਅਤੇ ਉਸ ਸਮੇਂ ਇਨਕਲਾਬ-ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਸਮੇਂ ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁਜਾਰਾ ਲਹਿਰ ਦੌਰਾਨ ਸਾਥੀ ਅਜਮੇਰ ਸਿੰਘ ਨੇ ਬੇ-ਜ਼ਮੀਨਿਆਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹੱਕ ਦੁਆਉਣ ਲਈ ਲੰਮਾ ਸੰਘਰਸ਼ ਲਾਲ ਝੰਡੇ ਦੀ ਅਗਵਾਈ ਹੇਠ ਲੜਿਆ ਅਤੇ ਅੰਤਮ ਸਾਹਾਂ ਤੱਕ ਕਿਰਤੀ ਵਰਗ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਦੇ ਰਹੇ। ਕਾਮਰੇਡ ਅਜਮੇਰ ਸਿੰਘ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਪਰਮਜੀਤ ਸਿੰਘ, ਚਰਨਜੀਤ ਸਿੰਘ ਅਤੇ ਕਾਕੂ ਨੇ ਦਿੱਤੀ। ਕਾਮਰੇਡ ਅਜਮੇਰ ਸਿੰਘ ਦੇ ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ, ਸੀ.ਪੀ.ਆਈ ਦੇ ਵਰਕਰਾਂ ਤੋਂ ਇਲਾਵਾ ਕਰਮਜੀਤ ਸਿੰਘ ਕਿਸ਼ਨਗੜ੍ਹ, ਸੁਲੱਖਣ ਸਿੰਘ ਕਾਹਨਗੜ੍ਹ, ਮਲਕੀਤ ਸਿੰਘ, ਵੇਦ ਪ੍ਰਕਾਸ਼, ਸੁਰੇਸ਼ ਕੁਮਾਰ, ਭਾਗ ਸਿੰਘ, ਕਰਮ ਚੰਦ, ਗੁਰਜੰਟ ਸਿੰਘ ਅਤੇ ਦਰਸ਼ਨ ਸਿੰਘ ਬਖਸ਼ੀਵਾਲਾ ਆਦਿ ਹਾਜ਼ਰ ਸਨ।